ਸੂਬੇ ਦੇ ਭਵਿੱਖ ਲਈ PR 126 ਝੋਨੇ ਦੀ ਕਿਸਮ ਦੀ ਚੋਣ ਸਮੇਂ ਦੀ ਲੋੜ : ਡਾ. ਜਸਵੰਤ ਸਿੰਘ

05/20/2024 1:20:40 PM

ਸਾਡੇ ਸੂਬੇ ਵਿੱਚ ਤਕਰੀਬਨ 50 ਹਜ਼ਾਰ ਟਨ ਝੋਨੇ ਦੇ ਬੀਜਾਂ ਦੀ ਬੀਜਾਈ ਹਰੇਕ ਸੀਜ਼ਨ ਵਿੱਚ ਹੁੰਦੀ ਹੈ। ਸਾਡੇ ਜ਼ਿਆਦਾਤਰ ਕਿਸਾਨ ਝੋਨੇ ਦਾ ਬੀਜ ਹਰੇਕ ਸਾਲ ਮਾਰਕੀਟ ਵਿੱਚੋਂ ਖਰੀਦ ਕਰਦੇ ਹਨ ਅਤੇ ਕੁੱਲ ਮਿਲਾ ਕੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਝੋਨੇ ਦੀ ਬੀਜਾਈ ਤੋਂ ਪਹਿਲਾਂ ਸੀਜ਼ਨ ਦੌਰਾਨ ਝੋਨੇ ਦਾ ਬੀਜ ਵਿਕਰੀ ਕਰਨ ਵਾਲੀਆਂ ਵੱਖ ਏਜੰਸੀਆਂ ਤੇ ਬੀਜ ਡੀਲਰਾਂ ਆਦਿ ਦੇ ਵਾਰੇ ਨਿਆਰੇ ਹੋ ਜਾਂਦੇ ਹਨ। ਅੱਜ ਦੀ ਤਾਰੀਖ਼ ਵਿੱਚ ਮਾਰਕੀਟ ਵਿੱਚ ਅਜਿਹੀਆਂ ਕਿਸਮਾਂ ਮਿਲ ਰਹੀਆਂ ਹਨ, ਜੋ ਤਸਦੀਕਸ਼ੁਦਾ ਨਾ ਹੋਣ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਸ਼ੁਦਾ ਵੀ ਨਹੀਂ ਹਨ। 

ਵੱਖ-ਵੱਖ ਬੀਜ ਵਿਕਰੇਤਾਵਾਂ ਅਤੇ ਬੀਜ ਪ੍ਰੋਡਿਉਸਰਾਂ ਵੱਲੋਂ ਕਿਸਾਨਾਂ ਨੂੰ ਭਰਮਾਊਣ ਅਤੇ ਸਬਜ਼ ਬਾਗ ਦਿਖਾਉਣ ਲਈ ਸ਼ੋਸ਼ਲ ਮੀਡੀਆਂ ਆਦਿ ਰਾਹੀਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤੇ ਨਤੀਜੇ ਵੱਜੋਂ ਅੱਜ ਮਾਰਕੀਟ ਵਿੱਚ ਅਜਿਹੀਆਂ ਕਿਸਮਾਂ ਦੀ ਮੰਗ ਵੱਧ ਗਈ ਹੈ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਸ਼ੁਦਾ ਨਹੀਂ ਹਨ। ਸਾਡਾ ਭੋਲਾ ਭਾਲਾ ਕਿਸਾਨ ਗੈਰ ਸਿਫਾਰਸ਼ ਸ਼ੁਦਾ ਕਿਸਮਾਂ ਦਾ ਬੀਜ ਵਧੇਰੇ ਕੀਮਤ ਅਦਾ ਕਰਕੇ ਖ੍ਰੀਦ ਕਰਨ ਨੂੰ ਤਿਆਰ ਹੋ ਜਾਂਦਾ ਹੈ। ਭਾਂਵੇ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਆਪਣੇ ਕਿਸਾਨ ਜਾਗਰੂਕਤਾ ਕੈਂਪਾਂ ਰਾਹੀਂ ਕਿਸਾਨਾਂ ਨੂੰ ਸਿਰਫ਼ ਸਿਫਾਰਸ਼ ਸ਼ੁਦਾ ਕਿਸਮਾਂ ਦੀ ਕਾਸ਼ਤ ਕਰਨ ਲਈ ਜਾਗਰੂਕ ਕਰ ਰਹੀ ਹੈ ਪਰ ਜੇਕਰ ਪਿਛਲੇ ਸਾਲਾਂ ਦੀ ਕਿਸਮ ਵਾਰ ਰਕਬੇ ਤੇ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਪਸ਼ਟ ਹੈ ਕਿ ਸੂਬੇ ਵਿੱਚ ਝੋਨੇ ਦਾ 50 ਫ਼ੀਸਦੀ ਤੋਂ ਵੱਧ ਰਕਬਾ ਗੈਰ ਪ੍ਰਮਾਣਿਤ ਕਿਸਮਾਂ ਦੇ ਹੇਠ ਹੈ। 

