ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਕਾਰਗੁਜ਼ਾਰੀ ਸਬੰਧੀ ਮੰਥਨ, 6 ਘੰਟੇ ਤੋਂ ਵੱਧ ਚੱਲੀ ਕੋਰ ਕਮੇਟੀ ਦੀ ਮੀਟਿੰਗ

06/14/2024 10:45:46 AM

ਚੰਡੀਗੜ੍ਹ (ਮਨਜੋਤ) : ਸ਼੍ਰੋਮਣੀ ਅਕਾਲੀ ਦਲ ਨੇ ਕਰੀਬ 6 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ’ਚ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਪੜਚੋਲ ਕਰਨ ਸਮੇਤ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਵਿਸਥਾਰਤ ਤੇ ਗੰਭੀਰ ਚਰਚਾ ਕੀਤੀ। ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਭਵਿੱਖ ਦੇ ਏਜੰਡੇ ਤੇ ਰਣਨੀਤੀ ਨੂੰ ਤੈਅ ਕਰਨ ਵਾਸਤੇ ਪਾਰਟੀ ਆਗੂਆਂ ਤੋਂ ਇਕੱਲੇ-ਇਕੱਲੇ ਤੇ ਸਮੂਹਿਕ ਤੌਰ ’ਤੇ ਫੀਡਬੈਕ ਲੈਣਗੇ। ਪਾਰਟੀ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਵਿਸ਼ਵਾਸ ਪ੍ਰਗਟਾਇਆ ਤੇ ਉਨ੍ਹਾਂ ਵੱਲੋਂ ਪਾਰਟੀ ਦੇ ਹਿੱਤਾਂ ਵਾਸਤੇ ਇਕੱਲਿਆਂ ਹੀ ਡਟੇ ਰਹਿਣ ਦੀ ਪੁਰਜ਼ੋਰ ਸ਼ਲਾਘਾ ਕੀਤੀ। ਕੋਰ ਕਮੇਟੀ ਨੇ ਪਾਰਟੀ ਤੇ ਇਸ ਦੀ ਲੀਡਰਸ਼ਿਪ ਖ਼ਿਲਾਫ਼ ਸੋਚੀ ਸਮਝੀ ਸਾਜ਼ਿਸ਼ ਅਧੀਨ ਜਾਣ-ਬੁੱਝ ਕੇ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਪ੍ਰਚਾਰ ਮੁਹਿੰਮ ਚਲਾਉਣ ਦਾ ਗੰਭੀਰ ਨੋਟਿਸ ਲਿਆ। ਮਤੇ ਰਾਹੀਂ ਲਗਾਤਾਰ ਵੱਧ ਰਹੇ ਫਿਰਕੂ ਧਰੁਵੀਕਰਨ ਤੇ ਦੇਸ਼ ’ਚ ਮਾੜੀ ਭਾਸ਼ਾ 'ਚ ਰਾਜਨੀਤੀ ਕਰਨ ਦੇ ਕ੍ਰਮ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਨੇੜੇ ਨਹਿਰ 'ਚ ਪਿਆ ਵੱਡਾ ਪਾੜ, ਪੂਰੇ ਪਿੰਡ 'ਚ ਮਚ ਗਈ ਤਬਾਹੀ, ਦੇਖੋ ਮੌਕੇ ਦੀਆਂ ਤਸਵੀਰਾਂ

