ਮਟਰਾਂ ਦੇ ਨਕਲੀ ਬੀਜ ਨਾਲ 3 ਏਕੜ ਫਸਲ ਬਰਬਾਦ
Sunday, Dec 03, 2017 - 05:31 AM (IST)
ਚੌਕ ਮਹਿਤਾ, (ਕੈਪਟਨ)- ਫਸਲਾਂ ਦਾ ਵਾਜਿਬ ਮੁੱਲ ਨਾ ਮਿਲਣ ਕਾਰਨ ਕਰਜ਼ੇ ਦੀ ਮਾਰ ਨੇ ਜਿਥੇ ਪੰਜਾਬ ਦੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ 'ਚ ਜਕੜਿਆ ਹੋਇਆ ਹੈ, ਉਥੇ ਰਹਿੰਦੀ ਕਸਰ ਨਕਲੀ ਬੀਜ ਵੇਚਣ ਵਾਲਿਆਂ ਨੇ ਕੱਢ ਦਿੱਤੀ ਹੈ। ਪਿੰਡ ਨਵਾਂ ਚੰਨਣਕੇ ਦੇ ਕਿਸਾਨ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਰਪੰਚ ਖੇਤੀ ਸਟੋਰ ਅੱਡਾ ਨਾਥ ਦੀ ਖੂਹੀ ਤੋਂ ਮਟਰਾਂ ਦਾ 9 ਤੋੜੇ ਬੀਜ ਮਹਿੰਗੇ ਭਾਅ 'ਤੇ ਖਰੀਦਿਆ ਸੀ, ਮਟਰਾਂ ਦੀ ਬਿਜਾਈ ਨੂੰ 65 ਤੋਂ 70 ਦਿਨ ਬੀਤਣ ਤੋਂ ਬਾਅਦ ਵੀ ਬੂਟਿਆਂ ਨੂੰ ਸਹੀ ਢੰਗ ਨਾਲ ਫਲ ਨਹੀਂ ਪਿਆ, ਜਦਕਿ ਮਟਰਾਂ ਦੀ ਫਸਲ 50 ਤੋਂ 55 ਦਿਨਾਂ ਵਿਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮੇਰੀ 3 ਏਕੜ ਮਟਰਾਂ ਦੀ ਫਸਲ ਇਸ ਨਕਲੀ ਬੀਜ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ, ਜਿਸ ਨਾਲ ਮੇਰਾ ਕਰੀਬ 1 ਲੱਖ 50 ਹਜ਼ਾਰ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਸਰਪੰਚ ਮੇਜਰ ਸਿੰਘ ਨੇ ਨਕਲੀ ਬੀਜ ਤਿਆਰ ਕਰਨ ਵਾਲੀ ਫਰਮ ਖਿਲਾਫ ਸਖਤ ਕਾਰਵਾਈ ਕਰਨ ਤੇ ਆਪਣੇ ਹੋਏ ਨੁਕਸਾਨ ਦੀ ਪੂਰਤੀ ਕਰਵਾਉਣ ਸਬੰਧੀ ਸਬੰਧਤ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।
ਇਸ ਸਬੰਧੀ ਜਦ ਸਰਪੰਚ ਖੇਤੀ ਸਟੋਰ ਅੱਡਾ ਨਾਥ ਦੀ ਖੂਹੀ ਦੇ ਮਾਲਕ ਸਾਬਕਾ ਸਰਪੰਚ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੀਜ ਜੇ. ਸੀ. ਰਾਜਾ ਫਰਮ ਅੰਮ੍ਰਿਤਸਰ ਦਾ ਹੈ, ਉਹ ਫਰਮ ਦੇ ਮਾਲਕਾਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾ ਚੁੱਕੇ ਹਨ, ਬਹੁਤ ਜਲਦ ਹੋਏ ਨੁਕਸਾਨ ਦੀ ਪੂਰਤੀ ਕਰਵਾਈ ਜਾਵੇਗੀ।
