ਕਣਕ ਦੇ ਬਿੱਲ ਤੇ ਕਾਰਡ ਤੁਰੰਤ ਸਵਾਈਪ ਕੀਤੇ ਜਾਣ : ਚੀਮਾ

04/26/2018 6:40:53 AM

ਫਤਿਹਗੜ੍ਹ ਸਾਹਿਬ (ਬਖਸ਼ੀ, ਜਗਦੇਵ) - ਆੜ੍ਹਤੀਆ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਕਣਕ ਦੀ ਫਸਲ ਲਈ ਜਾਰੀ ਸੀ. ਸੀ. ਲਿਮਟ ਦੀ ਮਿਆਦ 30 ਅਪ੍ਰੈਲ ਤੱਕ ਹੀ ਹੈ। ਉਨ੍ਹਾਂ ਕਿਹਾ ਕਿ 28, 29 ਅਤੇ 30 ਅਪ੍ਰੈਲ ਦੀ ਛੁੱਟੀ ਦੀ ਅਫਵਾਹ ਹੋਣ ਕਾਰਨ ਕਣਕ ਦੇ ਜੋ ਬਿੱਲ ਅਤੇ ਕਾਰਡ ਸਵਾਈਪ ਹੋ ਕੇ ਖੁਰਾਕ ਏਜੰਸੀ ਦੇ ਜ਼ਿਲਾ ਦਫ਼ਤਰਾਂ ਵਲੋਂ 26 ਅਪ੍ਰੈਲ ਦੀ ਰਾਤ 12 ਵਜੇ ਤੱਕ ਅਪਲੋਡ ਕਰ ਦਿੱਤੇ ਜਾਣਗੇ, ਕੇਵਲ ਉਨ੍ਹਾਂ ਦੀ ਪੇਮੈਂਟ ਹੀ 27 ਅਪ੍ਰੈਲ ਬਾਅਦ ਦੁਪਹਿਰ ਤੱਕ ਬੈਂਕ ਖਾਤਿਆਂ ਵਿਚ ਆਵੇਗੀ। ਚੀਮਾ ਨੇ ਉਸ ਤੋਂ ਬਾਅਦ ਦੇ ਬਿੱਲਾਂ ਦੀ ਅਦਾਇਗੀ ਲੇਟ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੁੜ ਲਿਮਟ ਜਾਰੀ ਹੋਣ ਵਿਚ ਅਕਸਰ ਦੇਰੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਖ੍ਰੀਦ ਇੰਸਪੈਕਟਰਾਂ ਅਤੇ ਜ਼ਿਲਾ ਦਫ਼ਤਰਾਂ ਵਲੋਂ ਨਾ ਤਾਂ ਮਜ਼ਦੂਰੀ ਦਿੱਤੀ ਗਈ ਅਤੇ ਨਾ ਹੀ ਲੋਡਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਸਾਰੇ ਜ਼ਿਲਾ ਅਤੇ ਮੰਡੀ ਪ੍ਰਧਾਨਾਂ ਨੂੰ ਕਿਹਾ ਕਿ ਆੜ੍ਹਤੀਆਂ ਨੂੰ ਸੂਚਿਤ ਕਰ ਕੇ ਕਣਕ ਦੇ ਬਿੱਲਾਂ ਸਬੰਧੀ ਸਾਰੀ ਕਾਰਵਾਈ ਖ੍ਰੀਦ ਇੰਸਪੈਕਟਰਾਂ ਤੋਂ ਤੁਰੰਤ ਪੂਰੀ ਕਰਵਾਉਣ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਿਕਾਇਤ ਸੰਬੰਧਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਕਰਨ।
ਇਸ ਮੌਕੇ ਮੰਡੀ ਪ੍ਰਧਾਨ ਕੁਲਵੰਤ ਸਿੰਘ ਬਧੌਛੀ, ਸੂਬਾ ਸਕੱਤਰ ਰਾਜੇਸ਼ ਕੁਮਾਰ ਸਿੰਗਲਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਰੰਧਾਵਾ, ਕੁਲਦੀਪ ਸਿੰਘ ਭੰਗੂ, ਹਰਪਾਲ ਸਿੰਘ, ਗੁਰਦੀਪ ਸਿੰਘ ਹਰਬੰਸਪੁਰਾ, ਰਮੇਸ਼ ਕੁਮਾਰ ਤੇ ਸੁਮੀਤ ਮੋਦੀ ਆਦਿ ਹਾਜ਼ਰ ਸਨ।


Related News