ਕਣਕ ਦੇ ਨਾੜ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਦੇ ਆਦੇਸ਼ ਜਾਰੀ
Tuesday, Apr 16, 2024 - 06:11 PM (IST)
ਮੋਗਾ (ਗੋਪੀ ਰਾਊਕੇ) : ਆਮ ਤੌਰ ’ਤੇ ਵੇਖਣ ਵਿਚ ਆਇਆ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਣਾਉਣ ਉਪਰੰਤ ਨਾੜ (ਰਹਿੰਦ-ਖੂੰਹਦ) ਨੂੰ ਸਬੰਧਤ ਮਾਲਕਾਂ ਵਲੋਂ ਅੱਗ ਲਗਾ ਦਿੱਤੀ ਜਾਂਦੀ ਹੈ। ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਹਵਾ ਵਿਚ ਧੂੰਏਂ ਨਾਲ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ/ਦਮਾਂ/ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਸ ਦੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਮਾਰੂ ਪ੍ਰਭਾਵ ਪੈਂਦਾ ਹੈ ਅਤੇ ਧੂੰਏਂ ਨਾਲ ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ, ਜਿਸ ਨਾਲ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਨਾੜ ਨੂੰ ਅੱਗ ਲਗਾਉਣ ਨਾਲ ਨਾਲ ਖੇਤ ਵਿਚ ਖੜੀ ਫ਼ਸਲ ਜਾਂ ਆਲੇ ਦੁਆਲੇ ਦੇ ਦਰਖਤਾਂ ਨੂੰ ਵੀ ਅੱਗ ਲੱਗਣ ਦਾ ਡਰ ਰਹਿੰਦਾ ਹੈ, ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਕਣਕ ਦੇ ਨਾੜ (ਰਹਿੰਦ-ਖੂੰਹਦ) ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇਹ ਪਾਬੰਦੀ ਆਦੇਸ਼ 31 ਮਈ, 2024 ਤੱਕ ਲਾਗੂ ਰਹਿਣਗੇ।
ਪਾਬੰਦੀ ਆਦੇਸ਼ 30 ਅਪ੍ਰੈਲ ਤੱਕ ਲਾਗੂ ਰਹਿਣਗੇ : ਡਿਪਟੀ ਕਮਿਸ਼ਨਰ
ਵੇਖਣ ਵਿਚ ਆਇਆ ਹੈ ਕਿ ਕਿਸਾਨ ਕਣਕ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਤੁਰੰਤ ਬਾਅਦ ਹੀ ਆਪਣੇ ਖੇਤਾਂ ਵਿਚ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਚਲਾ ਕੇ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਜਦਕਿ ਕਣਕ ਦਾ ਨਾੜ ਉਸ ਸਮੇਂ ਸਲਾਬਾ/ਨਮੀ ਭਰਿਆ ਹੁੰਦਾ ਹੈ, ਜਿਸ ਦੌਰਾਨ ਮਸ਼ੀਨ ਵਿਚ ਰਗੜ ਨਾਲ ਗਰਮਾਇਸ਼ ਪੈਦਾ ਹੋਣ ਕਰ ਕੇ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਦੀ ਸੰਭਾਵਨਾ ਬਣਦੀ ਹੈ। ਇਸ ਲਈ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ’ਤੇ ਕਟਾਈ ਉਪਰੰਤ ਤੁਰੰਤ ਚਲਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਦੁਰਘਟਨਾਵਾਂ ਨਾਲ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਪਰੋਕਤ ਨੂੰ ਧਿਆਨ ਵਿਚ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿਚ ਜ਼ਿਲਾ ਮੋਗਾ ਦੀ ਹਦੂਦ ਅੰਦਰ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ, ਕਟਾਈ ਉਪਰੰਤ ਤੁਰੰਤ ਚਲਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਹੁਕਮ 30 ਅਪ੍ਰੈਲ, 2024 ਤੱਕ ਲਾਗੂ ਰਹਿਣਗੇ।
ਜ਼ਿਲਾ ਮੈਜਿਸਟ੍ਰੇਟ ਵਲੋਂ ਕਣਕ ਦੀ ਕਟਾਈ ਲਈ ਕੰਬਾਈਨ ਚਲਾਉਣ ਦਾ ਸਮਾਂ ਕੀਤਾ ਨਿਰਧਾਰਿਤ
ਮੰਡੀਆਂ ਵਿਚ ਕਣਕ ਦੀ ਖਰੀਦ ਨਿਯਮਿਤ ਢੰਗ ਨਾਲ ਕਰਨ ਲਈ ਅਤੇ ਫ਼ਸਲ ਨੂੰ ਨਮੀ ਰਹਿਤ ਯਕੀਨੀ ਬਨਾਉਣ ਲਈ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਮੈਜਿਸਟ੍ਰੇਟ ਵੱਲੋਂ ਮੋਗਾ ਦੀ ਹਦੂਦ ਅੰਦਰ ਕੰਬਾਇਨ ਮਸ਼ੀਨ ਨਾਲ ਕਣਕ ਦੀ ਕਟਾਈ ਕਰਨ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਅ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਮੈਜਿਸਟ੍ਰੇਟ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਪਰੋਕਤ ਨੂੰ ਧਿਆਨ ਵਿਚ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਕੰਬਾਈਨ ਮਸ਼ੀਨ ਨਾਲ ਕਣਕ ਦੀ ਕਟਾਈ ਕਰਨ ’ਤੇ ਸ਼ਾਮ 07:00 ਵਜੇ ਤੋਂ ਸਵੇਰੇ 06:00 ਵਜੇ ਤੱਕ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਲਾਗੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਦੀ ਕਟਾਈ ਸਲਾਬੇ ਵਿਚ ਕੀਤੀ ਜਾਂਦੀ ਹੈ ਤਾਂ ਰਗੜ੍ਹ ਕਾਰਨ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਘਟਨਾਵਾਂ ਦੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਹ ਹੁਕਮ 31 ਮਈ, 2024 ਤੱਕ ਲਾਗੂ ਰਹਿਣਗੇ।