ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਮੜਨ ਵਾਲੇ ਕੇਜਰੀਵਾਲ ਹੁਣ ਚੁੱਪ ਕਿਉਂ : ਤਰੁਣ ਚੁੱਘ

Monday, Nov 06, 2023 - 08:19 PM (IST)

ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਮੜਨ ਵਾਲੇ ਕੇਜਰੀਵਾਲ ਹੁਣ ਚੁੱਪ ਕਿਉਂ : ਤਰੁਣ ਚੁੱਘ

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦਿੱਲੀ ਵਿਚ ਧੂੰਏਂ ਕਾਰਨ ਵਧ ਰਹੇ ਹਵਾ ਪ੍ਰਦੂਸ਼ਣ ਲਈ ਹੁਣ ਉਹ ਕਿਸ ਨੂੰ ਜ਼ਿੰਮੇਵਾਰ ਠਹਿਰਾਉਣਗੇ।

ਕੇਜਰੀਵਾਲ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਚੁੱਘ ਨੇ ਕਿਹਾ ਕਿ ਉਹ ਹਰ ਸਾਲ ਦਿੱਲੀ ਵਿਚ ਧੂੰਏਂ ਨੂੰ ਲੈ ਕੇ ਪੰਜਾਬ 'ਤੇ ਬੇਬੁਨਿਆਦ ਦੋਸ਼ ਮੜਦੇ ਰਹਿੰਦੇ ਸਨ। ਪੰਜਾਬ ਵਿਚ ਭਾਵੇਂ ਅਕਾਲੀ-ਭਾਜਪਾ ਸਰਕਾਰ ਹੋਵੇ ਜਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ, ਕੇਜਰੀਵਾਲ ਨੇ ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਿਚ ਕੋਈ ਕਸਰ ਨਹੀਂ ਛੱਡੀ।

ਭਾਜਪਾ ਦੇ ਸੀਨੀਅਰ ਨੇਤਾ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਣ ਉਨ੍ਹਾਂ ਨੇ ਆਪਣੇ ਬੁੱਲ੍ਹਾਂ ਨੂੰ ਤੋਪੇ ਲਾ ਲਏ। ਚੁੱਘ ਨੇ ਕਿਹਾ ਕਿ ‘ਆਪ‘ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੀ ਪਰਾਲੀ ਦਾ ਕਥਿਤ ਧੂੰਆਂ ਹੁਣ ਦਿੱਲੀ ਨਹੀਂ ਜਾ ਰਿਹਾ ਹੈ।

ਚੁੱਘ ਨੇ ਕੇਜਰੀਵਾਲ ’ਤੇ ਤੰਜ ਕਸਿਆ ਕਿ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਚੁੱਪ ਪਿੱਛੇ ਵੱਡਾ ਕਾਰਨ ਇਹ ਹੈ ਕਿ ਉਹ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਦੇ ਸਰੋਤਾਂ ਦੀ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦੁਰਵਰਤੋਂ ਕਰ ਰਹੇ ਹਨ। ਭਗਵੰਤ ਮਾਨ ਪੰਜਾਬੀਆਂ ਵਲੋਂ ਆਪਣੇ ਖੂਨ-ਪਸੀਨੇ ਨਾਲ ਸੂਬੇ ਦੇ ਖਜ਼ਾਨੇ ਵਿਚ ਦਿੱਤੇ ਟੈਕਸ ਨਾਲ ਚਲ ਰਹੇ ਹੈਲੀਕਾਪਟਰ ਵਿਚ ਕੇਜਰੀਵਾਲ ਨੂੰ ਚੋਣਾਂ ਵਾਲੇ ਸੂਬਿਆਂ ਵਿਚ ਘੁੰਮਾ ਰਹੇ ਹਨ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਇਸ ਸਿਆਸੀ ਸੈਰਸਪਾਟੇ ਨਾਲ ਪੰਜਾਬ ’ਤੇ ਰੋਜ਼ਾਨਾ ਲੱਖਾਂ ਰੁਪਏ ਦਾ ਬੋਝ ਵਧ ਰਿਹਾ ਹੈ ਪਰ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਦੇ ਚੱਕਰ ਵਿਚ ਆਪਣੇ ਆਕਾ ਨੂੰ ਕਦੇ ਮੱਧ ਪ੍ਰਦੇਸ਼ ਕਦੇ ਰਾਜਸਥਾਨ ਤਾਂ ਕਦੇ ਛੱਤੀਸਗੜ੍ਹ ਲਿਜਾਣ ਤੋਂ ਮਨ੍ਹਾ ਨਹੀਂ ਕਰ ਪਾ ਰਹੇ।


author

Rakesh

Content Editor

Related News