ਜਲੰਧਰ 'ਚ ਵੋਟਿੰਗ ਮੁਕੰਮਲ, EVM 'ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ, ਕੁੱਲ 59.07 ਫ਼ੀਸਦੀ ਹੋਈ ਵੋਟਿੰਗ

06/01/2024 11:16:22 PM

ਜਲੰਧਰ (ਵੈੱਬ ਡੈਸਕ, ਸੋਨੂੰ, ਚੋਪੜਾ)-  ਜਲੰਧਰ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਮੁਕੰਮਲ ਹੋ ਗਈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ। ਚੋਣ ਲਈ ਜਲੰਧਰ ਵਿਖੇ 1951 ਪੋਲਿੰਗ ਬੂਥ ਬਣਏ ਗਏ ਸਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਹਰ ਬੂਥ 'ਤੇ ਵੋਟਰਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਜਲੰਧਰ ਹਲਕੇ 'ਚ ਕੁੱਲ 59.07 ਫ਼ੀਸਦੀ ਵੋਟਾਂ ਪਈਆਂ। ਜਿਸ 'ਚੋਂ ਆਦਮਪੁਰ 'ਚ 58.50 ਫ਼ੀਸਦੀ, ਜਲੰਧਰ ਕੈਂਟ 'ਚ 57.95 ਫ਼ੀਸਦੀ,  ਜਲੰਧਰ ਸੈਂਟਰਲ 56.40 ਫ਼ੀਸਦੀ , ਜਲੰਧਰ ਉੱਤਰੀ 62.10 ਫ਼ੀਸਦੀ, ਜਲੰਧਰ ਵੈਸਟ 64.00 ਫ਼ੀਸਦੀ, ਕਰਤਾਰਪੁਰ 57.98 ਫੀਸਦੀ, ਨਕੋਦਰ 58.40  ਫ਼ੀਸਦੀ , ਫਿਲੌਰ 57.80  ਫ਼ੀਸਦੀ , ਸ਼ਾਹਕੋਟ 58.79 ਫ਼ੀਸਦੀ ਵੋਟਾਂ ਪਈਆਂ    

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਕੁੱਲ ਮਿਲਾ ਕੇ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਢੰਗ ਨਾਲ ਪੋਲਿੰਗ ਸਮਾਪਤ ਹੋਈ। ਹਾਲਾਂਕਿ ਖ਼ਬਰ ਲਿਖੇ ਜਾਣ ਤਕ ਅਧਿਕਾਰਕ ਪੱਧਰ ’ਤੇ ਪੋਲਿੰਗ ਦਾ ਸਹੀ ਮੁਲਾਂਕਣ ਜਾਰੀ ਸੀ। ਪੋਲਿੰਗ ਲਈ ਪ੍ਰਸ਼ਾਸਨ ਵੱਲੋਂ ਸਾਰੇ 1951 ਪੋਲਿੰਗ ਸਟੇਸ਼ਨਾਂ ਵਿਚ ਵੋਟਿੰਗ ਤੋਂ ਇਲਾਵਾ ਮਾਹੌਲ ਨੂੰ ਵਿਗੜਨ ਤੋਂ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਅੱਜ ਹੋਈ ਪੋਲਿੰਗ ਵਿਚ ਜ਼ਿਲ੍ਹੇ ਦੇ 1654005 ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਸੀ। 10 ਫਰਵਰੀ ਨੂੰ ਜਲੰਧਰ ਲੋਕ ਸਭਾ ਦੀ ਹੋਈ ਜ਼ਿਮਨੀ ਚੋਣ ਦੇ ਮੁਕਾਬਲੇ ਅੱਜ ਲਗਭਗ 3.5 ਫ਼ੀਸਦੀ ਵੱਧ ਪੋਲਿੰਗ ਰਿਕਾਰਡ ਕੀਤੀ ਗਈ।

 

