ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਡੋਬੀ ਕਾਂਗਰਸ ਦੀ ਬੇੜੀ

06/23/2019 6:13:36 PM

ਜਲੰਧਰ (ਚੋਪੜਾ)— ਲੋਕ ਸਭਾ ਚੋਣ ਨਤੀਜਿਆਂ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਪਾਰਟੀ 'ਚ ਮਚੇ ਬਵਾਲ 'ਚ ਹਾਰ ਦੇ ਕਾਰਨਾਂ ਦੀ ਸਮੀਖਿਆ ਹੋਣ ਲੱਗੀ ਹੈ। ਇਸੇ ਕੜੀ 'ਚ ਇਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਪਾਰਟੀ ਦੀ ਬੇੜੀ ਡੋਬੀ ਹੈ। ਗਾਂਧੀ ਪਰਿਵਾਰ ਦੇ ਵੰਸ਼ ਰਾਹੁਲ ਗਾਂਧੀ ਨੇ ਸਰਗਰਮ ਸਿਆਸਤ 'ਚ ਆਉਣ ਤੋਂ ਬਾਅਦ ਯੂਥ ਕਾਂਗਰਸ 'ਚ ਸੰਗਠਨਾਤਮਕ ਚੋਣਾਂ ਕਰਵਾਉਣ ਦਾ ਫੈਸਲਾ ਲਿਆ। ਰਾਹੁਲ ਗਾਂਧੀ ਦਾ ਮੰਨਣਾ ਸੀ ਕਿ ਦੇਸ਼ ਦਾ ਨੌਜਵਾਨ ਕਾਂਗਰਸ ਦੇ ਫਰੰਟੀਅਲ ਸੰਗਠਨ 'ਚ ਚੋਣ ਲੜ ਕੇ ਹੀ ਅਹੁਦੇ ਹਾਸਲ ਕਰੇ ਅਤੇ ਇਕ ਸਸ਼ਕਤ ਨੇਤਾ ਦੇ ਤੌਰ 'ਤੇ ਉਭਰ ਦੇ ਪਾਰਟੀ 'ਚ ਕਾਰਜਭਾਰ ਸੰਭਾਲੇ। ਪਾਰਟੀ ਨੇ ਵੀ ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸਾਲ 2008 'ਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਪੰਜਾਬ ਤੋਂ ਸ਼ੁਰੂਆਤ ਕਰਦੇ ਹੋਏ ਦੇਸ਼ 'ਚ ਯੂਥ ਕਾਂਗਰਸ ਦੀ ਪਹਿਲੀ ਚੋਣ ਕਰਵਾਈ। ਉਸ ਸਮੇਂ ਮੌਜੂਦਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ ਅਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਸ਼ ਦੇ ਪਹਿਲੇ ਚੁਣੇ ਗਏ ਪ੍ਰਦੇਸ਼ ਪ੍ਰਧਾਨ ਬਣੇ। ਪੰਜਾਬ ਦੀਆਂ ਚੋਣਾਂ ਤੋਂ ਬਾਅਦ 2009 'ਚ ਹੋਈਆਂ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੇ ਸਿੰਗਲਾ ਤੇ ਬਿੱਟੂ ਦੋਵਾਂ ਨੂੰ ਕਾਂਗਰਸ ਦੀ ਟਿਕਟ ਨਾਲ ਨਿਵਾਜਿਆ ਅਤੇ ਦੋਵੇਂ ਨੇਤਾ ਜਿੱਤ ਹਾਸਲ ਕਰਕੇ ਸੰਸਦ ਮੈਂਬਰ ਬਣ ਗਏ, ਜਿਸ ਤੋਂ ਬਾਅਦ ਸ਼ੁਰੂਆਤ 'ਚ ਲੱਗਦਾ ਸੀ ਕਿ ਚੋਣ ਪ੍ਰਕਿਰਿਆ ਨੌਜਵਾਨਾਂ ਨੂੰ ਸਿਆਸਤ 'ਚ ਇਕ ਨਵੇਂ ਮੋੜ 'ਤੇ ਪਹੁੰਚਣ ਦਾ ਮੌਕਾ ਦੇਵੇਗੀ ਪਰ ਚੰਦ ਸਾਲਾਂ 'ਚ ਹੀ ਚੋਣਾਂ ਦੇ ਉਲਟ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਯੂਥ ਕਾਂਗਰਸ ਚੋਣਾਂ 'ਚ ਪੈਸਾ, ਗੁੱਟਬਾਜ਼ੀ ਅਤੇ ਅਨੁਸ਼ਾਸਨਹੀਣਤਾ ਦੀ ਸਿਉਂਕ ਨੇ ਪਾਰਟੀ ਨੂੰ ਹਰੇਕ ਪੱਧਰ 'ਤੇ ਖੋਖਲਾ ਕਰਕੇ ਰੱਖ ਦਿੱਤਾ।

