ਅਕਾਲੀ ਦਲ ਨੇ ਮਾਂ ਬੋਲੀ ਦੀ ਤਰੱਕੀ ਲਈ ਲੜਿਆ ਸੀ ਪੰਜਾਬੀ ਸੂਬੇ ਲਈ ਅੰਦੋਲਨ: ਸਰਨਾ

06/19/2024 8:29:56 AM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਲੰਘੀ 16 ਜੂਨ ਨੂੰ ਇਕ ਅਖ਼ਬਾਰ ਦੇ ਹਫ਼ਤਾਵਾਰੀ ਅੰਕ ਵਿਚ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਲਈ ਕੀਤੇ ਸੰਘਰਸ਼ ਨੂੰ ਅੱਤ ਦੇ ਇਕਪਾਸੜ ਤੇ ਨਾਂਹਵਾਚਕ ਬਿਰਤੀ ਨਾਲ ਪੇਸ਼ ਕਰਦਾ ਇਕ ਲੇਖ ਛਪਿਆ ਸੀ। ਇਹ ਕਹਿਣਾ ਕਿ ਪੰਜਾਬੀ ਸੂਬਾ ਸਿਰਫ ਅਕਾਲੀ ਦਲ ਨੇ ਰਾਜਸੀ ਸੱਤਾ ਹਾਸਲ ਕਰਨ ਲਈ ਲਿਆ ਹੈ, ਇਹ ਬਿਰਤਾਂਤ ਹੀ ਬੇਈਮਾਨੀ ਭਰਿਆ ਹੈ। ਮੈਂ ਉਸ ਲੇਖ ਦੇ ਲੇਖਕ ਤੇ ਅਖ਼ਬਾਰ ਦੇ ਪਾਠਕਾਂ ਨੂੰ ਦੱਸਣਾ ਚਾਹਾਂਗਾ ਕਿ ਪੰਜਾਬੀ ਸੂਬੇ ਲਈ ਅਕਾਲੀ ਦਲ ਨੂੰ ਉਦੋਂ ਸੰਘਰਸ਼ ਕਰਨਾ ਪਿਆ ਜਦੋਂ ਭਾਰਤ ਦੇ ਹੁਕਮਰਾਨ 1947 ਦੀ ਵੰਡ ਵੇਲੇ ਸਿੱਖ ਕੌਮ ਨਾਲ ਉੱਤਰ ਭਾਰਤ ਵਿਚ 'ਵਿਸ਼ੇਸ ਖਿੱਤਾ' ਦੇਣ ਦਾ ਵਾਅਦਾ ਕਰਕੇ ਬਾਅਦ ਵਿਚ ਭਾਸ਼ਾ ਦੇ ਆਧਾਰ 'ਤੇ ਹੋਰ ਸੂਬੇ ਬਣਾਉਣ ਦੇ ਬਾਵਜੂਦ ਪੰਜਾਬੀ ਬੋਲੀ ਦੇ ਆਧਾਰ 'ਤੇ ਸੂਬਾ ਦੇਣ ਤੋਂ ਮੁਨਕਰ ਹੋ ਗਏ ਸਨ। ਕੀ ਉਹ ਦੱਸਣਗੇ ਕਿ ਕੀ ਭਾਸ਼ਾ ਦੇ ਆਧਾਰ 'ਤੇ ਜਦੋਂ ਭਾਰਤ ਵਿਚ ਹੋਰ ਸੂਬੇ ਹੋਂਦ ਵਿਚ ਆਏ ਤਾਂ ਪੰਜਾਬੀ ਸੂਬਾ ਕਿਉਂ ਨਹੀਂ ਬਣਿਆ ?

