ਚਿੱਟੇ ਦੀ ਭੇਟ ਚੜਿਆ ਇਕ ਹੋਰ ਨੌਜਵਾਨ

Tuesday, Jun 25, 2019 - 08:27 PM (IST)

ਚਿੱਟੇ ਦੀ ਭੇਟ ਚੜਿਆ ਇਕ ਹੋਰ ਨੌਜਵਾਨ

ਜ਼ੀਰਾ (ਅਕਾਲੀਆਂਵਾਲਾ)–ਪਿੰਡ ਮੇਹਰ ਸਿੰਘ ਵਾਲਾ ਵਿਖੇ ਕੱਲ੍ਹ ਚਿੱਟੇ ਦੀ ਓਵਰਡੋਜ਼ ਨਾਲ ਮਰੇ ਰਮਨ ਸਿੰਘ ਦਾ ਸਿਵਾ ਅਜੇ ਠੰਢਾ ਨਹੀਂ ਹੋਇਆ ਕਿ ਪਿੰਡ ਸਨ੍ਹੇਰ ਦਾ ਇਕ ਹੋਰ ਨੌਜਵਾਨ ਚਿੱਟੇ ਦੇ ਨਸ਼ੇ ਦੀ ਓਵਰ ਡੋਜ਼ ਲੈਣ ਕਰ ਕੇ ਮੌਤ ਦੇ ਮੂੰਹ ਵਿਚ ਚਲੇ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਵਿਧਾਨ ਸਭਾ ਹਲਕਾ ਜ਼ੀਰਾ 'ਚ ਚਿੱਟੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਦਰਜਨ ਦੇ ਕਰੀਬ ਪੁੱਜ ਚੁੱਕੀ ਹੈ। ਇਸ ਪਰਿਵਾਰ ਦੀ ਤਰਾਸਦੀ ਇਹ ਹੈ ਕਿ ਬੂਟਾ ਸਿੰਘ ਸਿੰਘ ਦਾ ਪਿਤਾ ਗੁਰਦਾਸ ਸਿੰਘ ਛੇ ਵਰ੍ਹੇ ਪਹਿਲਾਂ ਨਸ਼ਿਆਂ ਦੀ ਭੇਟ ਚੜ੍ਹ ਗਿਆ ਸੀ ਅੱਜ ਉਸੇ ਹੀ ਰਾਹ ਮਾਪਿਆਂ ਦਾ ਇਕਲੌਤਾ ਪੁੱਤਰ ਬੂਟਾ ਸਿੰਘ ਤੁਰ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੂਟਾ ਸਿੰਘ ਦੀਆਂ ਦੋ ਭੈਣਾਂ ਸਨ, ਜੋ ਵਿਆਹੀਆਂ ਹੋਈਆਂ ਹਨ। ਜਦੋਂ ਕਿ ਬੂਟਾ ਸਿੰਘ ਅਜੇ ਕੁਆਰਾ ਸੀ ਪਰ ਚਿੱਟੇ ਦਾ ਕੁਲਹਿਣੇ ਦੌਰ 'ਚ ਉਸ ਨੂੰ ਹੋਣੀ ਵਿਆਹ ਕੇ ਲੈ ਗਈ। ਘਟਨਾ ਨੂੰ ਲੈ ਕੇ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇਸੇ ਹੀ ਪਿੰਡ ਦਾ ਨੌਜਵਾਨ ਚਿੱਟੇ ਨਾਲ ਮਰ ਚੁੱਕਾ ਹੈ। ਮੌਤ ਦੀ ਖਬਰ ਸੁਣਦਿਆਂ ਹੀ ਮ੍ਰਿਤਕ ਬੂਟਾ ਸਿੰਘ ਦੇ ਘਰ ਆਸ-ਪਾਸ ਤੋਂ ਲੋਕ ਪੁੱਜ ਗਏ, ਜੋ ਸਰਕਾਰ ਨੂੰ ਕੋਸ ਰਹੇ ਸਨ। ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਦਾ ਰੋ-ਰੋ ਬੁਰਾ ਹਾਲ ਸੀ ਅਤੇ ਉਸਦੇ ਵੈਣ ਅੰਬਰਾਂ ਨੂੰ ਚੀਰ ਰਹੇ ਸਨ। ਉਧਰ ਇਲਾਕੇ ਦੇ ਸਮਾਜ-ਸੇਵੀ ਲੋਕਾਂ ਨੇ ਇਸ ਰੁਝਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਆਖਰ ਕਦੋਂ ਤੱਕ ਜ਼ੀਰਾ ਵਿਧਾਨ ਸਭਾ ਹਲਕੇ 'ਚ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਨੂੰ ਲੋਕ ਸਕਣਗੇ।


author

satpal klair

Content Editor

Related News