ਖਰੀਦ ਪ੍ਰਕਿਰਿਆ ''ਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਤਿਵਾੜੀ

04/21/2018 6:29:07 PM

ਰੂਪਨਗਰ (ਵਿਜੇ)— ਰਾਹੁਲ ਤਿਵਾੜੀ ਕਮਿਸ਼ਨਰ ਰੂਪਨਗਰ ਮੰਡਲ ਨੇ ਅੱਜ ਰੂਪਨਗਰ ਅਨਾਜ ਮੰਡੀ 'ਚ ਪਹੁੰਚ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਰਾਹੁਲ ਤਿਵਾੜੀ ਕਮਿਸ਼ਨਰ ਰੂਪਨਗਰ ਮੰਡਲ ਨੇ ਮਾਰਕੀਟ ਕਮੇਟੀ ਦਫਤਰ ਰੂਪਨਗਰ ਵਿਖੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਖਰੀਦ, ਲਿਫਟਿੰਗ ਅਤੇ ਅਦਾਇਗੀ ਬਾਰੇ ਸਮੀਖਿਆ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਮੰਡੀਆਂ 'ਚ ਆਉਣ ਵਾਲੀ ਕਣਕ ਨੂੰ ਨਿਯਮਾਂ ਅਨੁਸਾਰ ਬੋਲੀ ਕਰਵਾ ਕੇ ਖਰੀਦ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਖਰੀਦ ਪ੍ਰਕਿਰਿਆ 'ਚ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆੜ੍ਹਤੀਆਂ ਅਤੇ ਕਿਸਾਨ ਆਗੂਆਂ ਨਾਲ ਵੀ ਮੀਟਿੰਗ ਕੀਤੀ ਇਸ ਉਪਰੰਤ ਉਨ੍ਹਾਂ ਮੰਡੀ 'ਚ ਜਾ ਕੇ ਪਏ ਭੰਡਾਰ ਦਾ ਜਾਇਜ਼ਾ ਵੀ ਲਿਆ।
ਤਿਵਾੜੀ ਨੇ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਪਏ ਸਟਾਕ ਦੀ ਲਿਫਟਿੰਗ 'ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੌਰਾਨ ਮੰਡੀਆਂ 'ਚ ਕਿਸਾਨਾਂ ਵੱਲੋਂ ਲਿਆਉਣ ਵਾਲੀ ਫਸਲ ਨੂੰ ਰੱਖਣ ਲਈ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਵੱਖ-ਵੱਖ ਖਰੀਦ ਏਜੰਸੀਆਂ ਦੇ ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਕਾਰਡ ਰੋਜ਼ਾਨਾ ਸਵਾਇਪ ਕੀਤੇ ਜਾਣ ਤਾਂ ਜੋ ਅਦਾਇਗੀ 'ਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ।
ਰੂਪਨਗਰ ਦੀਆਂ ਮੰਡੀਆਂ 'ਚ ਹੁਣ ਤੱਕ 54070 ਟਨ ਕਣਕ ਦੀ ਖਰੀਦ 
ਇਸ ਮੌਕੇ ਸ਼੍ਰੀਮਤੀ ਮਧੂ ਜ਼ਿਲਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਨੇ ਦੱਸਿਆ ਕਿ ਰੂਪਨਗਰ ਦੀਆਂ ਵੱਖ-ਵੱਖ ਮੰਡੀਆਂ 'ਚ ਹੁਣ ਤੱਕ 54070 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ ਪਨਗ੍ਰੇਨ ਨੇ 9964 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 11960 ਮੀਟ੍ਰਿਕ ਟਨ, ਪਨਸਪ ਵੱਲੋਂ 13244 ਮੀਟ੍ਰਿਕ ਟਨ, ਵੇਅਰ ਹਾਊਸ ਵੱਲੋਂ 6217 ਮੀਟ੍ਰਿਕ ਟਨ, ਪੰਜਾਬ ਐਗਰੋ ਵੱਲੋਂ 8105 ਮੀਟ੍ਰਿਕ ਟਨ ਅਤੇ ਐੱਫ. ਸੀ. ਆਈ. ਵੱਲੋਂ 