ਉਨ੍ਹਾਂ ਆਪਣੇ ਲੇਖ ਦੀ ਸ਼ੁਰੂਆਤ ਵਿਚ ਅੰਕੜਿਆਂ ਦਾ ਜ਼ਿਕਰ ਕਰਦਿਆਂ ਪੰਜਾਬ ਵਿਧਾਨ ਸਭਾ ਤੇ ਭਾਰਤੀ ਸੰਸਦ ਵਿਚ ਅਕਾਲੀ ਨੁਮਾਇੰਦਿਆਂ ਦੇ ਘਟੇ ਅਨੁਪਾਤ ਤੋਂ ਗੱਲ ਸ਼ੁਰੂ ਕਰਕੇ ਇਹ ਮਸਲਾ ਉਭਾਰਨ ਦੀ ਕੋਸ਼ਿਸ਼ ਕੀਤੀ ਕਿ ਅਕਾਲੀਆਂ ਨੇ ਸਿਰਫ ਰਾਜਸੀ ਸੱਤਾ ਲਈ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅੰਦੋਲਨ ਲੜਿਆ ਸੀ ਤੇ ਅੱਜ ਅਕਾਲੀ ਦਲ ਉਸੇ ਸੂਬੇ ਵਿਚ ਸਿਮਟ ਕੇ ਰਹਿ ਗਿਆ ਹੈ ਪਰ ਮੈਂ ਜਾਣਕਾਰੀ ਲਈ ਦੱਸ ਦਿਆਂ ਕੇ ਪੰਜਾਬੀ ਸੂਬੇ ਲਈ ਅੰਦੋਲਨ ਅਕਾਲੀ ਦਲ ਨੇ ਮਾਂ ਬੋਲੀ ਪੰਜਾਬੀ ਦੀ ਤਰੱਕੀ ਤੇ ਇਸ 'ਤੇ ਪਾਏ ਜਾ ਰਹੇ ਹਿੰਦੀ ਦੇ ਗਲਬੇ ਦੇ ਖ਼ਿਲਾਫ਼ ਲੜਿਆ ਸੀ ਤੇ ਅੱਜ ਜਦੋਂ ਅਸੀ ਪੂਰੇ ਉਤਰੀ ਭਾਰਤੀ ਖਿੱਤੇ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਖਿੱਤੇ ਦੀਆਂ ਬਹੁਤ ਸਾਰੀਆਂ ਸਥਾਨਕ ਭਾਸ਼ਾਵਾਂ ਆਪਣੀ ਵਿਲੱਖਣ ਹੋਂਦ ਗੁਆ ਚੁੱਕੀਆਂ ਹਨ। ਇਹ ਅਕਾਲੀ ਦਲ ਦੀ ਪ੍ਰਾਪਤੀ ਹੈ ਕਿ ਉਨ੍ਹਾਂ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬਾ ਲੈ ਕੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਹੈ ਤੇ ਰਹੀ ਗੱਲ ਸੀਟਾਂ ਦੇ ਅੰਕੜੇ ਦੀ ਤਾਂ ਇਹ ਗੱਲ ਤੇ ਹਰ ਆਮ ਖਾਸ ਦੇ ਸਮਝ ਆਉਣ ਵਾਲੀ ਹੈ ਕਿ ਰਾਜਨੀਤੀ ਅੰਦਰ ਕਿਸੇ ਵੀ ਪਾਰਟੀ ਦੇ ਸਫ਼ਰ ਵਿਚ ਉਤਰਾਅ ਚੜਾਅ ਤਾਂ ਆਉਂਦੇ ਹੀ ਰਹਿੰਦੇ ਹਨ। ਸਿਰਫ ਸੀਟਾਂ ਘੱਟ ਹੋ ਜਾਣ ਨਾਲ ਮਾਂ ਬੋਲੀ ਦੀ ਹੋਂਦ ਲਈ ਅਕਾਲੀ ਦਲ ਦਾ ਕੀਤਾ ਸੰਘਰਸ਼ ਕਿਵੇਂ ਗਲਤ ਹੋ ਗਿਆ ?

