ਦੋਆਬਾ ''ਚ ਡਿੱਗਿਆ ''ਆਪ'' ਦਾ ਗ੍ਰਾਫ, ਡਿੱਗੇਗੀ ਕਈ ਲੋਕਲ ਆਗੂਆਂ ''ਤੇ ਗਾਜ

05/29/2019 10:31:55 AM

ਜਲੰਧਰ (ਬੁਲੰਦ)— ਲੋਕ ਸਭਾ ਚੋਣਾਂ 'ਚ ਉਂਝ ਤਾਂ ਪੰਜਾਬ ਦੀਆਂ 13 ਸੀਟਾਂ 'ਚੋਂ ਸਿਰਫ ਸੰਗਰੂਰ ਸੀਟ ਛੱਡ ਕੇ ਸਾਰੀਆਂ ਸੀਟਾਂ 'ਤੇ 'ਆਪ' ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇੰਨਾ ਹੀ ਨਹੀਂ, ਪਾਰਟੀ ਨੇ ਦੇਸ਼ ਵਿਚ 9 ਸੂਬਿਆਂ 'ਚ ਕੁੱਲ 40 ਸੀਟਾਂ 'ਤੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਪਰ ਸਿਰਫ ਪੰਜਾਬ ਦੀ ਇਕ ਸੀਟ 'ਤੇ ਹੀ ਕਾਮਯਾਬੀ ਹਾਸਿਲ ਕਰ ਸਕੀ ਹੈ। ਦਿੱਲੀ 'ਚ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਇਕ ਵੀ ਸੀਟ ਨਾ ਜਿੱਤ ਸਕਣਾ ਪਾਰਟੀ ਦੀ ਕਾਰਜਸ਼ੈਲੀ ਤੇ ਯੋਜਨਾਬੰਦੀ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।
ਪੰਜਾਬ ਦੇ ਦੋਆਬਾ ਦੀਆਂ ਚਾਰ ਸੀਟਾਂ ਦੀ ਗੱਲ ਕਰੀਏ ਤਾਂ ਇਥੇ ਪਾਰਟੀ ਨੇ ਬੇਹੱਦ ਬੁਰੀ ਪ੍ਰਫਾਰਮੈਂਸ ਦਿੱਤੀ। ਮੁੱਖ ਤੌਰ 'ਤੇ ਜਲੰਧਰ ਅਤੇ ਹੁਸ਼ਿਆਰਪੁਰ ਤੋਂ ਪਾਰਟੀ ਨੇ ਦੋ ਪੜ੍ਹੇ-ਲਿਖੇ ਉਮੀਦਵਾਰ ਮੈਦਾਨ 'ਚ ਉਤਾਰੇ ਸਨ। ਹੁਸ਼ਿਆਰਪੁਰ 'ਚ ਡਾ. ਰਵਜੋਤ ਸਿੰਘ ਅਤੇ ਜਲੰਧਰ ਸੀਟ ਤੋਂ ਹਾਈਕੋਰਟ ਦੇ ਰਿਟਾ. ਜਸਟਿਸ ਜ਼ੋਰਾ ਸਿੰਘ ਨੂੰ ਮੈਦਾਨ 'ਚ ਉਤਾਰ ਕੇ ਪਾਰਟੀ ਨੇ ਸੋਚਿਆ ਹੋਵੇਗਾ ਕਿ ਲੋਕ ਐਜੂਕੇਸ਼ਨ ਦੇ ਆਧਾਰ 'ਤੇ ਸ਼ਾਇਦ ਉਨ੍ਹਾਂ ਦੇ ਉਮੀਦਵਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾਉਣਗੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਪਾਰਟੀ ਨੂੰ ਲੋਕਾਂ ਨੇ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਕਿ ਜਲੰਧਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਨੂੰ ਸਿਰਫ 25467 (2.5 ਫੀਸਦੀ) ਵੋਟਾਂ ਪਈਆਂ, ਜਦੋਂਕਿ ਬਸਪਾ ਨੇ 20.1 ਫੀਸਦੀ ਵੋਟਾਂ ਹਾਸਲ ਕੀਤੀਆਂ। ਜਲੰਧਰ ਸੀਟ 'ਤੇ 'ਆਪ' ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ।

