'ਆਪ' ਦੀ ਬੈਠਕ 'ਚ ਹਾਰ ਦਾ ਠੀਕਰਾ ਜ਼ੋਰਾ ਸਿੰਘ 'ਤੇ ਭੰਨਿਆ

05/30/2019 3:11:26 PM

ਜਲੰਧਰ (ਜ.ਬ.)— ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ 'ਚ ਜਲੰਧਰ ਸੀਟ ਤੋਂ ਮੈਦਾਨ 'ਚ ਉਤਾਰੇ ਗਏ ਹਾਈਕੋਰਟ ਦੇ ਰਿਟਾ. ਜਸਟਿਸ ਜ਼ੋਰਾ ਸਿੰਘ ਦੀ ਬੁਰੀ ਤਰ੍ਹਾਂ ਹੋਈ ਹਾਰ ਅਤੇ ਜ਼ਬਤ ਹੋਈ ਜ਼ਮਾਨਤ ਦੇ ਕਾਰਨਾਂ ਦਾ ਮੁਲਾਂਕਣ ਕਰਨ ਲਈ ਪਾਰਟੀ ਦੀ ਜ਼ਿਲਾ ਇਕਾਈ ਵੱਲੋਂ ਇਕ ਬੈਠਕ ਪਾਰਟੀ ਦੇ ਦਫਤਰ 'ਚ ਬੀਤੇ ਦਿਨ ਬੁਲਾਈ ਗਈ ਸੀ, ਜਿਸ ਬਾਰੇ ਨਾ ਤਾਂ ਜ਼ੋਰਾ ਸਿੰਘ ਨੂੰ ਦੱਸਿਆ ਗਿਆ ਤੇ ਨਾ ਹੀ ਉਨ੍ਹਾਂ ਦੀ ਕੋਈ ਮਨਜ਼ੂਰੀ ਲਈ ਗਈ। ਇਸ ਬੈਠਕ ਦੀ ਸੂਚਨਾ ਸਿੱਧੇ ਪਾਰਟੀ ਦੇ ਜ਼ਿਲਾ ਇਕਾਈ ਦੇ ਚੱਲ ਰਹੇ ਵਟਸਐਪ ਗਰੁੱਪ 'ਚ ਹੀ ਪਾਈ ਗਈ, ਜਿਸ ਤੋਂ ਬਾਅਦ ਜ਼ੋਰਾ ਸਿੰਘ ਨੇ ਗਰੁੱਪ 'ਚ ਹੀ ਬਿਨਾਂ ਉਨ੍ਹਾਂ ਨੂੰ ਦੱਸੇ ਰੱਖੀ ਗਈ ਇਸ ਬੈਠਕ ਦਾ ਵਿਰੋਧ ਕੀਤਾ। ਦੇਰ ਸ਼ਾਮ ਪਾਰਟੀ ਦਫਤਰ 'ਚ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਰੱਖੀ ਇਸ ਬੈਠਕ 'ਚ ਜ਼ਿਲਾ ਇਕਾਈ ਦੇ ਨੇਤਾਵਾਂ ਨੇ ਹਾਰ ਦਾ ਠੀਕਰਾ ਜ਼ੋਰਾ ਸਿੰਘ ਦੇ ਸਿਰ ਹੀ ਭੰਨਿਆ।

PunjabKesari
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਬੈਠਕ 'ਚ ਕੁਝ ਨੇਤਾਵਾਂ ਨੇ ਸਾਫ ਕਿਹਾ ਕਿ ਜ਼ੋਰਾ ਸਿੰਘ ਨੇ ਸਾਰੇ ਚੋਣ ਪ੍ਰਚਾਰ ਦੌਰਾਨ ਕੰਜੂਸੀ ਵਰਤਦਿਆਂ ਪੈਸਾ ਨਹੀਂ ਖਰਚਿਆ। ਇਥੋਂ ਤੱਕ ਕਿ ਚੋਣਾਂ ਵਾਲੇ ਦਿਨ ਬੂਥ ਲਾਉਣ ਲਈ ਵੀ ਪੈਸੇ ਲੋਕਲ ਨੇਤਾਵਾਂ ਨੇ ਆਪਣੀਆਂ ਜ਼ੇਬਾਂ 'ਚੋਂ ਖਰਚੇ। ਜ਼ੋਰਾ ਸਿੰਘ 'ਤੇ ਦੋਸ਼ ਲਾਏ ਗਏ ਕਿ ਉਨ੍ਹਾਂ ਨੇ ਲੋਕਲ ਲੀਡਰਸ਼ਿਪ 'ਤੇ ਵਿਸ਼ਵਾਸ ਨਹੀਂ ਕੀਤਾ। ਉਥੇ ਕੁਝ ਵਰਕਰਾਂ ਨੇ ਨੇਤਾਵਾਂ ਵਲੋਂ ਬੈਠਕ 'ਚ ਜ਼ੋਰਾ ਸਿੰਘ ਨੂੰ ਨਾ ਬੁਲਾਏ ਜਾਣ ਦਾ ਵਿਰੋਧ ਵੀ ਪ੍ਰਗਟਾਇਆ ਪਰ ਲੋਕਲ ਨੇਤਾਵਾਂ ਨੇ ਕਿਹਾ ਕਿ ਜ਼ੋਰਾ ਸਿੰਘ ਨੂੰ ਇਥੇ ਹੁਣ ਬੁਲਾ ਕੇ ਕਰਨਾ ਵੀ ਕੀ ਹੈ। ਇਕ ਨੇਤਾ ਨੇ ਕਿਹਾ ਕਿ ਜ਼ੋਰਾ ਸਿੰਘ ਨੇ ਵੀ ਤਾਂ ਗਰੁੱਪ 'ਚ ਬੈਠਕ ਬਾਰੇ ਪੜ੍ਹਿਆ ਸੀ ਤਾਂ ਉਹ ਖੁਦ ਹੀ ਆ ਸਕਦੇ ਸਨ।


shivani attri

Content Editor

Related News