ਅਕਾਲੀ ਦਲ ਵਿਚ ਫੁੱਟ ਦਾ ਲੰਬਾ ਇਤਿਹਾਸ, ਜਾਣੋਂ 104 ਸਾਲ ਵਿਚ ਕਦੋਂ-ਕਦੋਂ ਟੁੱਟੀ ਪਾਰਟੀ

Tuesday, Jun 25, 2024 - 07:38 PM (IST)

ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਇਕ ਵਾਰ ਫਿਰ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ਅਤੇ ਚੰਡੀਗੜ੍ਹ ਵਿਚ ਹੋਈਆਂ ਅਕਾਲੀ ਦਲ ਦੇ ਦੋ ਵੱਖ-ਵੱਖ ਧੜਿਆਂ ਦੀਆਂ ਬੈਠਕਾਂ ਨੇ ਪੰਜਾਬ ਵਿਚ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਸਿਆਸਤ ਵਿਚ ਹੋਣ ਵਾਲੇ ਧਮਾਕੇ ਦੇ ਸੰਕੇਤ ਦੇ ਦਿੱਤੇ ਹਨ ਪਰ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਦੀ ਇਹ ਖੇਤਰੀ ਪਾਰਟੀ ਧੜਿਆਂ ਵਿਚ ਵੰਡੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ ਅਤੇ ਅਕਾਲੀ ਦਲ ਵਿਚ ਧੜੇਬੰਦੀ ਦਾ ਲੰਮਾ ਇਤਿਹਾਸ ਰਿਹਾ ਹੈ ਤੇ ਇਸ ਤੋਂ ਪਹਿਲਾਂ ਵੀ ਪਾਰਟੀ ਕਈ ਮੌਕਿਆਂ 'ਤੇ ਟੁੱਟ ਚੁੱਕੀ ਹੈ ਤੇ ਜਦ-ਜਦ ਪਾਰਟੀ 'ਚ ਫੁੱਟ ਪਈ ਹੈ, ਪਾਰਟੀ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਹੈ। 2002 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਵੀ ਅਕਾਲੀ ਦਲ ਫੁੱਟ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਇਨ੍ਹਾਂ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਹੁਣ ਸਾਲ 2027 ਦੀਆਂ ਵਿਧਾਨਸਭਾ ਚੋਣਾਂ ਤੋਂ ਢਾਈ ਸਾਲ ਪਹਿਲਾਂ ਇਕ ਵਾਰ ਫਿਰ ਅਕਾਲੀ ਦਲ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦਾ ਫ਼ਾਇਦਾ ਯਕੀਨੀ ਤੌਰ 'ਤੇ ਵਿਰੋਧੀ ਧਿਰ ਨੂੰ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ 'ਚ ਵੱਡਾ ਧਮਾਕਾ, ਸੁਖਬੀਰ ਬਾਦਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਸਿਕੰਦਰ ਸਿੰਘ ਮਲੂਕਾ