ਕੰਗਨਾ ਰਣੌਤ ਵੱਲੋਂ ਪੰਜਾਬੀਆਂ ਖ਼ਿਲਾਫ਼ ਜ਼ਹਿਰ ਉਗਲਣ ਦੇ ਵੰਡ ਪਾਊ ਬਿਆਨ ਦੇਣ ਦੀ ਸਖ਼ਤ ਨਿਖ਼ੇਧੀ ਕੀਤੀ ਗਈ। ਪਾਰਟੀ ਨੇ ਮਤੇ ’ਚ ਕਿਹਾ ਕਿ ਪਾਰਟੀ ਕਿਸੇ ਵੀ ਤਰੀਕੇ ਦੀ ਹਿੰਸਾ ਦੀ ਹਮਾਇਤ ਨਹੀਂ ਕਰਦੀ ਪਰ ਕੰਗਣਾ ਰਣੌਤ ਨੂੰ ਵੀ ਉਸ ਦੀ ਮੰਦੀ, ਘ੍ਰਿਣਾਯੋਗ ਤੇ ਨਿਰੰਤਰ ਫਿਰਕੂ ਭਾਵਨਾਵਾਂ ਭੜਕਾਉਂਦੀ ਭਾਸ਼ਾ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਜਿਸ ਕਾਰਨ ਭਾਵਨਾਵਾਂ ਭੜਕੀਆਂ ਤੇ ਹਵਾਈ ਅੱਡੇ ’ਤੇ ਮੰਦਭਾਗੀ ਘਟਨਾ ਵਾਪਰੀ। ਪਾਰਟੀ ਨੇ ਕੈਥਲ ’ਚ ਨੌਜਵਾਨ ਸਿੱਖ ’ਤੇ ਹਮਲੇ ਤੇ ਉਸ ਨੂੰ ਵੱਖਵਾਦੀ ਕਰਾਰ ਦੇਣ ਦੀ ਘਟਨਾ ਦੀ ਜ਼ੋਰਦਾਰ ਨਿਖ਼ੇਧੀ ਕੀਤੀ। ਪਾਰਟੀ ਨੇ ਮੁੜ ਦੁਹਰਾਇਆ ਕਿ ਭਾਰਤ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਖੇਤਰੀ ਤੇ ਭਾਸ਼ਾਈ ਵਿਭਿੰਨਤਾਵਾਂ ਵਾਲਾ ਤੇ ਇਕ ਸੰਘੀ ਢਾਂਚੇ ਵਾਲਾ ਮੁਲਕ ਹੈ ਅਤੇ ਇਸੇ ਸੋਚ ਸਦਕਾ ਹੀ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਮਨਜੀਤ ਸਿੰਘ ਜੀ. ਕੇ., ਜਨਮੇਜਾ ਸਿੰਘ ਸੇਖੋਂ, ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਇਕਬਾਲ ਸਿੰਘ ਝੂੰਦਾਂ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਡਾ. ਸੁਖਵਿੰਦਰ ਸੁੱਖੀ, ਐੱਨ. ਕੇ. ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਮਾਨ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਸੋਹਣ ਸਿੰਘ ਠੰਢਲ, ਬੀਬੀ ਹਰਗੋਬਿੰਦ ਕੌਰ ਤੇ ਸਰਬਜੀਤ ਸਿੰਘ ਝਿੰਜਰ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ 'ਚ Bike 'ਤੇ ਮੌਤ ਦਾ ਖੇਡ! ਦੇਖਣ ਵਾਲਿਆਂ ਦਾ ਨਿਕਲਿਆ ਤ੍ਰਾਹ, ਤੁਹਾਨੂੰ ਵੀ ਡਰਾ ਦੇਵੇਗੀ ਵੀਡੀਓ
ਮਲੂਕਾ ਤੇ ਢੀਂਡਸਾ ਰਹੇ ਗ਼ੈਰ-ਹਾਜ਼ਰ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਤੇ ਸਿਕੰਦਰ ਸਿੰਘ ਮਲੂਕਾ ਗ਼ੈਰ-ਹਾਜ਼ਰ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਟਿਕਟ ਨਾ ਮਿਲਣ ਕਾਰਨ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ ਚੱਲੇ ਆ ਰਹੇ ਹਨ। ਹਾਲਾਂਕਿ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਰਮਿੰਦਰ ਸਿੰਘ ਢੀਂਡਸਾ ਸਿਹਤ ਖ਼ਰਾਬ ਹੋਣ ਕਾਰਨ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਇਸੇ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੇ ਭਾਜਪਾ ਵੱਲੋਂ ਚੋਣ ਲੜੀ ਸੀ, ਜਿਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


Babita

Content Editor

Related News