ਲੇਖਕ ਨੇ ਆਪਣੇ ਲੇਖ ਵਿੱਚ ਇਹ ਵੀ ਲਿਖਿਆ ਹੈ ਕਿ "ਸੰਨ ਸੰਤਾਲੀ ਦੀ ਵੰਡ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਸਮਝਦਾ ਸੀ।" ਤਾਂ ਇੱਥੇ ਲੇਖਕ ਦੀ ਤਸੱਲੀ ਲਈ ਦੱਸ ਦਿੰਦਾ ਹਾਂ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਸਮਝਦਾ ਨਹੀਂ ਸੀ ਸਗੋਂ ਅਕਾਲੀ ਦਲ ਸਿੱਖ ਜਜਬਾਤਾਂ ਦੀ ਸੰਪੂਰਨ ਤਰਜਮਾਨੀ ਕਰਦਾ ਸੀ ਤੇ ਸਮੁੱਚਾ ਪੰਥ ਅਕਾਲੀ ਦਲ ਦੀ ਪਿੱਠ 'ਤੇ ਸੀ। ਸਿੱਖਾਂ ਦੇ ਨੁਮਾਇੰਦਿਆਂ ਵਜੋਂ ਅਕਾਲੀ ਆਗੂ ਅੰਗਰੇਜਾਂ ਤੇ ਹੋਰ ਧਿਰਾਂ ਦੇ ਨੁਮਾਇੰਦਿਆਂ ਦੇ ਨਾਲ ਹੋਣ ਵਾਲੀਆਂ ਮੀਟਿੰਗਾਂ ਵਿਚ ਬਕਾਇਦਾ ਸ਼ਾਮਲ ਹੁੰਦੇ ਸਨ। ਇਸ ਦੇ ਨਾਲ ਹੀ ਲੇਖਕ ਨੇ ਇਹ ਲਿਖਿਆ ਹੈ ਕਿ "ਅਕਾਲੀਆਂ ਦੀ ਇਹ ਇੱਛਾ ਮਨ 'ਚ ਦੱਬੀ ਰਹਿ ਗਈ ਕਿ ਜੇ ਸਾਨੂੰ 'ਸਿੱਖ ਹੋਮਲੈਂਡ' ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ ਪਰ ਪੰਜਾਬ ਵਿੱਚ ਸਾਡਾ ਰਾਜ ਆਉਣਾ ਚਾਹੀਦਾ ਹੈ ਕਿਉਂਕਿ ਪੰਜਾਬ 'ਤੇ ਸਿੱਖਾਂ ਦਾ ਪਹਿਲਾ ਹੱਕ ਹੈ।" ਆਪਣੇ ਇਸੇ ਲੇਖ ਵਿੱਚ ਅੱਗੇ ਜਾ ਕੇ ਲੇਖਕ ਨੇ ਆਪ ਮੰਨਿਆ ਹੈ ਕਿ "ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਅਤੇ ਹਿੰਦੂਆਂ ਨੂੰ ਭਾਰਤ ਪਰ ਸਿੱਖਾਂ ਦੇ ਮਨ 'ਚ ਇਹ ਟੀਸ ਸਦਾ ਕਾਇਮ ਰਹੀ ਕਿ ਉਹ 'ਸਿੱਖ ਹੋਮਲੈਂਡ' ਤੋਂ ਵਿਰਵੇ ਰਹਿ ਗਏ।" ਤਾਂ ਲੇਖਕ ਦੱਸੇ ਕਿ ਜਦੋਂ ਉਹ ਖੁਦ ਮੰਨ ਰਿਹਾ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੱਖਰੇ ਮੁਲਕ ਮਿਲ ਗਏ ਤਾਂ ਸਿੱਖਾਂ ਵੱਲੋ ਜਾਂ ਅਕਾਲੀਆਂ ਵੱਲੋਂ ਪੰਜਾਬ (ਜੋ ਕਿ ਸਿੱਖਾਂ ਦਾ ਕੁਦਰਤੀ ਹੋਮਲੈਂਡ ਹੈ) 'ਚ ਵਿਸ਼ੇਸ਼ ਹਿੱਤਾਂ ਲਈ ਤਾਂਘ ਰੱਖਣੀ ਕਿਵੇਂ ਗਲਤ ਹੈ ?

