ਗੁਜਰਾਤ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੱਲੋਂ ਸੀਚੇਵਾਲ ਦਾ ਦੌਰਾ

02/10/2018 1:53:19 PM

ਸੁਲਤਾਨਪੁਰ ਲੋਧੀ (ਧੀਰ)— ਪੰਜਾਬ ਦੇ ਦੌਰੇ 'ਤੇ ਗੁਜਰਾਤ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਆਈ ਟੀਮ ਨੇ ਅੱਜ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਜਾਰੀ ਰੱਖਣ ਵਾਲੇ ਪਿੰਡਾਂ 'ਚੋਂ ਸੀਚੇਵਾਲ ਦਾ ਦੌਰਾ ਕੀਤਾ । ਇਸ ਉੱਚ ਪੱਧਰੀ 13 ਮੈਂਬਰੀ ਵਫਦ ਦੀ ਅਗਵਾਈ ਗੁਜਰਾਤ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੀਨੀਅਰ ਇੰਜੀਨੀਅਰ ਸਿੱਦੀਕੀ ਕਰ ਰਹੇ ਸਨ। ਉਨ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ । 
ਗੁਜਰਾਤ ਦੀ ਟੀਮ ਨੇ ਪਿੰਡ ਦੀ ਸਰਪੰਚ ਰਜਵੰਤ ਕੌਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਇਸ ਗੱਲ 'ਤੇ ਵਿਚਾਰ ਵਟਾਂਦਰਾ ਕੀਤਾ ਕਿ ਉਨ੍ਹਾਂ ਨੂੰ ਪਿੰਡ 'ਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਜਾਰੀ ਰੱਖਣ 'ਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ । 
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵਾਟਰ ਸਪਲਾਈ ਦੇ ਨਾਲ-ਨਾਲ ਉਨ੍ਹਾਂ ਨੇ ਪਿੰਡ 'ਚ ਜਿਹੜਾ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ 'ਚ ਲਿਆਉਣ ਦਾ ਮਾਡਲ ਸਥਾਪਤ ਕੀਤਾ ਹੈ, ਉਸ ਨੇ ਪਿੰਡ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਇਆ ਹੈ ਤੇ ਇਸ ਨਾਲ ਪੀਣ ਵਾਲੇ ਪਾਣੀ ਦੀ ਬੱਚਤ ਵੀ ਹੋਈ ਹੈ । ਜਿਹੜਾ ਧਰਤੀ ਹੇਠੋਂ ਪਾਣੀ ਕੱਢ ਕੇ ਖੇਤੀ ਲਈ ਵਰਤਿਆ ਜਾਂਦਾ ਸੀ ਉਸ ਦੀ ਥਾਂ 'ਤੇ ਪਿੰਡ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਇਸ ਕੰਮ 'ਚ ਲੋਕਾਂ ਦੀ ਸ਼ਮੂਲੀਅਤ ਨੇ ਵੱਡੀ ਮਦਦ ਕੀਤੀ ਹੈ । ਇਸ ਮਾਡਲ ਨੂੰ ਦੇਖ ਕੇ ਆਈ ਹੋਈ ਟੀਮ ਨੇ ਗੁਜਰਾਤ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਨੂੰ 5100 ਰੁਪਏ ਦੀ ਸਹਾਇਤਾ ਰਕਮ ਵੀ ਭੇਟ ਕੀਤੀ ।
ਪੰਜਾਬ ਸਰਕਾਰ ਵੱਲੋਂ ਆਈ. ਸੀ. ਈ. ਮਾਹਿਰ ਕੁਲਦੀਪ ਗਾਂਧੀ ਤੇ ਐੱਸ. ਡੀ. ਓ. ਅਸ਼ਵਨੀ ਕੁਮਾਰ ਤੇ ਐੱਸ. ਡੀ. ਓ. ਬਲਦੇਵ ਰਾਜ ਵੀ ਹਾਜ਼ਰ ਸਨ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ ਸਮੇਤ ਸੀਚੇਵਾਲ ਗ੍ਰਾਮ ਪੰਚਾਇਤ ਦੇ ਮੈਂਬਰ ਤੇ ਹੋਰ ਆਗੂ ਵੀ ਹਾਜ਼ਰ ਸਨ ।


Related News