14 ਦਸੰਬਰ 1920 ਨੂੰ ਬਣਿਆ ਅਕਾਲੀ ਦਲ ਪਹਿਲੀ ਵਾਰ 1928 ਵਿਚ ਉਸ ਵੇਲੇ ਟੁੱਟ ਦਾ ਸ਼ਿਕਾਰ ਹੋਇਆ ਸੀ ਜਦੋਂ ਜਵਾਹਰ ਲਾਲ ਨਹਿਰੂ ਦੀ ਇਕ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਵਿਚਕਾਰ ਵਿਚਾਰਾਂ ਦੀ ਲੜਾਈ ਦੇ ਚੱਲਦਿਆਂ ਬਾਬਾ ਖੜਕ ਸਿੰਘ, ਗਿਆਨੀ ਸ਼ੇਰ ਸਿਘ ਅਤੇ ਮੰਗਲ ਸਿੰਘ ਦੇ ਵੱਖ-ਵੱਖ ਤਿੰਨ ਧੜੇ ਬਣ ਗਏ ਸਨ। 1939 ਵਿਚ ਦੂਜੀ ਵਰਲਡ ਵਾਰ ਸਮੇਂ ਵੀ ਅਕਾਲੀ ਦਲ ਵਿਚ ਗਿਆਨੀ ਕਰਤਾਰ ਸਿੰਘ ਅਤੇ ਉਧਮ ਸਿੰਘ ਨਾਗੋਕੇ ਦੀ ਲੀਡਰਸ਼ਿਪ ਹੇਠਾਂ ਅਕਾਲੀ ਦਲ ਦੇ ਦੋ ਵੱਖ-ਵੱਖ ਧੜੇ ਬਣ ਗਏ ਸਨ। ਇਸ ਤੋਂ ਇਲਾਵਾ ਭਾਰਤ ਵਿਚ ਕੁਇਟ ਇੰਡੀਆ ਮੂਵਮੈਂਟ ਵਿਚ ਹਿੱਸਾ ਲੈਣ ਦੇ ਮੁੱਦੇ 'ਤੇ ਅਕਾਲੀ ਦਲ ਵਿਚ ਪ੍ਰਤਾਪ ਸਿੰਘ ਕੈਰੋਂ ਅਤੇ ਮਾਸਟਰ ਤਾਰਾ ਸਿੰਘ ਦੀ ਅਗਾਵਈ ਹੇਠ ਦੋ ਵੱਖ ਵੱਖ ਧੜੇ ਬਣ ਗਏ ਸਨ। ਆਜ਼ਾਦੀ ਤੋਂ ਬਾਅਦ 1948 ਵਿਚ ਅਕਾਲੀ ਦਲ ਇਕਜੁਟ ਹੋ ਗਿਆ ਅਤੇ ਭਾਰਤੀ ਪੰਜਾਬ ਵਿਚ ਬਣੀ ਪਹਿਲੀ ਕਾਂਗਰਸੀ ਸਰਕਾਰ ਵਿਚ ਹਿੱਸੇਦਾਰ ਵੀ ਰਿਹਾ ਪਰ ਕੁਝ ਹੀ ਸਮੇਂ ਵਿਚ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਵੱਖਰੇ ਸਿੱਖ ਸੂਬੇ ਦੀ ਮੰਗ ਨੂੰ ਲੈ ਕੇ ਪੈਦਾ ਹੋਏ ਮੱਤਭੇਦ ਦੇ ਚੱਲਦਿਆਂ ਅਕਾਲੀ ਦਲ ਸਰਕਾਰ ਤੋਂ ਬਾਹਰ ਆ ਗਿਆ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਖ਼ਿਲਾਫ਼ ਬੀਬੀ ਜਗੀਰ ਕੌਰ ਨੇ ਖੋਲ੍ਹਿਆ ਮੋਰਚਾ, ਅਸਤੀਫ਼ੇ ਦੀ ਕੀਤੀ ਮੰਗ

ਪੰਜਾਬ ਦਾ ਮੌਜੂਦਾ ਸਰੂਪ 1 ਨਵੰਬਰ 1966 ਵਿਚ ਸਾਹਮਣੇ ਆਇਆ ਅਤੇ 1967 ਵਿਚ ਪਹਿਲੀਆਂ ਚੋਣਾਂ ਹੋਈਆਂ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ (ਸੰਤ) ਦੂਜੀ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉਭਰਿਆ। ਇਸ ਦੌਰਾਨ ਗੁਰਨਾਮ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਚ ਗੈਰ ਕਾਂਗਰਸੀ ਸਰਕਾਰ ਬਣੀ ਪਰ ਜਲਦ ਹੀ ਅਕਾਲੀ ਦਲ ਦੋ ਵੱਖ ਹਿੱਸਿਆਂ ਵਿਚ ਵੰਡਿਆ ਗਿਆ। ਲਛਮਣ ਸਿੰਘ ਗਿੱਲ ਦੀ ਅਗਵਾਈ ਵਾਲੇ ਇਕ ਧੜੇ ਦੇ 17 ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਅਤੇ ਕਾਂਗਰਸ ਦੇ ਸਮਰਥਨ ਦੇ ਨਾਲ ਅਲਪਮਤ ਦੀ ਸਰਕਾਰ ਬਣਾਈ। ਇਹ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੀ ਅਤੇ 1969 ਦੌਰਾਨ ਪੰਜਾਬ ਵਿਚ ਦੋਬਾਰਾ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਸੰਤ ਅਤੇ ਅਕਾਲੀ ਦਲ ਮਾਸਟਰ ਇਕਜੁੱਟ ਹੋ ਗਏ ਪਰ 1980 ਵਿਚ ਹੋਈਆਂ ਚੋਣਾਂ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਇਕ ਵਾਰ ਫਿਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਅਕਾਲੀ ਦਲ ਦੇ ਜਗਦੇਵ ਸਿੰਘ ਤਲਵੰਡੀ, ਹਰਚਰਨ ਸਿੰਘ ਲੌਂਗੋਵਾਲ ਅਤੇ ਭਗਵੰਤ ਸਿੰਘ ਦਾਨੇਵਾਲੀਆ ਦੇ ਵੱਖ-ਵੱਖ ਧੜੇ ਬਣ ਗਏ। ਇਸ ਤੋਂ ਬਾਅਦ ਅਕਾਲੀ ਦਲ ਤਲਵੰਡੀ ਅਤੇ ਅਕਾਲੀ ਦਲ ਲੌਂਗੋਵਾਲ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿਚ ਇਕਜੁਟ ਹੋਣ ਦਾ ਫੈਸਲਾ ਕੀਤਾ। 1985 ਵਿਚ ਅਕਾਲੀ ਦਲ ਲੌਂਗੋਵਾਲ ਦੀ ਪੰਜਾਬ ਦੀਆਂ ਚੋਣਾਂ ਵਿਚ ਜਿੱਤ ਹੋਈ ਅਤੇ 19 ਸਤੰਬਰ 1985 ਨੂੰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਪਰ 1986 ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਦੇ 27 ਵਿਧਾਇਕ ਅਕਾਲੀ ਦਲ ਤੋਂ ਵੱਖ ਹੋ ਗਏ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਅਸਤੀਫ਼ਾ ਮੰਗ ਬਾਗੀ ਧੜੇ ਨੇ ਪਾ ਲਿਆ ਨਵਾਂ ਕਲੇਸ਼, ਟੁੱਟਣ ਕੰਢੇ ਅਕਾਲੀ ਦਲ

