ਸੰਤੋਖ ਚੌਧਰੀ ਨੇ ਚੋਣਾਂ 'ਚ ਖਰਚੇ 68.90 ਲੱਖ, 4 ਉਮੀਦਵਾਰਾਂ ਦਾ ਖਰਚਾ ਰਿਹਾ ਕਰੋੜ ਤੋਂ ਪਾਰ

06/22/2019 11:26:28 AM

ਜਲੰਧਰ (ਪੁਨੀਤ)— ਚੋਣ ਪ੍ਰਚਾਰ 'ਚ ਹੋਏ ਖਰਚ ਦੀ ਸਮੀਖਿਆ ਲਈ ਪਹੁੰਚੇ ਖਰਚ ਆਬਜ਼ਰਵਰ ਆਈ. ਆਰ. ਐੱਸ. (ਇੰਡੀਅਨ ਰੈਵੇਨਿਊ ਸਰਵਿਸਿਜ਼) ਅਧਿਕਾਰੀ ਪ੍ਰੀਤੀ ਚੌਧਰੀ, ਅਮਿਤ ਸ਼ੁਕਲਾ ਦੀ ਅਗਵਾਈ ਹੇਠ ਉਮੀਦਵਾਰਾਂ ਦੇ ਖਰਚ ਰਜਿਸਟਰ ਦਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਖਰਚ ਰਜਿਸਟਰ ਨਾਲ ਮਿਲਾਨ ਕੀਤਾ ਗਿਆ। ਡੀ. ਸੀ. ਵਰਿੰਦਰ ਸ਼ਰਮਾ ਦੀ ਅਗਵਾਈ 'ਚ ਹੋਏ ਇਸ ਮਿਲਾਨ 'ਚ 18 ਉਮੀਦਵਾਰਾਂ ਦਾ ਕੁੱਲ ਖਰਚ 1.83 ਕਰੋੜ ਰੁਪਏ ਪਾਇਆ ਗਿਆ।

ਜਲੰਧਰ ਲੋਕ ਸਭਾ ਸੀਟ ਲਈ ਕੁੱਲ 19 ਉਮੀਦਵਾਰ ਮੈਦਾਨ 'ਚ ਸਨ, ਇਨ੍ਹਾਂ 'ਚੋਂ 18ਉਮੀਦਵਾਰਾਂ ਨੇ ਤਾਂ ਖਰਚ ਪੇਸ਼ ਕਰ ਦਿੱਤਾ ਜਦੋਂਕਿ ਇਕ ਆਜ਼ਾਦ ਉਮੀਦਵਾਰ ਵੱਲੋਂ ਖਰਚ ਦਾ ਵੇਰਵਾ ਪੇਸ਼ ਨਹੀਂ ਕੀਤਾ ਗਿਆ। ਚੋਣਾਂ 'ਚ 70 ਲੱਖ ਰੁਪਏ ਤੱਕ ਖਰਚ ਕੀਤਾ ਜਾ ਸਕਦਾ ਹੈ, ਇਸ ਦੌਰਾਨ ਸਭ ਤੋਂ ਵੱਧ ਖਰਚ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਕੀਤਾ, ਉਨ੍ਹਾਂ 68. 90 ਲੱਖ ਰੁਪਏ ਖਰਚ ਕੀਤੇ। ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵੱਲੋਂ 50.07 ਲੱਖ ਜਦੋਂਕਿ ਆਮ ਆਦਮੀ ਪਾਰਟੀ ਦੇ ਜਸਟਿਸ ਜ਼ੋਰਾ ਸਿੰਘ ਵੱਲੋਂ 20.37 ਅਤੇ ਬਸਪਾ ਦੇ ਬਲਵਿੰਦਰ ਸਿੰਘ ਵੱਲੋਂ 31.11 ਲੱਖ ਰੁਪਏ ਖਰਚ ਕੀਤੇ ਗਏ। 18 ਉਮੀਦਵਾਰਾਂ ਵੱਲੋਂ ਕੁੱਲ ਖਰਚ 1.83 ਕਰੋੜ ਬਣਦਾ ਹੈ, ਜਦੋਂਕਿ ਇਨ੍ਹਾਂ ਚਾਰਾਂ ਉਮੀਦਵਾਰਾਂ ਦਾ ਖਰਚ 1.70 ਕਰੋੜ ਰੁਪਏ ਬਣਦਾ ਹੈ।ਉਥੇ 18 ਉਮੀਦਵਾਰਾਂ ਦਾ ਖਰਚ ਸਿਰਫ 13 ਲੱਖ ਰੁਪਏ ਦੇ ਕਰੀਬ ਬਣਦਾ ਹੈ।

