ਈਰਾਨ ਦੇ ਰਾਸ਼ਟਰਪਤੀ ਰਈਸੀ ਦਾ ਪਾਕਿਸਤਾਨ ਦੌਰਾ ਸਮਾਪਤ
Wednesday, Apr 24, 2024 - 02:38 PM (IST)
ਇਸਲਾਮਾਬਾਦ (ਭਾਸ਼ਾ): ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਪਾਕਿਸਤਾਨ ਦੌਰਾ ਸਮਾਪਤ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਨੇਤਾਵਾਂ ਨਾਲ 'ਫਲਦਾਇਕ ਗੱਲਬਾਤ' ਕੀਤੀ ਅਤੇ ਵਪਾਰ-ਊਰਜਾ ਖੇਤਰ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਦੁਵੱਲੇ ਸਹਿਯੋਗ 'ਤੇ ਸਹਿਮਤੀ ਪ੍ਰਗਟਾਈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
8 ਫਰਵਰੀ ਦੀਆਂ ਆਮ ਚੋਣਾਂ ਤੋਂ ਬਾਅਦ ਕਿਸੇ ਦੇਸ਼ ਦੇ ਮੁਖੀ ਦਾ ਪਾਕਿਸਤਾਨ ਦਾ ਇਹ ਪਹਿਲਾ ਦੌਰਾ ਸੀ। ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਨੇ ਆਪਣੇ ਹਮਰੁਤਬਾ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਫੌਜ ਮੁਖੀ ਜਨਰਲ ਆਸਿਮ ਮੁਨੀਰ, ਸੈਨੇਟ ਦੇ ਚੇਅਰਮੈਨ ਯੂਸਫ ਰਜ਼ਾ ਗਿਲਾਨੀ, ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਅਤੇ ਸਿੰਧ ਤੇ ਪੰਜਾਬ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨਾਲ ਮੀਟਿੰਗਾਂ ਕੀਤੀਆਂ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਨਾਲ ਵਪਾਰਕ ਸੌਦੇ ਕਰਨ 'ਤੇ ਪਾਕਿਸਤਾਨ ਨੂੰ ਅਮਰੀਕਾ ਦੀ ਸਖ਼ਤ ਚਿਤਾਵਨੀ
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਈਰਾਨ ਦੇ ਰਾਸ਼ਟਰਪਤੀ ਅਤੇ ਪਾਕਿਸਤਾਨ ਦੇ ਪ੍ਰਮੁੱਖ ਨੇਤਾਵਾਂ ਵਿਚਕਾਰ ਇੱਕ ਫਲਦਾਇਕ ਗੱਲਬਾਤ ਹੋਈ।" ਇਸ ਦੌਰਾਨ ਵਪਾਰ, ਊਰਜਾ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਸਮੇਤ ਕਈ ਖੇਤਰਾਂ ਵਿਚ ਦੋ ਪੱਖੀ ਸਹਿਯੋਗ ਨੂੰ ਵਧਾਉਣ 'ਤੇ ਸਹਿਮਤੀ ਬਣੀ। 'ਜੀਓ ਨਿਊਜ਼' ਦੀ ਖ਼ਬਰ ਮੁਤਾਬਕ ਰਾਇਸੀ ਨੇ ਆਪਣੀ ਪਤਨੀ ਅਤੇ ਇਕ ਉੱਚ ਪੱਧਰੀ ਟੀਮ ਨਾਲ ਲਾਹੌਰ ਅਤੇ ਕਰਾਚੀ ਦਾ ਵੀ ਦੌਰਾ ਕੀਤਾ, ਜਿਸ ਵਿੱਚ ਵਿਦੇਸ਼ ਮੰਤਰੀ ਅਤੇ ਹੋਰ ਕੈਬਨਿਟ ਮੈਂਬਰ, ਸੀਨੀਅਰ ਅਧਿਕਾਰੀ ਅਤੇ ਇੱਕ ਵੱਡਾ ਵਪਾਰਕ ਵਫ਼ਦ ਸ਼ਾਮਲ ਸੀ। ਈਰਾਨ ਦੇ ਰਾਸ਼ਟਰਪਤੀ 22 ਅਪ੍ਰੈਲ ਤੋਂ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਸੋਮਵਾਰ ਨੂੰ ਇਸਲਾਮਾਬਾਦ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।