ਆਪਣੇ ਲੇਖ ਵਿੱਚ ਮੌਜੂਦਾ ਪੰਜਾਬ ਦੇ ਖੇਤਰਫਲ ਨੂੰ ਘਟਣ ਨੂੰ ਲੈ ਕੇ ਇਸ ਦੇ ਵਾਹਗੇ ਤੋਂ ਰਾਜਪੁਰੇ ਤੱਕ ਸਾਢੇ ਚਾਰ ਘੰਟਿਆਂ ਵਿੱਚ ਤੈਅ ਹੋਣ ਵਾਲੇ ਸਫਰ ਦਾ ਤੰਜ ਕੱਸਿਆ ਹੈ। ਮੇਰਾ ਸੁਵਾਲ ਹੈ ਕਿ ਪੰਜਾਬ ਭਾਰਤ ਦਾ ਇਕਲੌਤਾ ਛੋਟਾ ਸੂਬਾ ਹੈ ? ਕੀ ਬਾਕੀ ਭਾਰਤੀ ਸੂਬੇ ਆਕਾਰ ਪੱਖੋਂ ਵੱਡ ਅਕਾਰੀ ਹਨ? ਇਸ ਦੇ ਨਾਲ ਹੀ ਲੇਖਕ ਨੇ ਇੱਕ ਹੋਰ ਸਵਾਲ ਕੀਤਾ ਹੈ ਕਿ ਉਹ ਸਪਤ ਸਿੰਧੂ ਦੇ ਸਮੇਂ ਤੋਂ ਲੈ ਕੇ ਢਾਈ ਦਰਿਆਵਾਂ ਵਾਲੇ ਮੌਜੂਦਾ ਪੰਜਾਬ 'ਚੋਂ ਕਿਸੇ ਦੀ ਗੱਲ ਕਰੋ ਤੇ "ਕੀ ਕਾਰਨ ਸਨ ਕਿ ਏਡਾ ਵੱਡਾ ਪੰਜਾਬ ਅੱਜ ਛੋਟੇ ਛੋਟੇ ਤੇਈ ਜਿਲ੍ਹੇ ਵਾਲਾ ਪੰਜਾਬ ਹੋ ਗਿਆ? ਅੱਜ ਦੇ ਇਸ ਸੁੰਗੜੇ ਪੰਜਾਬ ਦੀ ਜਿੰਮੇਵਾਰੀ ਕਿਸ ਦੇ ਸਿਰ ਮੜ੍ਹੀ ਜਾਵੇ" ਤਾਂ ਇਨ੍ਹਾਂ ਲਫਜਾਂ ਰਾਹੀਂ ਜਿਵੇਂ ਪੰਜਾਬ ਨੂੰ ਛੋਟਾ ਕਰਨ ਦੀ ਅਸਿੱਧੀ ਜਿੰਮੇਵਾਰੀ ਲੇਖਕ ਅਕਾਲੀਆਂ ਸਿਰ ਪਾ ਰਿਹਾ ਹੈ ਤਾਂ ਮੇਰਾ ਸਵਾਲ ਇਹ ਹੈ ਕਿ ਜਿਵੇਂ ਲੇਖਕ ਦਾ ਰੰਜ ਹੈ ਕਿ ਅਕਾਲੀਆਂ ਨੇ ਬੇਵਜ੍ਹਾ ਸੰਘਰਸ਼ ਕਰਕੇ ਪੰਜਾਬ ਨੂੰ ਆਕਾਰ ਪੱਖੋਂ ਛੋਟਾ ਕਰ ਦਿੱਤਾ ਤਾਂ ਕੀ ਸਪਤ ਸਿੱਧੂ ਦੇ ਸਮੇਂ ਤੋਂ ਲੈ ਕੇ ਹੁਣ ਬਦਲੀਆਂ ਪੰਜਾਬ ਦੀਆਂ ਸਾਰੀਆਂ ਹੱਦਾਂ ਲਈ ਅਕਾਲੀ ਹੀ ਜਿੰਮੇਵਾਰ ਹਨ ? ਕੀ ਲੇਖਕ ਨੂੰ ਏਨਾ ਵੀ ਗਿਆਨ ਨਹੀਂ ਕਿ ਕਿਸੇ ਵੀ ਸੂਬੇ, ਮੁਲਕ ਜਾਂ ਖਿੱਤੇ ਦੀਆਂ ਹੱਦਾਂ ਸਮੇਂ ਤੇ ਹਾਲਤਾਂ ਨਾਲ ਸਦਾ ਬਦਲਦੀਆਂ ਰਹਿੰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਮਜੀਠੀਆ ਨੇ ਜੇਲ੍ਹ 'ਚੋਂ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ 'ਤੇ ਚੁੱਕੇ ਸਵਾਲ, ਮੂਸੇਵਾਲਾ ਕਤਲਕਾਂਡ ਬਾਰੇ ਕਹੀ ਇਹ ਗੱਲ

