ਇਕ ਹਫਤੇ ਤੋਂ ਪਾਣੀ ਦੀ ਸਪਲਾਈ ਬੰਦ, ਤਾਰਾਪੁਰ ਵਾਸੀ ਪ੍ਰੇਸ਼ਾਨ
Wednesday, Jul 11, 2018 - 06:26 AM (IST)

ਮਾਜਰੀ, (ਪਾਬਲਾ)- ਸ਼ਿਵਾਲਿਕ ਦੀਆਂ ਪਹਾਡ਼ੀਆਂ ਦੀ ਗੋਦ ਵਿਚ ਵਸੇ ਬਲਾਕ ਮਾਜਰੀ ਦੇ ਪਿੰਡ ਤਾਰਾਪੁਰ ਵਿਖੇ ਇਕ ਹਫਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਪਿੰਡ ਵਾਸੀਆਂ ਨੂੰ ਦਰਪੇਸ਼ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਵਸਨੀਕ ਜਸਵੀਰ ਸਿੰਘ, ਗੁਰਨਾਮ ਸਿੰਘ, ਟੱਪੀ, ਚਮਨ ਸਿੰਘ, ਸ਼ਿਮਲੋ ਦੇਵੀ, ਬਲਬੀਰ ਕੌਰ, ਮਨਪ੍ਰੀਤ ਕੌਰ, ਮਨਜੋਤ ਕੌਰ, ਪ੍ਰਦੀਪ ਕੌਰ, ਮਨਜੀਤ ਕੌਰ ਤੇ ਲਾਭੋ ਆਦਿ ਨੇ ਕਿਹਾ ਕਿ ਪਿੰਡ ਵਿਚ ਲਾਲਾਂ ਵਾਲੇ ਪੀਰ ਦੀ ਦਰਗਾਹ ਨੇੜਿਓਂ ਪਾਣੀ ਵਾਲੀ ਪਾਈਪ ਕਈ ਦਿਨਾਂ ਤੋਂ ਟੁੱਟੀ ਹੋਈ ਹੈ ਤੇ ਜਦੋਂ ਅਸੀਂ ਟੈਂਕੀ ਲਈ ਤਾਇਨਾਤ ਮੁਲਾਜ਼ਮ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਜਦੋਂ ਸਾਡੇ ਮਹਿਕਮੇ ਦਾ ਵੱਡਾ ਅਧਿਕਾਰੀ ਠੀਕ ਕਰਨ ਲਈ ਕਹੇਗਾ ਮੈਂ ਇਸ ਨੂੰ ਉਦੋਂ ਹੀ ਠੀਕ ਕਰਾਂਗਾ, ਜਿਸ ਕਾਰਨ ਅੱਤ ਦੀ ਗਰਮੀ ਵਿਚ ਸਾਨੂੰ ਤੇ ਸਾਡੇ ਪਸ਼ੂਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਵਿਭਾਗ ਦੇ ਜੇ. ਈ. ਤੇ ਟੈਂਕੀ ਲਈ ਤਾਇਨਾਤ ਮੁਲਾਜ਼ਮ ਨੂੰ ਸਪਲਾਈ ਬੰਦ ਹੋਣ ਸਬੰਧੀ ਦੱਸ ਚੁੱਕੇ ਹਾਂ ਪਰ ਕਿਸੇ ਨੇ ਸਾਡੀ ਮੁਸ਼ਕਿਲ ਵੱਲ ਕੋਈ ਧਿਆਨ ਨਹੀਂ ਦਿੱਤਾ। ਪਿੰਡ ਵਾਸੀਆਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿੰਡ ਵਿਚ ਪਾਈਪ ਠੀਕ ਕਰਕੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਜਾਵੇ। ਜਦੋਂ ਟੈਂਕੀ ਲਈ ਤਾਇਨਾਤ ਮੁਲਾਜ਼ਮ ਨਾਲ ਪਾਣੀ ਨਾ ਆਉਣ ਸਬੰਧੀ ਫੋਨ ’ਤੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪਾਣੀ ਵਾਲੀਅਾਂ ਪਾਈਪਾਂ ਟੁੱਟ ਗਈਆਂ ਸਨ ਜਿਨ੍ਹਾਂ ਨੂੰ ਅਸੀਂ ਜੋਡ਼ ਦਿੱਤਾ ਹੈ ਤੇ ਸਪਲਾਈ ਸ਼ੁਰੂ ਕਰ ਦਿੱਤੀ ਹੈ।