PunjabKesari

ਸਾਡੇ ਖੇਤੀਬਾੜੀ ਸਾਇੰਸਦਾਨਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਝੋਨੇ ਦੀ ਫ਼ਸਲ ਦੀ ਕਾਸ਼ਤ ਕਰਕੇ ਪੈ ਰਹੇ ਧਰਤੀ ਹੇਠਲੇ ਪਾਣੀ ਦੇ ਅਸਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਕਾਸ਼ਤ ਨਾਲ ਘਟਾਇਆ ਜਾ ਸਕਦਾ ਹੈ। ਲੰਮਾਂ ਸਮਾਂ ਲੈਣ ਵਾਲੀਆਂ ਗੈਰ ਪ੍ਰਮਾਣਿਤ ਕਿਸਮਾਂ ਪੱਕਣ ਨੂੰ 10-15 ਦਿਨਾਂ ਦਾ ਵਧੇਰੇ ਸਮਾਂ ਲੈਂਦੀਆਂ ਹਨ, ਜਿਸ ਕਰਕੇ ਪਾਣੀ, ਖਾਦਾਂ ਅਤੇ ਖੇਤੀ ਰਸਇਣਾਂ ਦੀ ਵਧੇਰੇ ਵਰਤੋਂ ਹੁੰਦੀ ਹੈ। ਸਬੰਧਿਤ ਬੀਜ ਕੰਪਨੀਆਂ ਕਿਸਾਨਾਂ ਨੂੰ ਵਧੇਰੇ ਝਾੜ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾ ਲੈਦੀਆਂ ਹਨ, ਜਦਕਿ ਜੇਕਰ ਅਸੀ ਝੋਨੇ ਦੀ ਸੰਪੂਰਨ ਕਾਸ਼ਤ ਵੱਲ ਝਾਤ ਮਾਰੀਏ ਤਾਂ ਇਹ ਤੱਥ ਸਾਹਮਣੇ ਆਉਣਗੇ ਕਿ ਗੈਰ ਸਿਫਾਰਿਸ਼ ਸ਼ੁਦਾ ਕਿਸਮਾਂ ਪੱਕਣ ਨੂੰ ਵਧੇਰੇ ਸਮਾਂ ਲੈਦੀਆਂ ਹਨ। ਖਾਦਾਂ ਅਤੇ ਖੇਤੀ ਰਸਾਇਣਾਂ ਦਾ ਇਸਤੇਮਾਲ ਸਾਨੂੰ ਜ਼ਿਆਦਾ ਕਰਨਾ ਪੈਂਦਾ ਹੈ, ਝੋਨੇ ਦਾ ਪਰਾਲ ਵੀ ਜ਼ਿਆਦਾ ਹੁੰਦਾ ਹੈ ਤੇ ਨਤੀਜਾ ਕਾਸ਼ਤ ਤੇ ਵਧੇਰੇ ਖ਼ਰਚਾ, ਪਰਾਲੀ ਦੀ ਸੰਭਾਲ ਲਈ ਘੱਟ ਸਮਾਂ ਅਤੇ ਵਧੇਰੇ ਤਰਦੱਦ ਅਤੇ ਘੱਟ ਨਿਰੋਲ ਆਮਦਨ। 
 