ਸੰਗਠਨ ਦੀਆਂ ਇਨ੍ਹਾਂ ਚੋਣਾਂ 'ਚ ਪੈਸੇ ਦਾ ਬੋਲਬਾਲਾ ਦਿਖਣ ਲੱਗਾ, ਪੈਸੇ ਵਾਲੇ ਨੇਤਾ ਆਪਣੇ ਚਹੇਤਿਆਂ ਨੂੰ ਜਿਤਾਉਣ ਲੱਗੇ, ਜਿੱਤਣ ਵਾਲਾ ਵੀ ਇਸ ਘੁਮੰਡ ਦੇ ਨਾਲ ਰਹਿੰਦਾ ਕਿ ਉਹ ਜਿੱਤ ਕੇ ਆਇਆ ਹੈ, ਉਸ ਨੂੰ ਹੁਣ ਭਲਾ ਕੌਣ ਹਟਾਏਗਾ। ਪ੍ਰਦੇਸ਼ ਪੱਧਰ 'ਤੇ ਚੋਣਾਂ ਦੀ ਸਾਰੀ ਵਾਗਡੋਰ ਸਥਾਨਕ ਮੰਤਰੀਆਂ, ਵਿਧਾਇਕਾਂ ਜਾਂ ਵੱਡੇ ਨੇਤਾਵਾਂ ਦੇ ਹੱਥ 'ਚ ਆ ਗਈ। ਹਰੇਕ ਨੇਤਾ ਆਪਣੇ ਪੁੱਤਰ, ਰਿਸ਼ਤੇਦਾਰ, ਸਮਰਥਕ ਅਤੇ ਵਿਸ਼ਵਾਸਪਾਤਰ ਯੁਵਾ ਨੂੰ ਹੀ ਉੱਚ ਅਹੁਦੇ 'ਤੇ ਬਿਠਾਉਣ 'ਚ ਜੁਟਿਆ ਰਿਹਾ, ਜਿਸ ਕਾਰਣ ਯੂਥ ਕਾਂਗਰਸ ਹੀ ਨਹੀਂ ਸਗੋਂ ਸਮੁੱਚੀ ਪਾਰਟੀ 'ਚ ਗੁਟਬਾਜ਼ੀ ਅਤੇ ਅਨੁਸ਼ਾਸਨਹੀਣਤਾ ਆਪਣੀ ਚੋਟੀ 'ਤੇ ਪਹੁੰਚ ਗਈ। ਹੁਣ ਤੱਕ ਦੇਸ਼ 'ਚ 2 ਅਤੇ 3 ਵਾਰ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ ਅਜਿਹਾ ਇਕ ਵੀ ਜ਼ਿਲਾ ਅਤੇ ਪ੍ਰਦੇਸ਼ ਨਹੀਂ ਰਿਹਾ ਜਿਥੇ ਯੂਥ ਕਾਂਗਰਸ 'ਚ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਨਾ ਆਈ ਹੋਵੇ।
ਹਾਲਾਤ ਅਜਿਹੇ ਹਨ ਕਿ ਹੌਲੀ-ਹੌਲੀ ਨੌਜਵਾਨਾਂ ਦਾ ਸੰਗਠਨ ਦੀਆਂ ਚੋਣਾਂ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਉਹ ਯੂਥ ਕਾਂਗਰਸ ਹੀ ਨਹੀਂ ਸਗੋਂ ਪਾਰਟੀ ਤੋਂ ਵੀ ਕਿਨਾਰਾ ਕਰਨ ਲੱਗੇ ਹਨ। ਇਥੋਂ ਤੱਕ ਕਿ ਯੂਥ ਕਾਂਗਰਸ ਦੇ ਪ੍ਰੋਗਰਾਮਾਂ ਅਤੇ ਧਰਨੇ-ਪ੍ਰਦਰਸ਼ਨਾਂ 'ਚ ਵੀ ਨੌਜਵਾਨਾਂ ਦੀ ਭੀੜ ਖਾਸੀ ਘਟ ਗਈ ਹੈ। ਹਾਲਾਂਕਿ, ਇਸ ਦੇ ਕੁਝ ਅਪਵਾਦ ਹਨ ਜੋ ਰਾਹੁਲ ਦੇ ਪ੍ਰਯੋਗ ਨੂੰ ਸਫਲ ਸਾਬਤ ਕਰਦੇ ਦਿਖੇ ਪਰ ਇਸ ਦਾ ਫੀਸਦੀ ਥੋੜ੍ਹਾ-ਬਹੁਤ ਨਹੀਂ ਖਾਸਾ ਘੱਟ ਹੈ ਪਰ ਹੁਣ ਪਾਰਟੀ ਦੇ ਹਾਲਤ ਤੋਂ ਬਾਅਦ ਇਕ ਵੱਡਾ ਸਵਾਲ ਉਠਾਇਆ ਹੈ ਕਿ ਕੀ ਰਾਹੁਲ ਗਾਂਧੀ ਦੀ ਯੁਵਾ ਸੋਚ ਦਾ ਵੀ ਪਾਰਟੀ ਦੀ ਬੇੜੀ ਨੂੰ ਡੋਬਣ 'ਚ ਵੱਡਾ ਹੱਥ ਰਿਹਾ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਤੋਂ ਲੈ ਕੇ ਸਾਧਾਰਣ ਵਰਕਰ ਨਾਲ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਹੈ ਕਿ ਯੂਥ ਕਾਂਗਰਸ 'ਚ ਚੋਣਾਂ ਕਰਵਾਉਣ ਨਾਲ ਕਾਂਗਰਸ ਨੂੰ ਯੁਵਾ ਵਰਗ 'ਚ ਖਾਸਾ ਨੁਕਸਾਨ ਹੋਇਆ ਹੈ। ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਣ ਵਾਲਾ ਫਰੰਟ੍ਰੀਅਲ ਸੰਗਠਨ ਫਲਾਪ ਦਿਖ ਰਿਹਾ ਹੈ।ਆਲਾ ਕਮਾਨ ਨੂੰ ਦੇਸ਼ ਭਰ 'ਚ ਮਿਲ ਰਹੇ ਫੀਡਬੈਕ ਤੋਂ ਬਾਅਦ ਪਾਰਟੀ 'ਚ ਮੰਥਨ ਚੱਲ ਰਿਹਾ ਹੈ। ਲੰਬੇ ਅਰਸੇ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾਵਾਂ ਮੋਤੀ ਲਾਲ ਵੋਰਾ ਸਮੇਤ ਅਨੇਕਾਂ ਨੇਤਾਵਾਂ ਦਾ ਮੰਨਣਾ ਹੈ ਕਿ ਪਾਰਟੀ 'ਚ ਯੂਥ ਕਾਂਗਰਸ ਅਤੇ ਐੱਨ. ਐੱਸ. ਯੂ. ਆਈ. 'ਚ ਚੋਣਾਂ ਬੰਦ ਕਰਵਾਉਣ ਦੇ ਪੱਖ 'ਚ ਖੜ੍ਹੇ ਹੋ ਗਏ ਹਨ। ਪਾਰਟੀ ਨੇਤਾ ਦੇਸ਼ ਭਰ ਤੋਂ ਮਿਲ ਰਹੇ ਫੀਡਬੈਕ ਤੋਂ ਬਾਅਦ ਮਾਮਲੇ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਾਹਮਣੇ ਉਠਾਉਣਗੇ ਕਿ ਜੇਕਰ ਕਾਂਗਰਸ ਨੂੰ ਦੁਬਾਰਾ ਪੈਰਾਂ 'ਤੇ ਖੜ੍ਹਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਯੂਥ ਕਾਂਗਰਸ 'ਚ ਚੋਣ ਪ੍ਰਕਿਰਿਆ ਨੂੰ ਬੰਦ ਕਰਨਾ ਹੋਵੇਗਾ।