ਪੇਸ਼ ਹੋਈ ਰਿਪੋਰਟ ਮੁਤਾਬਕ ਅੰਬੇਡਕਰ ਨੈਸ਼ਨਲ ਕਾਂਗਰਸ ਦੀ ਉਰਮਿਲਾ ਵੱਲੋਂ 94,190, ਸ਼ਿਵ ਸੈਨਾ ਬਾਲ ਠਾਕਰੇ ਦੇ ਸੁਭਾਸ਼ ਗੋਰੀਆ ਵੱਲੋਂ 1.63 ਲੱਖ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਹਰੀ ਮਿੱਤਰ ਵੱਲੋਂ 46.141, ਭਾਰਤ ਪ੍ਰਭਾਤ ਪਾਰਟੀ ਦੇ ਗੁਰਪਾਲ ਸਿੰਘ ਵੱਲੋਂ 48,200, ਹਮ ਭਾਰਤੀ ਪਾਰਟੀ ਦੇ ਨਾਥ ਬਾਜਵਾ ਵੱਲੋਂ 1.11 ਲੱਖ, ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਤਾਰਾ ਸਿੰਘ ਗਿੱਲ ਨੇ 1.61ਲੱਖ, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਪ੍ਰਕਾਸ਼ ਚੰਦ ਜੱਸਲ ਵੱਲੋਂ 1.28 ਲੱਖ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸੋਢੀ ਵੱਲੋਂ 18,590, ਬਹੁਜਨ ਮੁਕਤੀ ਪਾਰਟੀ ਦੇ ਰਮੇਸ਼ ਲਾਲ ਕਾਲਾ ਨੇ 38, 093 , ਆਜ਼ਾਦ ਉਮੀਦਵਾਰ ਉਪਕਾਰ ਸਿੰਘ ਬਖਸ਼ੀ ਨੇ 1.72 ਲੱਖ, ਅਮਰੀਸ਼ ਕੁਮਾਰ ਨੇ 1.22ਲੱਖ, ਸੁਖਦੇਵਲ ਸਿੰਘ ਵੱਲੋਂ 47,166, ਕਸ਼ਮੀਰ ਸਿੰਘ ਘੁੱਗਸ਼ੋਰ ਵੱਲੋਂ 1.48 ਲੱਖ, ਨੀਟੂ ਸ਼ਟਰਾਂ ਵਾਲਾ ਵੱਲੋਂ 44, 800 ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਨੇ ਖਰਚ ਦਾ ਵੇਰਵਾ ਪੇਸ਼ ਨਹੀਂ ਕੀਤਾ।

ਡੀ. ਸੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਮੀਦਵਾਰ ਵੱਲੋਂ ਭਾਰਤੀ ਚੋਣ ਕਮਿਸ਼ਨ ਦੀ ਨਿਰਧਾਰਿਤ ਹੱਦ 70 ਲੱਖ ਰੁਪਏ ਤੋਂ ਵੱਧ ਖਰਚ ਨਾ ਕੀਤਾ ਜਾਵੇ, ਜਿਸ ਦੇ ਲਈ ਖਰਚ ਆਬਜ਼ਰਵਰਾਂ ਦੀਆਂ ਟੀਮਾਂ ਨੇ ਪੂਰੀ ਚੋਣ ਮੁਹਿੰਮ ਦੌਰਾਨ ਸਖਤ ਨਿਗਰਾਨੀ ਰੱਖੀ। ਉਨ੍ਹਾਂ ਕਿਹਾ ਕਿ ਜੇਤੂ ਉਮੀਦਵਾਰਾਂ ਵੱਲੋਂ ਜਿੱਤਣ ਤੋਂ ਬਾਅਦ ਨਵੀ ਕੱਢੀਆਂ ਗਈਆਂ ਰੈਲੀਆਂ ਦਾ ਖਰਚ ਵੀ ਚੋਣ ਖਰਚ 'ਚ ਸ਼ਾਮਲ ਕੀਤਾ ਗਿਆ ਹੈ। ਖਰਚ ਰਜਿਸਟਰ ਦੇ ਮਿਲਾਨ ਦੌਰਾਨ ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਅਧਿਕਾਰੀ ਜਤਿੰਦਰ ਜੋਰਵਾਲ ਖਾਸ ਤੌਰ 'ਤੇ ਮੌਜੂਦ ਰਹੇ।
ਸਭ ਤੋਂ ਵੱਧ ਖਰਚ ਕਰਨ ਵਾਲੇ ਮੁੱਖ ਚਾਰ ਉਮੀਦਵਾਰ
ਕਾਂਗਰਸ ਚੌਧਰੀ ਸੰਤੋਖ- 68.90 ਲੱਖ
ਅਕਾਲੀ ਚਰਨਜੀਤ ਅਟਵਾਲ- 50.07 ਲੱਖ
'ਆਪ' ਜਸਟਿਸ ਜ਼ੋਰਾ ਸਿੰਘ- 20.37 ਲੱਖ
ਬਸਪਾ ਬਲਵਿੰਦਰ ਕੁਮਾਰ-31.11 ਲੱਖ


shivani attri

Content Editor

Related News