ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

Tuesday, May 07, 2024 - 11:39 AM (IST)

ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ ਮੰਗਲਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਪੜਾਅ ਤਹਿਤ 57 ਸੀਟਾਂ 'ਤੇ ਇਕ ਜੂਨ ਨੂੰ ਵੋਟਿੰਗ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਖੇਤਰ ਵਾਰਾਣਸੀ ਵਿਚ ਵੀ ਆਖ਼ਰੀ ਪੜਾਅ ਵਿਚ ਵੋਟਿੰਗ ਹੋਵੇਗੀ। 7ਵੇਂ ਪੜਾਅ ਵਿਚ ਜਿਨ੍ਹਾਂ 57 ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉਹ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਹਨ। ਚੋਣ ਕਮਿਸ਼ਨ ਨੇ ਰਾਸ਼ਟਰਪਤੀ ਵਲੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ।

ਨੋਟੀਫ਼ਿਕੇਸ਼ਨ ਮੁਤਾਬਕ ਨਾਮਜ਼ਦਗੀ ਪ੍ਰਕਿਰਿਆ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 14 ਮਈ ਹੈ ਅਤੇ ਨਾਮਜ਼ਦਗੀ ਦੀ ਜਾਂਚ ਲਈ 15 ਮਈ ਦਾ ਦਿਨ ਤੈਅ ਕੀਤਾ ਗਿਆ ਹੈ। ਉਮੀਦਵਾਰ 17 ਮਈ ਤੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਆਖਰੀ ਪੜਾਅ ’ਚ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ 13-13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡਿਸ਼ਾ ਦੀਆਂ 6, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3 ਅਤੇ ਚੰਡੀਗੜ੍ਹ ਦੀ 1 ਸੀਟ ’ਤੇ ਵੋਟਾਂ ਪਾਈਆਂ ਜਾਣਗੀਆਂ। 


ਮੰਡੀ ਹਾਟ ਸੀਟ ’ਤੇ ਵੀ ਆਖਰੀ ਪੜਾਅ ’ਚ ਪੋਲਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਸੀਟ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ’ਤੇ ਇਸ ਪੜਾਅ ’ਚ ਹੀ ਵੋਟਾਂ ਪੈਣਗੀਆਂ। ਇਸ ਸੀਟ ’ਤੇ ਅਦਾਕਾਰ ਕੰਗਨਾ ਰਣੌਤ ਭਾਜਪਾ ਦੀ ਟਿਕਟ ’ਤੇ ਮੈਦਾਨ ’ਚ ਹੈ ਅਤੇ ਉਸ ਦਾ ਮੁਕਾਬਲਾ ਕੈਬਨਿਟ ਮੰਤਰੀ ਵਿਕਰਮਾਦਿਤਿਆ ਦੇ ਨਾਲ ਹੋ ਰਿਹਾ ਹੈ। ਇਹ ਸੀਟ ਵਿਕਰਮਾਦਿਤਿਆ ਦੇ ਪਰਿਵਾਰ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ। ਹਾਲਾਂਕਿ ਸੀਟ ’ਤੇ ਕਾਂਗਰਸ 1998 ਅਤੇ 2014 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਵੀ ਗਈ ਸੀ ਪਰ 2004 ’ਚ ਪ੍ਰਤਿਭਾ ਸਿੰਘ ਨੇ ਇਸ ਸੀਟ ’ਤੇ ਚੋਣ ਜਿੱਤੀ ਸੀ ਜਦਕਿ 2009 ’ਚ ਵੀਰਭੱਦਰ ਸਿੰਘ ਇਸ ਸੀਟ ’ਤੇ ਜੇਤੂ ਰਹੇ ਸਨ। 2013 ਅਤੇ 2022 ਦੀ ਜ਼ਿਮਨੀ ਚੋਣ ’ਚ ਵੀ ਪ੍ਰਤਿਭਾ ਸਿੰਘ ਇਸ ਸੀਟ ’ਤੇ ਚੋਣ ਜਿੱਤੀ ਸੀ ਅਤੇ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹੈ। ਇਸ ਸੀਟ ਤੇ ਭਾਜਪਾ ਨੇ 2014 ਅਤੇ 2019 ਦੀ ਚੋਣ ਲਗਾਤਾਰ ਜਿੱਤੀ ਸੀ ਅਤੇ ਪਾਰਟੀ ਦੇ ਉਮੀਦਵਾਰ ਰਾਮਸਵਰੂਪ ਸ਼ਰਮਾ ਚੋਣ ਜਿੱਤੇ ਸਨ ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਅਤੇ ਇਸ ਸੀਟ ’ਤੇ ਜ਼ਿਮਨੀ ਚੋਣ ਕਰਵਾਉਣੀ ਪਈ, ਜਿਸ ਸਮੇਂ ਸੀਟ ’ਤੇ ਉਪ ਚੋਣ ਹੋਈ, ਉਸ ਸਮੇਂ ਸੂਬੇ ’ਚ ਭਾਜਪਾ ਦੀ ਸਰਕਾਰ ਸੀ ਪਰ ਆਪਣੀ ਸਰਕਾਰ ਹੋਣ ਦੇ ਬਾਵਜੂਦ ਭਾਜਪਾ ਇਹ ਸੀਟ ਹਾਰ ਗਈ ਸੀ।