ਇਸੇ ਤਰ੍ਹਾਂ ਹੁਸ਼ਿਆਰਪੁਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਸਿੰਘ ਨੂੰ ਸਿਰਫ 44814 (4.53 ਫੀਸਦੀ) ਵੋਟਾਂ ਮਿਲੀਆਂ। ਉਨ੍ਹਾਂ ਦੀ ਵੀ ਇਥੇ ਜ਼ਮਾਨਤ ਜ਼ਬਤ ਹੋਈ। ਹੁਸ਼ਿਆਰਪੁਰ ਤੋਂ ਬਸਪਾ ਨੂੰ 12.98 ਫੀਸਦੀ ਵੋਟਾਂ ਪਈਆਂ। ਖਡੂਰ ਸਾਹਿਬ ਸੀਟ ਤੋਂ ਪਾਰਟੀ ਨੇ ਯੂਥ ਵਿੰਗ ਦੇ ਪ੍ਰਧਾਨ ਮਨਿੰਦਰ ਸਿੰਘ ਸਿੱਧੂ ਨੂੰ ਖੜ੍ਹਾ ਕੀਤਾ ਸੀ ਪਰ ਸਿੱਧੂ ਇਥੇ ਕੋਈ ਕਮਾਲ ਨਹੀਂ ਕਰ ਸਕੇ ਅਤੇ ਪੰਥਕ ਵੋਟਾਂ ਦੀ ਡਿਵਾਈਡੇਸ਼ਨ ਦਾ ਸਿੱਧਾ ਲਾਭ ਕਾਂਗਰਸ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਪੱਲੇ ਸਿਰਫ 13636 ਵੋਟਾਂ (1.31 ਫੀਸਦੀ) ਹੀ ਪਈਆਂ। ਆਨੰਦਪੁਰ ਸਾਹਿਬ ਸੀਟ 'ਤੇ ਨਰਿੰਦਰ ਸ਼ੇਰਗਿੱਲ ਸਿਰਫ 53053 ਵੋਟਾਂ ਹੀ ਹਾਸਲ ਕਰ ਸਕੇ।

ਇਨ੍ਹਾਂ ਨਤੀਜਿਆਂ ਨੂੰ ਦੇਖਦੇ ਹੋਏ 'ਆਪ' ਦੀ ਪੰਜਾਬ ਇਕਾਈ 'ਚ ਹੜਕੰਪ ਮਚਿਆ ਹੋਇਆ ਹੈ। ਪਾਰਟੀ ਦੇ ਵੋਟ ਬੈਂਕ 'ਚ ਆਈ ਭਾਰੀ ਗਿਰਾਵਟ ਦਾ ਪਾਰਟੀ ਦੀ ਪੰਜਾਬ ਇਕਾਈ ਨੂੰ ਜਵਾਬ ਨਹੀਂ ਮਿਲ ਰਿਹਾ। ਹਾਲਾਤ ਇਹ ਹਨ ਕਿ ਹੁਣ ਪਾਰਟੀ ਦੋਆਬੇ ਦੀਆਂ ਇਨ੍ਹਾਂ ਦੋਵਾਂ ਸੀਟਾਂ 'ਤੇ ਹਾਰ ਦਾ ਮੁੱਲਾਂਕਣ ਕਰਨ ਵਿਚ ਲੱਗੀ ਹੈ। ਬੀਤੇ ਦਿਨ ਗੜ੍ਹਸ਼ੰਕਰ 'ਚ ਮੀਟਿੰਗ ਤੋਂ ਬਾਅਦ ਹੁਣ ਪਾਰਟੀ ਜ਼ਿਲਾ ਅਤੇ ਹਲਕਾ ਪੱਧਰ 'ਤੇ ਮੀਟਿੰਗਾਂ ਕਰਨ ਦੀ ਤਿਆਰੀ ਵਿਚ ਹੈ।
ਮਾਮਲੇ ਬਾਰੇ ਜੇਕਰ ਪਾਰਟੀ ਵਰਕਰਾਂ ਦੀ ਮੰਨੀਏ ਤਾਂ ਪੰਜਾਬ 'ਚ ਪਾਰਟੀ ਦੀ ਹਾਰ ਲਈ ਹਾਈਕਮਾਨ ਹੀ ਜ਼ਿੰਮੇਵਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਪੰਜਾਬ ਵਿਚ ਨਾ ਤਾਂ ਪਾਰਟੀ ਨੂੰ ਸਟੈਂਡ ਕਰਨ ਵੱਲ ਧਿਆਨ ਦਿੱਤਾ ਅਤੇ ਨਾ ਹੀ ਪਾਰਟੀ ਹਾਈਕਮਾਨ ਨੇ ਦੋਆਬੇ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ।