ਆਪਣੇ ਲੇਖ ਵਿੱਚ ਲੇਖਕ ਨੇ ਸਿਰਫ ਅਕਾਲੀ ਦਲ ਹੀ ਨਹੀਂ, ਬਲਕਿ ਸਿੰਘ ਸਭਾ ਲਹਿਰ ਦੇ ਉਥਾਨ ਤੇ ਸਰਗਰਮੀ ਨੂੰ ਵੀ ਗਲਤ ਰੰਗਤ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਲੇਖਕ ਨੇ ਆਪਣੇ ਲੇਖ ਵਿੱਚ ਸ਼ਬਦ ਵਰਤੇ ਹਨ ਕਿ "ਇਸ ਫਿਰਕੂ ਰਾਜਨੀਤੀ ਨੂੰ ਨਵਾਂ ਮੋੜ ਉਦੋਂ ਵੀ ਮਿਲਿਆ ਜਦੋ ਸਿੰਘ ਸਭਾ ਲਹਿਰ ਨੇ ਸਿੱਖੀ ਦੀ ਹੋਂਦ ਬਚਾਉਣ ਦੇ ਏਜੰਡੇ ਹੇਠ ਸੰਨ 1920 ਵਿੱਚ ਮਹੰਤਾਂ ਖਿਲਾਫ਼ ਗੁਰਦੁਆਰਾ ਸੁਧਾਰ ਲਹਿਰ ਚਲਾਈ।" ਇੱਥੇ ਸਿੱਖੀ ਦੀ ਹੋਂਦ ਬਚਾਉਣ ਦੇ ਏਜੰਡੇ ਹੇਠ ਸ਼ਬਦਾਂ ਦਾ ਕੀ ਮਤਲਬ ਹੈ? ਕੀ ਲੇਖਕ ਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਵਿਭਚਾਰੀ ਮਹੰਤਾਂ ਦੀਆਂ ਕਰਤੂਤਾਂ ਦਾ ਇਲਮ ਨਹੀਂ ? ਤੇ ਕੀ ਸਿੱਖਾਂ ਨੂੰ ਆਪਣੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਕੋਲ ਰੱਖਣ ਦਾ ਹੱਕ ਨਹੀਂ ? ਇਸ ਤੋਂ ਇਲਾਵਾ ਲੇਖਕ ਨੇ ਇਹ ਗੱਲ ਵੀ ਉਭਾਰੀ ਹੈ ਕਿ ਸਿੱਖਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਮੂਰਤੀਆਂ ਹਟਾਉਣ ਨਾਲ ਹਿੰਦੂ ਸਿੱਖਾਂ 'ਚ ਪਾੜੇ ਦੀ ਵਜ੍ਹਾ ਬਣਿਆ ਤੇ ਏਸੇ ਕਰਕੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ। ਤਾਂ ਮੇਰਾ ਸਵਾਲ ਇਹ ਹੈ ਕਿ ਜੇਕਰ ਲੇਖਕ ਮੁਤਾਬਿਕ ਪੰਜਾਬੀ ਹਿੰਦੂ ਆਪਣੀ ਬੋਲੀ ਤੋਂ ਮੁਨਕਰ ਹੋ ਗਏ ਤਾਂ ਇਸ ਵਿੱਚ ਸਿੱਖ ਜਾਂ ਅਕਾਲੀ ਕਸੂਰਵਾਰ ਕਿਵੇਂ ਹਨ ?

