ਹਰਸਿਮਰਤ ਬਾਦਲ ਦਾ ਵੱਡਾ ਬਿਆਨ, 'ਨਾ ਇੰਡੀਆ ਗਠਜੋੜ ਤੇ ਨਾ NDA ਦਾ ਹਿੱਸਾ ਬਣੇਗਾ ਅਕਾਲੀ ਦਲ'
Monday, Jun 10, 2024 - 03:29 PM (IST)
ਸਰਦੂਲਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਜਿੱਤ 'ਚ ਬਠਿੰਡਾ ਅਤੇ ਮਾਨਸਾ ਦੇ ਲੋਕਾਂ ਦਾ ਪਾਇਆ ਯੋਗਦਾਨ ਮੈਂ ਕਦੇ ਨਹੀਂ ਭੁੱਲਾਂਗੀ। ਬੇਸ਼ੱਕ ਵਿਰੋਧੀਆਂ ਨੇ ਅਕਾਲੀ ਦਲ ਦੇ ਮੋਦੀ ਦੀ ਝੋਲੀ 'ਚ ਪੈਣ ਦੀ ਬਿਆਨਬਾਜ਼ੀ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਸਟੈਂਡ, ਕਿਸਾਨੀ ਮੰਗਾਂ, ਪੰਜਾਬ ਦੇ ਹਿੱਤਾਂ 'ਤੇ ਪਹਿਲਾਂ ਵਾਲੇ ਫੈਸਲੇ 'ਤੇ ਖੜ੍ਹਾ ਰਹੇਗਾ। ਨਾ ਉਹ ਇੰਡੀਆ ਗਠਜੋੜ ਅਤੇ ਨਾ ਹੀ ਐੱਨ. ਡੀ. ਏ. ਦਾ ਹਿੱਸਾ ਬਣੇਗਾ। ਉਹ ਇੱਕਲਿਆਂ ਹੀ ਪਹਿਲਾਂ ਦੀ ਤਰ੍ਹਾਂ 543 ਸੰਸਦ ਮੈਂਬਰਾਂ ਵਿੱਚੋਂ ਪੰਜਾਬ ਦੀ ਆਵਾਜ਼ ਬਣ ਕੇ ਗੂੰਜਦੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ 3 ਸਰਕਾਰੀ ਛੁੱਟੀਆਂ, ਘੁੰਮਣ ਦਾ Plan ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਬਠਿੰਡਾ ਲੋਕ ਸਭਾ ਤੋਂ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ 13-0 ਦੀ ਗੱਲ, ਬਾਦਲਾਂ ਦਾ ਬਠਿੰਡੇ ਤੋਂ ਸਫਾਇਆ ਅਤੇ ਹੋਰ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਛਲਾਵਾ ਦੇ ਰਹੀਆਂ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਦੇ ਹਿੱਤ ਪਿਆਰੇ ਹਨ, ਜਿੱਤਾਂ-ਹਾਰਾਂ ਜਾਂ ਕੁਰਸੀਆਂ ਨਹੀਂ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਰਹੇਗਾ ਕਿ ਅਕਾਲੀ ਦਲ ਨਾਲ ਕੌਣ ਖੜ੍ਹਿਆ, ਕੌਣ ਨਹੀਂ। ਕਿਸ ਨੇ ਕਿਹੋ-ਜਿਹਾ ਪ੍ਰਚਾਰ ਅਤੇ ਕਿਸ ਦੀ ਕਿਹੋ-ਜਿਹੀ ਭੂਮਿਕਾ ਰਹੀ। ਸਮਾਂ ਆਉਣ 'ਤੇ ਇਸ ਦਾ ਹਿਸਾਬ ਵੀ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੂਹ ਕੰਬਾਊ ਵਾਰਦਾਤ, ਧੀ ਦੇ ਮੰਗੇਤਰ ਨੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕਤਲ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਚੌਥੀ ਜਿੱਤ ਪਰਮਾਤਮਾ ਤੇ ਲੋਕਾਂ ਦੀ ਸੰਗਤ ਦੀ ਕਿਰਪਾ ਹੈ ਪਰ ਉੇਹ ਆਪਣੀ ਚੌਥੀ ਜਿੱਤ ਨੂੰ ਸੰਸਦ ਵਿੱਚ ਚੁੱਪ ਕਰਕੇ ਬੈਠਣ ਵਿੱਚ ਨਹੀਂ ਗਵਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਵਿੱਚੋਂ ਅਕਾਲੀ ਦਲ ਵੱਲੋਂ ਬੇਸ਼ੱਕ ਇੱਕਲੇ ਮੈਂਬਰ ਪਾਰਲੀਮੈਂਟ ਹਨ ਪਰ ਉਨ੍ਹਾਂ ਦੀ ਪਾਰਲੀਮੈਂਟ ਵਿੱਚ ਭੂਮਿਕਾ ਲੋਕਾਂ ਨੂੰ ਪਤਾ ਲੱਗੇਗੀ। ਕੋਈ ਬੋਲੇ ਨਾ ਬੋਲੇ ਅਕਾਲੀ ਦਲ ਪੰਜਾਬ ਦੀ ਅਗਵਾਈ ਕਰੇਗਾ ਅਤੇ ਐੱਨ. ਡੀ. ਏ ਜਾਂ ਇੰਡੀਆ ਗਠਜੋੜ ਦਾ ਹਿੱਸਾ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਪੰਜਾਬ ਸਰਕਾਰ ਨਸ਼ੇ ਦਾ ਖ਼ਾਤਮਾ ਕਰੇ ਅਤੇ ਮਾਨਸਾ ਦੇ ਸੀਵਰੇਜ ਸਿਸਟਮ ਲਈ ਗ੍ਰਾਂਟ ਦੇਣ, ਜਿਸ ਵਿੱਚ ਅਕਾਲੀ ਦਲ ਵੱਲੋਂ ਹਰ ਤਰ੍ਹਾ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਸੋਢੀ, ਮੇਵਾ ਸਿੰਘ ਬਾਂਦਰਾਂ, ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਏਪੁਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8