ਕਦੋਂ ਸਿੱਧੇ ਹੋਣਗੇ ਕੈਪਟਨ ਅਤੇ ਸਿੱਧੂ ਦੇ ਟੇਡੇ ਸੁਰ ?

06/14/2019 8:32:49 PM

ਜਲੰਧਰ (ਜਸਬੀਰ ਵਾਟਾਂ ਵਾਲੀ) ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਪੜਾਅ ਦੌਰਾਨ ਨਵਜੋਤ ਸਿੰਘ ਨੇ ਅਜਿਹੀਆਂ ਟੇਡੀਆਂ ਸੁਰਾਂ ਛੇੜੀਆਂ ਕਿ ਉਹ ਸਿੱਧੀਆਂ ਜਾ ਕੇ ਕੈਪਟਨ ਅਮਰਿੰਦਰ ਦੇ ਦਿਲ ਵਿਚ ਖੁੱਭ ਗਈਆਂ। ਇਸ ਦੌਰਾਨ ਸਿੱਧੂ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ  ਵੱਡੇ ਘਰਾਣਿਆਂ ਵੱਲੋਂ ਖੇਡੇ ਜਾ ਫਰੈਂਡਲੀ ਮੈਚ ’ਤੇ ਤੰਜ ਕੱਸਿਆ ਸੀ। ਇਸ ਤੰਜ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲੈ ਲਿਆ ਅਤੇ ਸਿੱਧੂ ਖਿਲਾਫ ਸਿੱਧਾ-ਅਸਿੱਧਾ ਮੋਰਚਾ ਖੋਲ੍ਹ ਦਿੱਤਾ। ਕੈਪਟਨ ਨੇ ਮੀਡੀਆ ਵਿਚ ਆ ਕੇ ਇਹ ਤੱਕ ਕਹਿ ਦਿੱਤਾ ਸੀ ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ’ਤੇ ਹੈ। ਇਸ ਬਿਆਨ ਤੋਂ ਬਾਅਦ ਕੈਪਟਨ ਅਤੇ ਸਿੱਧੂ ਵਿਵਾਦ ਨੇ ਵਧੇਰੇ ਜੋਰ ਫੜ੍ਹ ਲਿਆ। ਕੈਪਟਨ ਅਤੇ ਉਸਦੇ ਨੇੜਦਾਰ ਮੰਤਰੀਆਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੁਝ ਸੀਟਾਂ ’ਤੇ ਉਮੀਦ ਮੁਤਾਬਕ ਨਤੀਜੇ ਨਾ ਆਉਣ ਦਾ ਠੀਕਰਾ ਵੀ ਨਵਜੋਤ ਸਿੰਘ ਸਿੱਧੂ ਦੇ ਸਿਰ ਹੀ ਭੰਨਿਆ ਗਿਆ। ਇਸ ਦੇ ਨਾਲ-ਨਾਲ ਸਿੱਧੂ ਦੀ ਕਾਰਗੁਜਾਰੀ ਦਾ ਮੁਲਾਂਕਣ ਵੀ ਕੀਤਾ ਗਿਆ।

