ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ-ਦਲ ''ਚ ਧੱਕਣ ਦਾ ਜ਼ਿੰਮੇਵਾਰ ਕੌਣ?

02/20/2018 7:51:26 AM

ਖਡੂਰ ਸਾਹਿਬ,  (ਕੁਲਾਰ)-  ਅੱਜ ਦੇ ਸਮੇਂ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੇ ਆਪਣੀ ਪਕੜ 'ਚ ਇਸ ਕਦਰ ਜਕੜਿਆ ਹੋਇਆ ਹੈ ਕਿ ਪੁੱਤਰ ਨਸ਼ਿਆਂ ਦੀ ਖਾਤਰ ਆਪਣੇ ਮਾਤਾ-ਪਿਤਾ ਤੱਕ ਨੂੰ ਬਖਸ਼ ਨਹੀਂ ਰਹੇ। ਨਸ਼ੇ ਦੀ ਪੂਰਤੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਫਿਰ ਭਾਵੇਂ ਮਾਮਲਾ ਕਤਲ ਤੱਕ ਦਾ ਹੀ ਕਿਉਂ ਨਾ ਹੋਵੇ। ਸਾਡੇ ਸਮਾਜ 'ਚ ਨਸ਼ਾ ਰੂਪੀ ਕੋਹੜ ਨੇ ਆਪਣੀ ਪੂਰੀ ਧੌਂਸ ਜਮਾ ਲਈ ਹੈ ਅਤੇ ਸਰਕਾਰਾਂ ਵੀ ਨੌਜਵਾਨਾਂ ਨੂੰ ਇਸ ਨਸ਼ੇ ਦੇ ਕੋਹੜ ਤੋਂ ਬਚਾਉਣ 'ਚ ਅਸਫਲ ਸਾਬਤ ਹੋ ਰਹੀਆਂ ਹਨ। ਹੁਣ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਾ ਰੂਪੀ ਦੈਂਤ ਨਿਗਲ ਚੁੱਕਾ ਹੈ ਅਤੇ ਬਹੁਤ ਸਾਰੇ ਨੌਜਵਾਨ ਮੌਤ ਦੇ ਕੰਢੇ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਸਰਕਾਰਾਂ ਸਿਰਫ ਤੇ ਸਿਰਫ ਤਮਾਸ਼ਾ ਦੇਖ ਰਹੀਆਂ ਹਨ।
 ਸਾਡੀਆਂ ਸਮਾਜ ਸੇਵੀ ਤੇ ਧਾਰਮਕ ਜਥੇਬੰਦੀਆਂ ਵੀ ਕੁਝ ਨਹੀਂ ਕਰ ਰਹੀਆਂ। ਨਸ਼ਾ ਜੜ੍ਹ ਤੋਂ ਖਤਮ ਕਰਨ ਲਈ ਸੈਮੀਨਾਰ ਹੀ ਕਾਫੀ ਨਹੀਂ ਹਨ ਅਤੇ ਨਾ ਹੀ ਧੱਕੇ ਨਾਲ ਨਸ਼ਾ ਛਡਾਊ ਕੈਂਪਾਂ 'ਚ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਭਰਤੀ ਕਰਵਾਉਣਾ। ਇਲਾਜ ਤੋਂ ਪਹਿਲਾਂ ਲੋੜ ਹੈ ਸਾਨੂੰ ਰੋਗ ਦੀ ਜੜ੍ਹ ਤੱਕ ਜਾਣ ਦੀ ਕਿ ਇਹ ਨੌਜਵਾਨ ਨਸ਼ੇ ਦੇ ਦਰਿਆ 'ਚ ਡੁਬਕੀ ਕਿਉਂ ਲਾਉਂਦੇ ਹਨ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ-ਦਲ 'ਚ ਧੱਕਣ ਦਾ ਜ਼ਿੰਮੇਵਾਰ ਕੌਣ ਹੈ? ਜਿਥੋਂ ਤੱਕ 'ਜਗ ਬਾਣੀ' ਦੀ ਟੀਮ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ ਉਹ ਹੈਰਾਨ ਕਰਨ ਵਾਲੀ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਸ਼ਾ ਪੁਰਾਣੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ ਪਰ ਅੱਜ ਦੇ ਸਮੇਂ ਅਤੇ ਪੁਰਾਣੇ ਸਮੇਂ ਦੇ ਨਸ਼ੇ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ। ਪੁਰਾਣੇ ਸਮੇਂ 'ਚ  ਸ਼ਰਾਬ, ਭੁੱਕੀ, ਅਫੀਮ ਤੇ ਭੰਗ ਦਾ ਨਸ਼ਾ ਹੁੰਦਾ ਸੀ ਪਰ ਅੱਜ ਦੇ ਸਮੇਂ 'ਚ ਹੈਰੋਇਨ, ਸਮੈਕ, ਟੀਕੇ, ਗੋਲੀਆਂ ਆਦਿ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।
 ਹੈਰੋਇਨ ਤੇ ਸਮੈਕ ਵਰਗੇ ਮਹਿੰਗੇ ਨਸ਼ੇ ਨੇ ਤਾਂ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ। ਉਕਤ ਨਸ਼ੇ ਨਾਲ ਨੌਜਵਾਨ ਨਾਮਰਦ ਬਣ ਰਹੇ ਹਨ। ਸਮੈਕ ਪਾਣੀ 'ਚ ਘੋਲ-ਘੋਲ ਟੀਕੇ ਲਾਉਣ ਨਾਲ ਅਨੇਕਾਂ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ ਜੋ ਅਜੇ ਵੀ ਨਿਰੰਤਰ ਜਾਰੀ ਹੈ। 
'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਨਸ਼ਾ ਰੂਪੀ ਕੋਹੜ ਨੂੰ ਖਤਮ ਕਰਨ ਬਾਰੇ ਵੱਖ-ਵੱਖ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਤੋਂ ਆਸ ਲਾਹ ਕੇ ਨੌਜਵਾਨਾਂ ਨੂੰ ਸਹਾਇਕ ਧੰਦੇ ਆਪਨਾਉਣੇ ਚਾਹੀਦੇ ਹਨ, ਜਿਸ ਨਾਲ ਨੌਜਵਾਨਾਂ ਦਾ ਮਨ ਕੰਮ 'ਚ ਲੱਗਾ ਰਹੇਗਾ। ਬਾਕੀ ਜੋ ਨੌਜਵਾਨ ਨਸ਼ਿਆਂ 'ਚ ਡੁੱਬ ਚੁੱਕੇ ਹਨ ਉਨ੍ਹਾਂ ਨੂੰ ਬਚਾਉਣ ਲਈ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਕਮੁੱਠ ਹੋ ਕਮੇਟੀਆਂ ਬਣਾਉਣ ਅਤੇ ਸਖਤੀ ਨਾਲ ਨਸ਼ਾ ਵੇਚਣ ਵਾਲੇ ਸੌਦਾਗਰਾਂ ਦਾ ਵਿਰੋਧ ਕਰਨ। ਇਸ ਮੌਕੇ ਆਮ ਲੋਕਾਂ ਨੇ ਕਿਹਾ ਕਿ ਜੇਕਰ ਪੰਜਾਬ ਵਾਸੀ ਇਕੱਠੇ ਹੋ ਕੇ ਮਾਰੂ ਨਸ਼ਿਆਂ ਖਿਲਾਫ ਡਟ ਜਾਣ ਤਾਂ ਨਸ਼ਾ ਖਤਮ ਹੋ ਸਕਦਾ ਹੈ।


Related News