4580 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਖਰੀਦ ਕੀਤੀ ਕਣਕ ਦੀ 45.79 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਕੀਤੀ ਗਈ ਅਦਾਇਗੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ 10 ਕਰੋੜ 46 ਲੱਖ, ਮਾਰਕਫੈੱਡ ਨੇ 9 ਕਰੋੜ 51 ਲੱਖ, ਪਨਸਪ ਨੇ 11 ਕਰੋੜ 88 ਲੱਖ, ਵੇਅਰ ਹਾਊਸ ਨੇ 4 ਕਰੋੜ 87 ਲੱਖ, ਪੰਜਾਬ ਐਗਰੋ ਨੇ 7 ਕਰੋੜ 37 ਲੱਖ ਅਤੇ ਐੱਫ. ਸੀ. ਆਈ. ਵੱਲੋਂ 1 ਕਰੋੜ 70 ਲੱਖ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਅਤੇ 18056 ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜਨਰਲ), ਹਰਜੋਤ ਕੌਰ ਐੱਸ.ਡੀ.ਐੱਮ. ਰੂਪਨਗਰ, ਰੂਹੀ ਦੁੱਗ ਐੱਸ.ਡੀ.ਐੱਮ. ਸ੍ਰੀ ਚਮਕੌਰ ਸਾਹਿਬ, ਰਾਕੇਸ਼ ਕੁਮਾਰ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ, ਜਸਬੀਰ ਕੌਰ ਜ਼ਿਲਾ ਮੰਡੀ ਅਫਸਰ, ਕਮਲਦੀਪ ਸਿੰਘ ਡੀ. ਐੱਮ. ਮਾਰਕਫੈੱਡ, ਅਨਿਲ ਅਰੋੜਾ ਸਕੱਤਰ ਮਾਰਕੀਟ ਕਮੇਟੀ, ਡਾ. ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਲਿਫਟਿੰਗ ਲਈ ਵੱਧ ਤੋਂ ਵੱਧ ਟਰੱਕ ਲਏ ਜਾਣ ਲਈ ਨਿਰਦੇਸ਼
ਉਨ੍ਹਾਂ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਟਰੱਕਾਂ ਦੀ ਪੁਕਾਰ ਸਮੇਂ ਕਣਕ ਦੀ ਲਿਫਟਿੰਗ ਲਈ ਵੱਧ ਤੋਂ ਵੱਧ ਟਰੱਕ ਲੈ ਲਏ ਜਾਣ ਤਾਂ ਜੋ ਮੰਡੀਆਂ ਵਿਚ ਪਏ ਮਾਲ ਦੀ ਲਿਫਟਿੰਗ ਹੋ ਸਕੇ। ਉਨ੍ਹਾਂ ਆੜ੍ਹਤੀਆਂ ਦੇ ਕਾਰਡਾਂ ਦੀ ਵੈਰੀਫਿਕੇਸ਼ਨ ਸਬੰਧੀ ਵੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਉਹ ਖੁਦ ਦੁਬਾਰਾ ਆ ਕੇ ਖਰੀਦ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣਗੇ। ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਨੇ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਸੁੱਕੀ ਅਤੇ ਸਾਫ ਕਣਕ ਮੰਡੀਆਂ 'ਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਮੰਡੀਆਂ 'ਚ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਕੰਬਾਈਨ ਰਾਤ ਵੇਲੇ ਜਾਂ ਗਿੱਲੀ ਕਣਕ ਕੱਟਣ ਦੀ ਕੋਸ਼ਿਸ਼ ਕਰੇਗੀ ਤਾਂ ਕੰਬਾਈਨ ਮਾਲਕ ਅਤੇ ਕਿਸਾਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕੰਬਾਈਨ ਨੂੰ ਜ਼ਬਤ ਕਰ ਲਿਆ ਜਾਵੇਗਾ।


Related News