PunjabKesari

ਪੰਜਾਬ 'ਚ ਯੂਥ ਕਾਂਗਰਸ ਦੀਆਂ ਚੋਣਾਂ 'ਤੇ ਸ਼ੰਕਾ ਦੀ ਸਥਿਤੀ ਬਣੀ
ਪਾਰਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਕਾਂਗਰਸ 'ਚ ਲਗਾਤਾਰ ਬਵਾਲ ਮਚਿਆ ਹੋਇਆ ਹੈ। ਇਸੇ ਕੜੀ 'ਚ ਯੂਥ ਕਾਂਗਰਸ 'ਚ ਹੋਣ ਚੋਣ ਪ੍ਰਕਿਰਿਆ ਜਾਰੀ ਰਹੇਗੀ ਜਾਂ ਬੰਦ ਹੋਵੇਗੀ, ਇਸ ਸਬੰਧੀ ਨੌਜਵਾਨਾਂ 'ਚ ਖਾਸੀ ਸ਼ੰਕਾ ਬਣੀ ਹੋਈ ਹੈ। ਆਲ ਇੰਡੀਆ ਯੂਥ ਕਾਂਗਰਸ ਦਾ ਕੋਈ ਵੀ ਸੀਨੀਅਰ ਅਹੁਦੇਦਾਰ ਸ਼ੰਕਾ ਦੀ ਇਸ ਸਥਿਤੀ ਨੂੰ ਸਪੱਸ਼ਟ ਕਰਨ ਸਬੰਧੀ ਕੁਝ ਵੀ ਦੱਸ ਪਾਉਣ 'ਚ ਅਸਮਰੱਥ ਦਿਖ ਰਿਹਾ ਹੈ, ਜਿਸ ਕਾਰਨ ਟੀਮ ਰਾਹੁਲ ਕਹੇ ਜਾਣ ਵਾਲੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਤੇ ਨੇਤਾਵਾਂ ਦਾ ਆਪਣਾ ਭਵਿੱਖ ਅੱਧ ਵਿਚਾਲੇ ਲਟਕਦਾ ਦਿਖ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਯੂਥ ਕਾਂਗਰਸ ਦੀ ਅੰਦਰੂਨੀ ਚੋਣ ਪ੍ਰਕਿਰਿਆ ਦੇ ਅਧੀਨ ਮੈਂਬਰਸ਼ਿਪ ਡ੍ਰਾਈਵ ਚਲਾਈ ਗਈ ਸੀ। ਪਾਰਟੀ ਨੇ ਚੋਣ ਪ੍ਰਕਿਰਿਆ 'ਚ ਕਈ ਬਦਲਾਵਾਂ ਦੇ ਨਾਲ ਚੋਣ ਮੈਦਾਨ 'ਚ ਉਤਰਣ ਦੇ ਚਾਹਵਾਨ ਯੂਥ ਕਾਂਗਰਸ ਵਰਕਰਾਂ ਲਈ ਆਫਲਾਈਨ ਜਾਂ ਆਨਲਾਈਨ ਮੈਂਬਰਸ਼ਿਪ ਫਾਰਮ ਭਰਨਾ ਜ਼ਰੂਰੀ ਕੀਤਾ ਗਿਆ ਸੀ। ਇਸ ਵਾਰ ਦੀਆਂ ਚੋਣਾਂ 'ਚ ਲੋਕ ਸਭਾ ਹਲਕਾ ਪ੍ਰਧਾਨ ਦੇ ਸਥਾਨ 'ਤੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਲਈ ਦੋ ਵੱਖਰੇ-ਵੱਖਰੇ ਪ੍ਰਧਾਨਾਂ ਦੀ ਚੋਣ ਕਰਵਾਉਣ ਦਾ ਫੈਸਲਾ ਲਿਆ ਸੀ।
ਪ੍ਰਦੇਸ਼ ਭਰ 'ਚ ਸਰਗਰਮ ਯੂਥ ਨੇਤਾਵਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਯੂਥ ਕਾਂਗਰਸ ਦੀਆਂ ਚੋਣਾਂ ਹੋਣਗੀਆਂ ਪਰ ਫਾਰਮ ਇਕੱਠੇ ਕਰਨ ਉਪਰੰਤ ਕਾਂਗਰਸ ਹਾਈਕਮਾਨ ਨੇ ਸੈਂਕੜੇ ਨੌਜਵਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਦਿਆਂ ਹੋਇਆਂ ਲੋਕ ਸਭਾ ਚੋਣਾਂ ਤਕ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਨੂੰ ਟਾਲ ਦਿੱਤਾ। ਹੁਣ ਰਾਸ਼ਟਰੀ ਪ੍ਰਧਾਨ ਨੂੰ ਲੈ ਕੇ ਪਾਰਟੀ 'ਚ ਛਾਏ ਹਨੇਰੇ ਦੇ ਬੱਦਲ ਹਟਣ ਤੋਂ ਬਾਅਦ ਹੀ ਪਾਰਟੀ ਇਸ ਸਬੰਧ 'ਚ ਕੋਈ ਫੈਸਲਾ ਲਵੇਗੀ।