 ਕੁਝ ਦਿਨ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਆਪਣੇ ਮੰਤਰੀਆਂ ਦੇ ਵਿਭਾਗ ਬਦਲੇ ਗਏ ਤਾਂ ਇਸ ਵਿਵਾਦ ਨੂੰ ਹੋਰ ਵੀ ਹਵਾ ਮਿਲ ਗਈ।  ਇਸ ਦੌਰਾਨ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਦੇ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਬਿਜਲੀ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ। ਇਸ ਸਭ ਕਾਰਵਾਈ ਲਈ ਬਹਾਨਾ ਇਹ ਬਣਿਆ ਕਿ ਸਿੱਧੂ ਨੇ ਸਿੰਗਲ ਟੈਂਡਰ ਦੀ ਸ਼ਰਤ ਨੂੰ ਭੰਗ ਕਰਕੇ ਈ ਟੈਂਡਰ ਦੀ ਥਾਂ ਮੈਨੂਅਲ ਟੈਂਡਰ ਨੂੰ ਤਰਜੀਹ ਦਿੱਤੀ, ਜਿਸ ਕਾਰਨ ਕੰਮਾਂ ਦੇ ਨਿਪਟਾਰੇ ਵਿਚ ਦੇਰੀ ਹੋਈ। ਇਸ ਤੋਂ ਬਾਅਦ ਕਹਾਣੀ ਉਦੋਂ ਹੋਰ ਵੀ ਗੁੰਝਲਦਾਰ ਹੋ ਗਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਜਾ ਕੇ ਪਾਰਟੀ ਸੁਪਰੀਮੋ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕੋਲ ਆਪਣਾ ਅਸਤੀਫਾ ਪੇਸ਼ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਸਿੱਧੂ ਨੇ ਕੈਪਟਨ ਵੱਲੋਂ ਦਿੱਤੇ ਨਵੇਂ ਅਹੁਦੇ ਦਾ ਚਾਰਜ ਸੰਭਾਲਣ ਤੋਂ ਵੀ ਇਨਕਾਰ ਕਰ ਦਿੱਤਾ। ਨਵਜੋਤ ਸਿੱਧੂ ਦੀ ਗੱਲਬਾਤ ਸੁਣਨ ਤੋਂ ਬਾਅਦ ਦਿੱਲੀ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਕਾਰ ਛਿੜੇ ਵਾਦ-ਵਿਵਾਦ ਨੂੰ ਖਤਮ ਕਰਨ ਲਈ ਅਹਿਮਦ ਪਟੇਲ ਦੀ ਡਿਊਟੀ ਲਗਾ ਦਿੱਤੀ। ਅਹਿਮਦ ਪਟੇਲ ਦੀ ਲੱਗੀ ਡਿਊਟੀ ਦੇ ਅਜੇ ਤੱਕ ਕੋਈ ਸਾਰਥਕ ਸਿੱਟੇ ਨਹੀਂ ਨਿਕਲ ਸਕੇ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਇਸ ਵਿਵਾਦ ਨੂੰ ਸੁਲਝਾਉਣ ਲਈ ਸਿੱਧੂ ਨੂੰ ਡਿਪਟੀ ਸੀ. ਐੱਮ ਜਾਂ ਫਿਰ ਪੰਜਾਬ ਕਾਂਗਰਸ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ।

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਪਟਨ ਅਤੇ ਸਿੱਧੂ ਵਿਚਕਾਰ ਤਣਾਤਣੀ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ‘ਕੌਣ ਕੈਪਟਨ ? ਮੇਰਾ ਕੈਪਟਨ ਰਾਹੁਲ ਗਾਂਧੀ’ ਕਹਿਣ ਤੋਂ ਬਾਅਦ ਸਿੱਧੂ ਅਤੇ ਕੈਪਟਨ ਵਿਚਕਾਰ ਕਸ਼ਮਕਸ਼ ਦਾ ਮਾਹੌਲ ਬਣ ਗਿਆ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਹ ਕਹਿ ਕੇ ਗੱਲ ਨਬੇੜ ਲਈ ਸੀ ਕਿ ‘ਕੈਪਟਨ ਸਾਹਿਬ ਮੇਰੇ ਪਿਤਾ ਸਮਾਨ ਹਨ ਅਤੇ ਉਹੀ ਪੰਜਾਬ ਦੇ ਕੈਪਟਨ ਹਨ’। ਦੂਜੇ ਪਾਸੇ ਸਿੱਧੂ ਅਤੇ ਕੈਪਟਨ ਵਿਵਾਦ ਦਾ ਲਾਹਾ ਲੈਣ ਲਈ ਪੀ. ਡੀ. ਏ. ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਵੀ ਤਿਆਰ-ਬਰ-ਤਿਆਰ ਬੈਠੇ ਹਨ। ਸਿਮਰਜੀਤ ਸਿੰਘ ਬੈਂਸ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਆਫਰ ਵੀ ਕਰ ਚੁੱਕੇ ਹਨ। ਇਸ ਕਸ਼ਮਕਸ਼ ਦੇ ਚਲਦਿਆਂ ਊਰਜਾ ਮਾਮਲਿਆਂ ਨਾਲ ਜੁੜੇ ਸਾਰੇ ਵਿਭਾਗਾਂ ਦੇ ਕੰਮ-ਕਾਰ ਵੀ ਮੰਤਰੀ ਜੀ ਦੇ ਬਿਨਾਂ ਹੀ ਚੱਲ ਰਹੇ ਹਨ। ਇਹ ਸਾਰੇ ਵਿਭਾਗ ਇਸ ਉਡੀਕ ਵਿਚ ਬੈਠੇ ਹਨ ਕਿ ਕਦੋਂ ਸਿੱਧੇ ਹੋਣਗੇ ਸਿੱਧੂ ਅਤੇ ਕੈਪਟਨ ਦੇ ਟੇਡੇ ਸੁਰ।


jasbir singh

News Editor

Related News