ਲੁਧਿਆਣਾ : ਸ਼ਨੀਵਾਰ-ਐਤਵਾਰ ਨੂੰ ਸ਼ਹਿਰੋਂ ਬਾਹਰ ਜਾਣ ਲਈ ਈ-ਪਾਸ ਜ਼ਰੂਰੀ
Saturday, Jun 13, 2020 - 11:24 AM (IST)
ਲੁਧਿਆਣਾ (ਰਿਸ਼ੀ) : ਸ਼ਨੀਵਾਰ ਅਤੇ ਐਤਵਾਰ ਨੂੰ ਜੇਕਰ ਕਿਸੇ ਨੇ ਸ਼ਹਿਰ ਤੋਂ ਬਾਹਰ ਜਾਣਾ ਹੈ ਤਾਂ ਈ-ਪਾਸ ਜ਼ਰੂਰੀ ਹੋਵੇਗਾ ਪਰ ਮੈਡੀਕਲ ਅਮਰਜੈਂਸੀ 'ਚ ਲੋੜ ਨਹੀਂ ਹੋਵੇਗੀ, ਜਦੋਂ ਕਿ ਗੈਰ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ 7 ਵਜੇ ਦੀ ਬਜਾਏ 5 ਵਜੇ ਤੱਕ ਖੁੱਲ੍ਹਣਗੀਆਂ ਅਤੇ ਰੇਸਤਰਾਂ ਅਤੇ ਸ਼ਰਾਬ ਦੇ ਠੇਕੇ 8 ਵਜੇ ਤੱਕ ਖੁੱਲ੍ਹ ਸਕਣਗੇ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ। ਅਗਰਵਾਲ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪਹਿਲਾਂ ਵਾਂਗ ਹੀ ਨਿਯਮ ਹੋਣਗੇ ਪਰ ਸ਼ਨੀਵਾਰ ਨੂੰ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ 5 ਵਜੇ ਤੱਕ, ਜ਼ਰੂਰੀ ਸੇਵਾਵਾਂ (ਰਾਸ਼ਨ, ਦੁੱਧ, ਸਬਜ਼ੀ, ਫਲ, ਮੀਟ) ਦੀਆਂ ਦੁਕਾਨਾਂ 7 ਵਜੇ ਤੱਕ ਖੁੱਲ੍ਹਣਗੀਆਂ, ਜਦੋਂ ਕਿ ਰੈਸਤਰਾਂ, ਮਾਲਸ, ਸ਼ਰਾਬ ਦੇ ਠੇਕੇ 8 ਵਜੇ ਤੱਕ ਖੁੱਲ੍ਹਣਗੇ ਅਤੇ ਲੋਕ 9 ਵਜੇ ਤੱਕ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ। ਐਤਵਾਰ ਨੂੰ ਸਿਰਫ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਮਾਲਸ ਬੰਦ ਰਹਿਣਗੇ, ਰੇਸਤਰਾਂ ਅਤੇ ਸ਼ਰਾਬ ਦੇ ਠੇਕੇ 8 ਵਜੇ ਤੱਕ ਖੁੱਲ੍ਹਣਗੇ। ਸੀ. ਪੀ. ਨੇ ਕਿਹਾ ਕਿ ਸਰਕਾਰ ਦਾ ਅਜਿਹਾ ਕਰਨ ਦਾ ਮਕਸਦ ਲੋਕਾਂ ਨੂੰ ਜਾਣੂੰ ਕਰਵਾਉਣ ਦਾ ਹੈ ਕਿ ਵਾਇਰਸ ਦੀ ਜੰਗ ਅਜੇ ਖਤਮ ਨਹੀਂ ਹੋਈ ਹੈ। ਨਾਲ ਹੀ ਸਾਰੀਆਂ ਫੈਕਟਰੀਆਂ 24 ਘੰਟੇ ਖੁੱਲ੍ਹ ਸਕਦੀਆਂ ਹਨ। ਸਵੇਰ 5 ਤੋਂ ਰਾਤ 9 ਵਜੇ ਤੱਕ ਬਾਹਰ ਆ ਸਕਦੇ ਹਨ। ਸਾਮਾਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ 'ਚ ਕੋਈ ਪਾਬੰਦੀ ਨਹੀਂ ਲਾਈ ਗਈ। ਨਵੇਂ ਨਿਯਮ ਸਿਰਫ ਲੋਕਾਂ ਲਈ ਹਨ।
ਵਿਆਹਾਂ ਲਈ ਈ-ਪਾਸ ਜ਼ਰੂਰੀ
ਵਿਆਹ ਕਰਨ ਲਈ ਈ-ਪਾਸ ਬਣਵਾਉਣਾ ਜ਼ਰੂਰੀ ਹੋਵੇਗਾ। ਪਾਸ 'ਚ ਵਿਆਹ ਸਮਾਗਮ 'ਚ ਹਿੱਸਾ ਲੈਣ ਵਾਲਿਆਂ ਦੇ ਨਾਮ ਵੀ ਦੱਸਣੇ ਹੋਣਗੇ ਤਾਂ ਕਿ ਪਤਾ ਲੱਗ ਸਕੇ ਕਿ ਸਮਾਗਮ ’ਚ ਕਿੰਨੇ ਵਿਅਕਤੀ ਇਕੱਤਰ ਹੋਣਗੇ। ਸੜਕ ’ਤੇ ਚੱਲਣ ਵਾਲਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਮੌਜੂਦਾ ਹਾਲਾਤ 'ਚ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਦਾ ਸਖਤੀ ਨਾਲ ਪਾਲਣ ਜ਼ਰੂਰੀ ਹੋਵੇਗੀ।