ਮਹਿੰਗਾ ਬੀਜ ਖਰੀਦ ਕੇ ਅਸੀਂ ਜਿਥੇ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਦਾ ਨੁਕਸਾਨ ਕਰ ਬੈਠਦੇ ਹਾਂ, ਉਥੇ ਰਾਜ ਵਿੱਚ ਸ਼ੈਲਰ ਇੰਡਟਰੀਜ਼ ਵੀ ਹਰ ਵਰੇ ਇਸ ਗੱਲ ਦਾ ਪ੍ਰਚਾਰ ਕਰਦੀ ਹੈ ਕਿ ਝੋਨੇ ਦੀਆਂ ਹਾਇਬ੍ਰੈਡ ਕਿਸਮਾਂ ਦੀ ਕਾਸ਼ਤ ਕਿਸਾਨ ਨਾ ਕਰਨ, ਕਿਉਂਕਿ ਇਹਨਾਂ ਕਿਸਮਾਂ ਦਾ ਦਾਣਾ ਵਧੇਰੇ ਟੁੱਟਦਾ ਹੈ। ਨਤੀਜੇ ਵੱਜੋਂ ਚੋਲਾਂ ਦੇ ਵਪਾਰੀਆਂ ਨੂੰ ਘਾਟਾ ਸਹਿਣਾ ਪੈਂਦਾ ਹੈ। ਹੁਣ ਇਹਨਾਂ ਸਾਰੇ ਹਾਲਤਾਂ ਵਿੱਚ ਇਹ ਗੱਲ ਬਿਲਕੁੱਲ ਸਪੱਸ਼ਟ ਹੈ ਕਿ ਸਾਨੂੰ ਸਿਰਫ਼ ਫ਼ਸਲ ਦੇ ਝਾੜ ਵੱਲ ਨਹੀਂ ਝਾਕਣਾ ਚਾਹੀਦਾ, ਸਗੋਂ ਸਾਨੂੰ ਹਰ ਇੱਕ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ। ਸਹੀ ਕਿਸਮ ਦੀ ਚੋਣ ਸਾਡੀ ਮਾਲੀ ਹਾਲਤ ਲਈ ਜਿਥੇ ਜ਼ਰੂਰੀ ਹੈ, ਉਥੇ ਹੀ ਸਾਡੇ ਵੱਡਮੁੱਲੇ ਵਾਤਾਵਰਨ, ਝੋਨੇ ਦੇ ਉਦਯੋਗ ਅਤੇ ਐਕਸਪੋਰਟ ਕੁਆਲਟੀ ਅਤੇ ਵਿਦੇਸ਼ੀ ਮੁਦਰਾ ਨਾਲ ਵੀ ਸਿੱਧੇ ਤੌਰ 'ਤੇ ਜੁੜੀ ਹੈ। 

ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਘੱਟ ਸਮਾਂ ਲੈਣ ਵਾਲੀ ਝੋਨੇ ਪੀ.ਆਰ. 126 ਕਿਸਮ ਦੀ ਕਾਸ਼ਤ ਵੱਲ ਤਰਜੀਹ ਦੇਣ। ਇੱਕ ਅੰਦਾਜ਼ੇ ਅਨੁਸਾਰ ਝੋਨੇ ਦੀ ਪੂਸਾ-44 ਕਿਸਮ ਪੀ ਆਰ 126 ਕਿਸਮ ਨਾਲੋਂ ਕਿਸਾਨਾਂ ਵੱਲੋਂ 66.5% ਵਧੇਰੇ ਖਾਦਾਂ, 21.6% ਵਧੇਰੇ ਮਜ਼ਦੂਰੀ ,34% ਵਧੇਰੇ ਟਰੇਕਟਰ ਦੀ ਘਸਾਈ, 40% ਵਧੇਰੇ ਜ਼ਹਿਰਾਂ ਆਦਿ ਦਾ ਇਸਤੇਮਾਲ ਕਰਨਾ ਪੈਂਦਾ ਹੈ। ਪੂਸਾ 44 ਦੇ ਪੱਕਣ ਲਈ ਲੱਗਦੇ 155-160 ਦਿਨਾਂ ਦੇ ਮੁਕਾਬਲੇ ਪੀ ਆਰ 126 ਕਿਸਮ 125 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਅੰਕੜਿਆਂ ਅਨੁਸਾਰ ਪੂਸਾ 44 ਕਿਸਮ ਦਾ ਝਾੜ 35-36 ਕੁਇੰਟਲ ਆਉਂਦਾ ਹੈ, ਉਥੇ ਪੀ ਆਰ 126 ਕਿਸਮ ਦਾ ਔਸਤਨ ਝਾੜ 30-32 ਕੁਇੰਟਲ ਪ੍ਰਾਪਤ ਕੀਤਾ ਜਾ ਰਿਹਾ ਹੈ। 