ਪੰਜਾਬ ਦੀ ਵੰਡ ਵੇਲੇ ਹੋਏ ਕਤਲੇਆਮ ਦੀ ਜਿੰਮੇਵਾਰੀ ਵੀ ਲੇਖਕ ਨੇ ਆਪਣੇ ਲੇਖ ਵਿੱਚ ਸਿੱਖਾਂ ਤੇ ਅਕਾਲੀਆਂ ਸਿਰ ਪਾਈ ਹੈ ਕਿ "ਇਨ੍ਹਾਂ ਕਾਰਵਾਈਆਂ ਪਿੱਛੇ ਰਿਆਸਤਾਂ ਦੇ ਰਜਵਾੜਿਆਂ ਅਕਾਲੀ ਜਥੇਦਾਰਾਂ ਦੀ ਪ੍ਰਤੱਖ ਅਪ੍ਰਤੱਖ ਸ਼ਹਿ ਦੇ ਚਰਚੇ ਮਗਰੋਂ ਭਾਰਤ ਅਤੇ ਪਾਕਿਸਤਾਨ 'ਚ ਲਿਖੀਆਂ ਇਤਿਹਾਸ ਦੀਆਂ ਕਈ ਕਿਤਾਬਾਂ 'ਚ ਮਿਲਦੇ ਹਨ। ਸਿੱਖਾਂ ਦੇ ਮਨ 'ਚ ਆਪਣਾ ਸਿੱਖ ਰਾਜ ਨਾ ਮਿਲਣ ਦਾ ਮਲਾਲ ਸੀ। ਪੰਜਾਬ ਵਿੱਚ ਸਿੱਖਾਂ ਦਾ ਦਬਦਬਾ ਤਾਂ ਹੀ ਕਾਇਮ ਹੋ ਸਕਦਾ ਸੀ ਜੇ ਸਾਰੇ ਮੁਸਲਮਾਨ ਪਾਕਿਸਤਾਨ 'ਚ ਜਬਰਦਸਤੀ ਧੱਕ ਦਿੱਤੇ ਜਾਂਦੇ। ਇਸ ਖ਼ਾਤਰ ਡਰ ਅਤੇ ਭੈਅ ਪੈਦਾ ਕਰਨ ਲਈ ਵਢਾਂਗਾ ਅਤੇ ਨਸਲੀ ਸਫ਼ਾਇਆ ਜ਼ਰੂਰੀ ਸੀ। ਇਸ ਦੇ ਨਤੀਜੇ ਵਜੋਂ ਪੰਜ ਛੇ ਕੁ ਲੱਖ ਦੇ ਕਰੀਬ ਗਰੀਬ ਗੁਰਬਾ ਮੁਸਲਮਾਨ ਜਿਸ 'ਚ ਤੇਲੀ, ਨਾਈ, ਘੁਮਿਆਰ, ਅਰਾਈ, ਦਰਜੀ ਆਦਿ ਸ਼ਾਮਲ ਸਨ, ਮਾਰ ਦਿੱਤੇ ਗਏ।" ਆਪਣੀ ਉਪਰੋਕਤ ਟਿੱਪਣੀ ਜਿਵੇ ਲੇਖਕ ਨੇ ਸਿੱਖਾਂ ਤੇ ਅਕਾਲੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ ਤਾਂ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੀ ਵੰਡ ਦੀ ਸ਼ਾਇਦ ਲੇਖਕ ਮੁੱਢਲੀ ਜਾਣਕਾਰੀ ਵੀ ਨਹੀਂ ਰੱਖ ਰਿਹਾ। ਸਿੱਖਾਂ ਸਿਰ ਜਿੰਮੇਵਾਰੀ ਪਾਉਣ ਦੀ ਜਲਦਬਾਜੀ ਵਿੱਚ ਲੇਖਕ ਮੁਸਲਿਮ ਲੀਗ ਵੱਲੋਂ ਦਿੱਤੇ ਗਏ ਡਾਇਰੈਕਟ ਐਕਸ਼ਨ ਡੇਅ ਦੇ ਸੱਦੇ, ਰਾਵਲਪਿੰਡੀ ਦੇ ਇਲਾਕੇ ਵਿੱਚ ਮਾਰਚ ਵਿੱਚ ਹੋਏ ਹਿੰਦੂ ਸਿੱਖਾਂ ਦੇ ਵਹਿਸੀ ਕਤਲੇਆਮ ਜਿਸ ਨਾਲ ਪੰਜਾਬ ਅੰਦਰ ਕਤਲੇਆਮ ਦੀ ਸ਼ੁਰੂਆਤ ਹੋਈ ਤੇ ਲਹਿੰਦੇ ਪੰਜਾਬ ਵਿੱਚ ਹੋਏ ਹਿੰਦੂ ਸਿੱਖਾਂ ਦੇ ਕਤਲੇਆਮ ਨੂੰ ਕਿਉਂ ਭੁੱਲ ਜਾਂਦਾ ਹੈ। ਕੀ ਬੰਗਾਲ ਤੇ ਬਿਹਾਰ 'ਚ ਹੋਏ ਫਸਾਦਾਂ ਦੇ ਕਤਲੇਆਮ ਲਈ ਵੀ ਸਿੱਖ ਤੇ ਅਕਾਲੀ ਜਿੰਮੇਵਾਰ ਸਨ ?