ਪਾਰਟੀ ਵੋਟਰਾਂ ਦਾ ਕਹਿਣਾ ਹੈ ਕਿ ਜਲੰਧਰ ਸੀਟ ਤੋਂ ਪਾਰਟੀ ਨੇ ਬਾਹਰੀ ਉਮੀਦਵਾਰ ਉਤਾਰਿਆ, ਜਿਸ ਕਾਰਨ ਲੋਕਲ ਲੀਡਰਸ਼ਿਪ ਨਾਰਾਜ਼ ਹੀ ਰਹੀ। ਲੋਕਲ ਲੀਡਰਾਂ ਨੇ ਪਾਰਟੀ ਉਮੀਦਵਾਰ ਦਾ ਸਾਥ ਹੀ ਨਹੀਂ ਦਿੱਤਾ। ਇਸੇ ਤਰ੍ਹਾਂ ਜ਼ੋਰਾ ਸਿੰਘ ਨੇ ਵੀ ਚੋਣ ਪ੍ਰਚਾਰ ਦੌਰਾਨ ਲੋਕਲ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ ਸਾਥ ਨਾ ਦਿੱਤੇ ਜਾਣ ਦੀ ਸ਼ਿਕਾਇਤ ਹਾਈਕਮਾਨ ਕੋਲ ਭੇਜੀ ਸੀ। ਆਪਸੀ ਖਿੱਚੋਤਾਣ ਦਰਮਿਆਨ ਪਾਰਟੀ ਦੀ ਹਾਰ ਹੋਣੀ ਸੁਭਾਵਿਕ ਹੀ ਸੀ। ਹੁਸ਼ਿਆਰਪੁਰ 'ਚ ਪਾਰਟੀ ਦੇ ਅੰਦਰ ਆਪਸੀ ਖਿੱਚੋਤਾਣ ਰਹੀ। ਖਾਸਕਰ ਜੋ ਲੋਕ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਸਨ ਉਨ੍ਹਾਂ ਨੇ ਪਾਰਟੀ ਖਿਲਾਫ ਪ੍ਰਚਾਰ ਕਰਨ 'ਚ ਕੋਈ ਕਮੀ ਨਹੀਂ ਛੱਡੀ। ਡਾ. ਰਵਜੋਤ ਦੀ ਮਿਹਨਤ ਇਥੇ ਕੋਈ ਰੰਗ ਨਾ ਵਿਖਾ ਸਕੀ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕੇਜਰੀਵਾਲ ਨੇ ਪੰਜਾਬ ਦੌਰੇ ਦੌਰਾਨ ਦੋਆਬੇ ਨੂੰ ਇਕ ਦਿਨ ਦਾ ਸਮਾਂ ਵੀ ਨਹੀਂ ਦਿੱਤਾ। ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਕੇਜਰੀਵਾਲ ਅੱਧਾ ਦਿਨ ਜਲੰਧਰ ਤੇ ਅੱਧਾ ਦਿਨ ਹੁਸ਼ਿਆਰਪੁਰ 'ਚ ਰੋਡ ਸ਼ੋਅ ਹੀ ਕਰ ਲੈਂਦੇ ਤਾਂ ਪਾਰਟੀ ਵੋਟ ਬੈਂਕ 'ਤੇ ਅਸਰ ਪੈ ਸਕਦਾ ਸੀ ਪਰ ਕੇਜਰੀਵਾਲ ਸਿਰਫ ਮਾਲਵਾ ਤੱਕ ਹੀ ਸੀਮਤ ਰਹੇ। ਜਿਸ ਦਿੱਲੀ ਨੂੰ ਉਹ ਆਪਣਾ ਸਾਰਾ ਸਮਾਂ ਦਿੰਦੇ ਰਹੇ ਉਥੇ ਵੀ ਇਕ ਵੀ ਸੀਟ ਨਾ ਲੈ ਸਕੇ। ਪਾਰਟੀ ਵੋਟਰਾਂ ਦਾ ਕਹਿਣਾ ਹੈ ਕਿ ਜੇਕਰ ਇਕ ਹਫਤਾ ਕੇਜਰੀਵਾਲ ਪੰਜਾਬ ਨੂੰ ਦਿੰਦੇ ਤਾਂ ਘੱਟੋ-ਘੱਟ 3 ਸੀਟਾਂ ਹਾਸਲ ਕਰ ਸਕਦੇ ਸਨ।

ਮੌਜੂਦਾ ਹਾਲਾਤ ਬਾਰੇ ਪਾਰਟੀ ਦੇ ਮੀਤ ਪ੍ਰਧਾਨ ਪੰਜਾਬ ਅਮਨ ਅਰੋੜਾ ਦਾ ਕਹਿਣਾ ਹੈ ਕਿ ਪਾਰਟੀ ਆਪਣੀ ਹਾਰ ਦਾ ਮੰਥਨ ਕਰਨ 'ਚ ਲੱਗੀ ਹੈ। ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਗੜ੍ਹਸ਼ੰਕਰ ਵਿਚ ਹੋਈ ਮੀਟਿੰਗ ਤੋਂ ਬਾਅਦ ਹੁਣ ਹਲਕਾ ਅਤੇ ਜ਼ਿਲਾ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਲੋਕਲ ਆਗੂਆਂ ਖਿਲਾਫ ਪਾਰਟੀ ਉਮੀਦਵਾਰ ਦਾ ਸਾਥ ਨਾ ਦੇਣ ਦੇ ਦੋਸ਼ ਲੱਗ ਰਹੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਦੋਸ਼ ਸਹੀ ਪਾਏ ਗਏ ਤਾਂ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ, ਜੋ ਚੋਣਾਂ ਵਿਚ ਉਮੀਦਵਾਰਾਂ ਨੂੰ ਮਿਸਗਾਈਡ ਕਰਦੇ ਰਹੇ ਜਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਦੇ ਰਹੇ।


shivani attri

Content Editor

Related News