14 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੜਾਅ ’ਚ 14 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ’ਤੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦਾ 13 ਮਈ ਨੂੰ ਵਾਰਾਣਸੀ ’ਚ ਰੋਡ ਸ਼ੋਅ ਦਾ ਪ੍ਰੋਗਰਾਮ ਹੈ। ਭਾਜਪਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨੂੰ ਇਤਿਹਾਸਕ ਬਣਾਉਣ ਲਈ ਜ਼ਬਰਦਸਤ ਤਿਆਰੀ ਕੀਤੀ ਜਾ ਰਹੀ। ਆਖਰੀ ਪੜਾਅ ਦਾ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਭਾਜਪਾ ਦੇ ਰਾਸ਼ਟਰੀ ਅਤੇ ਸੂਬਾਈ ਨੇਤਾ ਮਈ ਦੇ ਦੂਜੇ ਹਫਤੇ ਤੋਂ ਵਾਰਾਣਸੀ ਪਹੁੰਚਣਾ ਸ਼ੁਰੂ ਹੋ ਜਾਣਗੇ। ਇਥੇ ਛੋਟੀਆਂ-ਛੋਟੀਆਂ ਰੈਲੀਆਂ ਕਰਨਗੇ, ਪੰਨਾ ਪ੍ਰਮੁੱਖਾਂ ਨਾਲ ਬੈਠਕਾਂ ਕਰਨਗੇ ਅਤੇ ਵੋਟਰਾਂ ਨਾਲ ਸੰਪਰਕ ਵੀ ਕਰਨਗੇ।

ਅਜੈ ਰਾਏ ਅਤੇ ਨਿਆਜ਼ ਅਲੀ ਦੇਣਗੇ ਮੋਦੀ ਨੂੰ ਟੱਕਰ

ਇੰਡੀਆ ਗੱਠਜੋੜ ਵਲੋਂ ਪੀ. ਐੱਮ. ਮੋਦੀ ਨੂੰ ਇਸ ਵਾਰ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਤੋਂ ਟੱਕਰ ਮਿਲੇਗੀ। ਉੱਧਰ ਬਹੁਜਨ ਸਮਾਜ ਪਾਰਟੀ ਨੇ ਸਈਅਦ ਨਿਆਜ਼ ਅਲੀ ਨੂੰ ਉਮੀਦਵਾਰ ਐਲਾਨਿਆ ਹੈ। ਬਸਪਾ ਨੇ ਇਸ ਤੋਂ ਪਹਿਲਾਂ ਅਤਹਰ ਜਮਾਲ ਲਾਰੀ ਨੂੰ ਟਿਕਟ ਦਿੱਤੀ ਸੀ ਪਰ ਉਨ੍ਹਾਂ ਦੀ ਟਿਕਟ ਕੱਟ ਕੇ ਹੁਣ ਸਈਅਦ ਨਿਆਜ਼ ਅਲੀ ਨੂੰ ਮੌਕਾ ਦਿੱਤਾ ਹੈ।


author

Tanu

Content Editor

Related News