ਆਫਲਾਈਨ ਅਤੇ ਆਨਲਾਈਨ ਮੈਂਬਰਸ਼ਿਪ ਨਾਲ ਇਕੱਠੇ ਕੀਤੇ ਕਰੋੜਾਂ ਦੇ ਫੰਡ
ਯੂਥ ਕਾਂਗਰਸ ਦੀ ਮੈਂਬਰਸ਼ਿਪ ਡ੍ਰਾਈਵ ਦੌਰਾਨ ਪਾਰਟੀ ਨੇ ਚੋਣ ਪ੍ਰਕਿਰਿਆ ਨੂੰ ਹਾਈਟੈੱਕ ਕਰਦੇ ਹੋਏ ਆਫਲਾਈਨ ਮੈਂਬਰਸ਼ਿਪ ਪ੍ਰਾਪਤ ਕਰਨ ਲਈ 125 ਰੁਪਏ ਫੀਸ ਨਿਰਧਾਰਤ ਕੀਤੀ ਸੀ, ਜਦਕਿ ਆਨਲਾਈਨ ਮੈਂਬਰਸ਼ਿਪ ਲਈ ਫੀਸ ਨੂੰ 75 ਰੁਪਏ ਰੱਖਿਆ ਸੀ। 5 ਦਸੰਬਰ, 2018 ਦੀ ਮੈਂਬਰਸ਼ਿੱਪ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਹਾਈਕਮਾਨ ਨੇ ਆਨਲਾਈਨ ਮੈਂਬਰਸ਼ਿਪ ਜਾਰੀ ਰੱਖਦਿਆਂ ਇਸ ਦੀ ਫੀਸ ਵਧਾ ਕੇ 140 ਰੁਪਏ ਕਰ ਦਿੱਤੀ ਸੀ। ਯੂਥ ਕਾਂਗਰਸ 'ਚ 2 ਲੱਖ 70000 ਦੇ ਲਗਭਗ ਨੌਜਵਾਨ ਐਕਟਿਵ ਮੈਂਬਰ ਬਣੇ, ਜਿਸ 'ਚ 1 ਲੱਖ 15 ਹਜ਼ਾਰ ਐਕਟਿਵ ਮੈਂਬਰਾਂ ਨੇ ਆਫਲਾਈਨ ਅਤੇ 1 ਲੱਖ 15 ਹਜ਼ਾਰ ਮੈਂਬਰਾਂ ਨੇ ਆਨਲਾਈਨ ਮੈਂਬਰਸ਼ਿਪ ਲਈ। ਫਾਰਮਾਂ ਦੀ ਸਕੂਟਰਿੰਗ ਦੌਰਾਨ ਖਾਮੀਆਂ ਪਾਏ ਜਾਣ 'ਤੇ ਲੱਗਭਗ 20000 ਫਾਰਮ ਰੱਦ ਕੀਤੇ ਗਏ। ਹੁਣ ਜੇਕਰ 2 ਲੱਖ 70 ਹਜ਼ਾਰ ਮੈਂਬਰਾਂ ਦੀ ਮੈਂਬਰਸ਼ਿਪ ਫੀਸ ਨਿਰਧਾਰਤ ਰਕਮ ਨਾਲ ਜੋੜੀ ਜਾਵੇ ਤਾਂ ਕੁਲ ਰਕਮ ਕਰੋੜਾਂ 'ਚ ਬਣਦੀ ਹੈ ਪਰ ਪਾਰਟੀ 'ਚ ਅਹੁਦੇ ਪਾਉਣ ਦੀ ਲਾਲਸਾ 'ਚ ਜ਼ਿਆਦਾਤਰ ਯੂਥ ਨੇਤਾਵਾਂ ਨੇ ਧੜਾਧੜ ਫਾਰਮ ਭਰੇ ਅਤੇ ਅਨੇਕਾਂ ਨੌਜਵਾਨਾਂ ਨੇ ਸਮਰਥਕਾਂ ਵੱਲੋਂ ਭਰੇ ਫਾਰਮਾਂ ਦੀ ਬਣਦੀ ਸਾਰੀ ਫੀਸ ਖੁਦ ਦੀ ਜੇਬ ਤੋਂ ਜਮ੍ਹਾ ਕਰਵਾਈ ਤਾਂ ਜੋ ਉਕਤ ਨੇਤਾ ਵੱਲੋਂ ਬਣਾਏ ਐਕਟਿਵ ਮੈਂਬਰ ਉਸ ਦੇ ਇਸ਼ਾਰੇ 'ਤੇ ਆਪਣੀ ਵੋਟ ਦਾ ਇਸਤੇਮਾਲ ਕਰੇ। ਹੁਣ ਜੇਕਰ ਚੋਣ ਪ੍ਰਕਿਰਿਆ ਖਤਮ ਹੁੰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਸਮੁੱਚੀ ਇਨਵੈਸਟਮੈਂਟ ਅੱਧ ਵਿਚਾਲੇ 'ਚ ਫਸਦੀ ਦਿਖ ਰਹੀ ਹੈ।


shivani attri

Content Editor

Related News