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਜਸਵੰਤ ਸਿੰਘ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਘੱਟ ਸਮਾਂ ਲੈਣ ਵਾਲੀ ਕਿਸਮ ਦੀ ਕਾਸ਼ਤ ਕਰਨ ਉਹਨਾਂ ਅਨੁਸਾਰ ਸਰਕਾਰ ਦੇ ਬੀਜ ਵਿਕਰੀ ਕੇਂਦਰਾਂ ਜਿਵੇਂ ਪਨਸੀਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਦਿ ਏਜੰਸੀਆਂ ਕੋਲ ਇਸ ਕਿਸਮ ਦਾ ਬੀਜ ਲੋੜ ਅਨੁਸਾਰ ਉਪਲਭਧ ਹੈ। ਕਿਸਾਨ ਗੈਰ ਪ੍ਰਮਾਣਿਤ, ਗੈਰ ਤਸਦੀਕ ਸ਼ੁਦਾ ਜਾਂ ਗੈਰ ਸਿਫਾਰਸ਼ ਸ਼ੁਦਾ ਬੀਜ ਬਿਲਕੁੱਲ ਨਾ ਬੀਜਣ, ਕਿਉਕਿ ਅਜਿਹਾ ਕਰਨਾ ਕਿਸਾਨੀ ਅਤੇ ਪੰਜਾਬ ਦੇ ਹਿੱਤਾਂ ਲਈ ਉੱਚਤ ਨਹੀਂ ਹੈ। ਡਾ.ਜਸਵੰਤ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਸਮੁੱਚੇ ਸਟਾਫ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਨਾ ਸਿਰਫ਼ ਪ੍ਰੇਰਿਤ ਕਰਨ ਬਲਕਿ ਪੀ ਆਰ 126 ਕਿਸਮ ਦਾ ਬੀਜ ਵੀ ਮੁੱਹਇਆਂ ਕਰਵਾਉਣ। ਉਹਨਾਂ ਨੇ ਕਿਹਾ ਕਿ ਅਜਿਹੇ ਅਨਸਰ ਜੋ ਝੋਨੇ ਦੀ ਪੂਸਾ-44 ਕਿਸਮ ਦੀ ਵਿਕਰੀ ਕਰ ਰਹੇ ਹਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਹਨਾਂ ਨੇ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਪੂਸਾ-44 ਕਿਸਮ ਦੇ ਬੀਜ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰਾਂ ਨਾਲ ਕਿਸਾਨ ਝੋਨੇ ਦੀਆਂ ਹਾਇਬ੍ਰਿਡ ਕਿਸਮਾਂ ਦੀ ਕਾਸ਼ਤ ਨਾ ਕਰਨ ਇਸ ਬਾਰੇ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ। ਕੁੱਲ ਮਿਲਾ ਕੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸੂਬੇ ਵਿੱਚ ਸਦੀਵੀ ਖੇਤੀ ਦੇ ਟੀਚੇ ਅਤੇ ਝੋਨੇ ਦੀ ਖੇਤੀ ਨੂੰ ਲੋਕ ਹਿੱਤੀ ਅਤੇ ਵਾਤਾਵਰਨ ਪੱਖੀ ਬਣਾਉਣ ਲਈ ਅਜਿਹੀਆਂ ਗੈਰ ਪ੍ਰਮਾਣਿਤ ਕਿਸਮਾਂ ਦੀ ਕਾਸ਼ਤਕਾਰੀ ਤੋਂ ਪ੍ਰਹੇਜ਼ ਕਰੀਏ। ਝੋਨੇ ਦੀ ਸਹੀ ਕਿਸਮ ਦੇ ਬੀਜ ਦੀ ਚੋਣ ਦਾ ਫ਼ੈਸਲਾ ਸਾਡੀ ਖੇਤੀ ਅਤੇ ਇਲਾਕੇ ਦੇ ਵਿਕਾਸ ਵਿੱਚ ਸਾਡੇ ਚੰਗੇ ਭਵਿੱਖ ਦੀ ਸਿਰਜਣਾ ਕਰ ਸਕਦਾ ਹੈ। ਆਓ ਪੰਜਾਬ ਦੇ ਉਜਵੱਲ ਭਵਿੱਖ ਲਈ ਸਹੀ ਕਿਸਮ ਦੀ ਚੋਣ ਕਰਕੇ ਆਪਣਾ ਬਣਦਾ ਯੋਗਦਾਨ ਪਾਈਏ।

ਡਾ ਨਰੇਸ਼ ਕੁਮਾਰ ਗੁਲਾਟੀ, ਡਾ ਗੁਰਦੀਪ ਸਿੰਘ
ਦੋਵੇਂ ਰਿਟਾਰਿਡ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ।


rajwinder kaur

Content Editor

Related News