1989 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ ਵੀ ਪੰਜਾਬ ਵਿਚ ਅਕਾਲੀ ਦਲ (ਲੌਂਗੋਵਾਲ), ਅਕਾਲੀ ਦਲ (ਤਲਵੰਡੀ) ਅਤੇ ਅਕਾਲੀ ਦਲ (ਮਾਨ) ਦੇ ਵੱਖ-ਵੱਖ ਧੜੇ ਸਨ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ (ਮਾਨ) ਅਸਲੀ ਅਕਾਲੀ ਦਲ ਦੇ ਤੌਰ 'ਤੇ ਉੱਭਰਿਆ ਪਰ ਜ਼ਿਆਦਾ ਦੇਰ ਤਕ ਮਜ਼ਬੂਤ ਨਹੀਂ ਰਹਿ ਸਕਿਆ। ਪ੍ਰਕਾਸ਼ ਸਿੰਘ ਬਾਦਲ ਅਤੇ ਬਾਬਾ ਜੋਗਿੰਦਰ ਸਿੰਘ ਨੇ ਅਕਾਲੀ ਦਲ ਮਾਨ ਨੂੰ ਛੱਡ ਕੇ ਦੋ ਨਵੇਂ ਅਕਾਲੀ ਦਲ ਬਣਾ ਲਏ। ਇਸ ਤੋਂ ਬਾਅਦ ਅਕਾਲੀ ਦਲ ਬਾਦਲ ਵਿਚ ਵੀ ਵਿਦਰੋਹ ਹੋਇਆ ਅਤੇ ਅਕਾਲੀ ਦਲ ਪੰਥਕ ਨਾਮ ਦੀ ਨਵੀਂ ਪਾਰਟੀ ਬਣੀ ਪਰ 1992 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਪੰਥਕ ਅਤੇ ਅਕਾਲੀ ਦਲ ਲੌਂਗੋਵਾਲ ਨੇ ਆਪਸ ਵਿਚ ਸਮਝੌਤਾ ਕਰ ਲਿਆ। 

ਇਸ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ 1997 ਵਿਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਪੰਜਾਬ ਵਿਚ ਪਹਿਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਬਣਾਈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵਿਚਾਲੇ ਸੱਤਾ ਦੀ ਜੰਗ ਚੱਲਦੀ ਰਹੀ ਅਤੇ ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਅਕਾਲੀ ਦਲ ਦੇ ਨਾਂ ਦੀ ਇਕ ਵੱਖਰੀ ਪਾਰਟੀ ਬਣਾਈ। ਇਸ ਦਾ ਅਕਾਲੀ ਦਲ ਨੂੰ 1999 ਅਤੇ 2002 ਦੀਆਂ ਚੋਣਾਂ ਵਿਚ ਨੁਕਸਾਨ ਹੋਇਆ ਪਰ 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਅਕਾਲੀ ਦਲ ਇਕਜੁੱਟ ਹੋਇਆ ਅਤੇ ਪੰਜਾਬ ਵਿਚ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ 2007 ਤੋਂ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ ਅਕਾਲੀ ਦਲ ਜੇਤੂ ਰਿਹਾ ਅਤੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ। 

ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ, ਥਾਣੇ 'ਚ ਬੈਠੇ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ


Gurminder Singh

Content Editor

Related News