ਜੇਕਰ ਅੱਜ ਕਿਸੇ ਨੂੰ ਵੀ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਹਿਮ ਇਤਿਹਾਸਕ ਪੱਖਾਂ ਨੂੰ ਦਰਕਿਨਾਰ ਕਰਕੇ ਕੁਝ ਵੀ ਲਿਖਿਆ ਜਾ ਸਕਦਾ ਹੈ। ਪੰਜਾਬੀ ਸੂਬਾ ਲੱਖਾਂ ਪੰਜਾਬੀਆਂ ਦੀ ਚਾਹਤ ਸੀ ਤੇ ਭਾਰਤੀ ਸੰਵਿਧਾਨ ਅਨੁਸਾਰ ਉਨ੍ਹਾਂ ਦਾ ਹੱਕ ਵੀ ਸੀ। ਬਹਿਸ ਇਸ ਗੱਲ ਲਈ ਹੋਣੀ ਚਾਹੀਦੀ ਹੈ ਕਿ ਪੰਜਾਬੀਆਂ ਨੂੰ ਆਪਣੀ ਬੋਲੀ ਦੇ ਆਧਾਰ 'ਤੇ ਸੂਬਾ ਲੈਣ ਲਈ ਸੰਘਰਸ਼ ਕਿਉਂ ਕਰਨਾ ਪਿਆ ? ਤੇ ਅੱਜ ਜਦੋਂ ਅਨੇਕਾਂ ਹੀ ਬੁੱਧੀਜੀਵੀ ਅਕਾਲੀ ਦਲ ਤੇ ਪੰਜਾਬ ਨੂੰ ਛੋਟਾ ਕਰਨ ਦਾ ਸਵਾਲ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਇਤਿਹਾਸਿਕ ਤੱਥਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਪੰਜਾਬ ਦੀ ਵੰਡ ਅਕਾਲੀਆਂ ਨੇ ਨਹੀ ਕੀਤੀ ਇਹ ਕੇਂਦਰ ਸਰਕਾਰ ਨੇ ਕੀਤੀ ਹੈ ਤੇ ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਹਾਈਕੋਰਟ ਹੈੱਡ ਵਰਕਸ ਆਦਿ ਪੰਜਾਬ ਤੋਂ ਬਾਹਰ ਰੱਖਣਾ ਕੇਂਦਰ ਦੀ ਸਾਜਿਸ਼ ਸੀ ਇਨ੍ਹਾਂ ਸਾਰੇ ਮਸਲਿਆਂ ਲਈ ਅਕਾਲੀ ਦਲ ਅੱਜ ਵੀ ਸੰਘਰਸ਼ ਕਰ ਰਿਹਾ ਹੈ। ਜੇਕਰ ਪੰਜਾਬੀ ਬੋਲਣ ਵਾਲੀ ਸਮੁੱਚੀ ਆਬਾਦੀ ਇਮਾਨਦਾਰੀ ਨਾਲ ਆਪਣੀ ਅਸਲੀ ਮਾਂ ਬੋਲੀ ਲਿਖਵਾਉਂਦੀ ਤਾਂ ਪੰਜਾਬੀ ਸੂਬਾ ਏਨਾ ਛੋਟਾ ਨਹੀਂ ਸੀ ਹੋਣਾ ਤੇ ਜੋ ਲੋਕ ਅੱਜ ਇਹ ਫ਼ਿਕਰ ਕਰਦੇ ਹਨ। ਉਹ ਵੀ ਇਸ ਫਿਕਰ ਤੋਂ ਮੁਕਤ ਹੁੰਦੇ। ਇਸ ਕਰਕੇ ਪੰਜਾਬ ਨੂੰ ਛੋਟਾ ਕਰਨ ਦਾ ਦੋਸ਼ ਆਮ ਕਰਕੇ ਸਿੱਖਾਂ ਤੇ ਖਾਸ ਕਰਕੇ ਅਕਾਲੀਆਂ ਸਿਰ ਮੜ੍ਹਨਾ ਦਹਾਕਿਆ ਤੋਂ ਚੱਲੇ ਆਉਂਦੇ ਪੰਜਾਬ (ਸਿੱਖ ?) ਵਿਰੋਧੀ ਬਿਰਤਾਂਤ ਦੇ ਵਹਾਅ ਵਿੱਚ ਬਹਿਕੇ ਇਸਨੂੰ ਹੋਰ ਹਵਾ ਦੇਣ ਵਾਲੀ ਗੱਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News