PunjabKesari

ਅੱਜ ਸਵੇਰੇ ਪੋਲਿੰਗ ਸਟੇਸ਼ਨਾਂ ’ਤੇ ਪੋਲਿੰਗ ਨੂੰ ਲੈ ਕੇ ਗਹਿਮਾ-ਗਹਿਮੀ ਵੇਖਣ ਨੂੰ ਮਿਲੀ। ਸਵੇਰੇ 11 ਵਜੇ ਤਕ ਜ਼ਿਲ੍ਹੇ ਵਿਚ 24.50 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ, ਜੋਕਿ ਦੁਪਹਿਰ 1 ਵਜੇ ਤਕ ਔਸਤਨ 37.95 ਫ਼ੀਸਦੀ ਤਕ ਦਾ ਹੀ ਅੰਕੜਾ ਛੂਹ ਸਕੀ। ਦੁਪਹਿਰੇ ਤਾਪਮਾਨ 45 ਡਿਗਰੀ ਤਕ ਪਹੁੰਚਣ ਦਾ ਬਹੁਤ ਅਸਰ ਦਿਸਿਆ ਅਤੇ ਦੁਪਹਿਰ 3 ਵਜੇ ਤਕ 45.66 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਪਰ ਸ਼ਾਮੀਂ ਗਰਮੀ ਤੋਂ ਰਾਹਤ ਮਿਲਣ ਤੋਂ ਬਾਅਦ ਲੋਕ ਆਪਣੇ ਘਰਾਂ ਵਿਚੋਂ ਨਿਕਲੇ ਅਤੇ ਸ਼ਾਮ 5 ਵਜੇ ਤਕ 53.66 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਦੂਜੇ ਪਾਸੇ ਪੋਲਿੰਗ ਲਈ ਨਿਰਧਾਰਿਤ ਆਖਰੀ ਸਮੇਂ ਤਕ ਜ਼ਿਲ੍ਹੇ ਵਿਚ 57.5 ਫ਼ੀਸਦੀ ਤਕ ਹੀ ਪੋਲਿੰਗ ਦਾ ਅੰਕੜਾ ਪਹੁੰਚ ਸਕਿਆ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਕ ਤੌਰ ’ਤੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚ ਲਗਭਗ 951627 ਵੋਟਰ ਹੀ ਆਪਣੀ ਪਸੰਦ ਦੇ ਉਮੀਦਵਾਰ ਜਾਂ ਨੋਟਾ ਦਾ ਬਟਨ ਦਬਾਉਣ ਲਈ ਪੋਲਿੰਗ ਬੂਥਾਂ ਤਕ ਪਹੁੰਚੇ।

ਅੱਜ ਹੋਈ ਪੋਲਿੰਗ ਤੋਂ ਬਾਅਦ 19 ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮਜ਼ ਵਿਚ ਕੈਦ ਹੋ ਚੁੱਕੀ ਹੈ। 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣ ਉਪਰੰਤ ਹਰੇਕ ਉਮੀਦਵਾਰ ਦੀ ਕਿਸਮਤ ਦਾ ਫ਼ੈਸਲਾ ਈ. ਵੀ. ਐੱਮਜ਼ ਵਿਚੋਂ ਬਾਹਰ ਆਵੇਗਾ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਦੇਸ਼ ਦੇ ਲੋਕਤੰਤਰ ਵਿਚ ਇਸ ਸਿਆਸੀ ਲੜਾਈ ਵਿਚ ਕਿਹੜਾ ਉਮੀਦਵਾਰ ਜੇਤੂ ਹੋਇਆ ਅਤੇ ਕਿਹੜੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।


PunjabKesari

ਅੱਜ ਨਿਰਧਾਰਿਤ ਸਮੇਂ ਅਨੁਸਾਰ ਸਵੇਰੇ 7 ਵਜੇ ਹਰੇਕ ਪੋਲਿੰਗ ਸਟੇਸ਼ਨ ’ਤੇ ਪੋਲਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਪੋਲਿੰਗ ਬੂਥਾਂ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪੋਲਿੰਗ ਏਜੰਟਾਂ ਦੇ ਸਾਹਮਣੇ ਮੌਕ ਪੋਲ ਨਾਲ ਈ. ਵੀ. ਐੱਮਜ਼ ਨੂੰ ਜ਼ੀਰੋ ਕਰਕੇ ਪੋਲਿੰਗ ਸ਼ੁਰੂ ਕੀਤੀ ਗਈ। ਆਦਮਪੁਰ ਵਿਚ ਕੁੱਟਮਾਰ ਦੀ ਇਕ ਛੋਟੀ-ਮੋਟੀ ਘਟਨਾ ਸਾਹਮਣੇ ਆਈ ਹੈ, ਜਦਕਿ ਬਸਤੀ ਗੁਜ਼ਾਂ ਵਿਚ ਵੀ 2 ਪਾਰਟੀਆਂ ਵਿਚਕਾਰ ਤਣਾਤਣੀ ਦਾ ਮਾਹੌਲ ਬਣਨ ਨਾਲ ਮਾਮਲਾ ਕਾਫ਼ੀ ਗਰਮਾਇਆ ਰਿਹਾ। ਸਮੁੱਚੀ ਪੋਲਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਸਮੂਹ ਅਧਿਕਾਰੀ ਸ਼ਾਂਤਮਈ ਚੋਣਾਂ ਕਰਵਾਉਣ ਲਈ ਸਾਰਾ ਦਿਨ ਕਾਫ਼ੀ ਮੁਸ਼ੱਕਤ ਕਰਦੇ ਰਹੇ।

ਜਾਣੋ ਹਲਕੇ ਮੁਤਾਬਕ 5 ਵਜੇ ਤੱਕ ਵੋਟ ਫ਼ੀਸਦੀ
ਆਦਮਪੁਰ 'ਚ  52.90 ਫ਼ੀਸਦੀ, ਜਲੰਧਰ ਕੈਂਟ 'ਚ 52.94  ਫ਼ੀਸਦੀ,  ਜਲੰਧਰ ਸੈਂਟਰਲ 51.20 ਫ਼ੀਸਦੀ , ਜਲੰਧਰ ਉੱਤਰੀ 56.12 ਫ਼ੀਸਦੀ, ਜਲੰਧਰ ਵੈਸਟ 54.10 ਫ਼ੀਸਦੀ, ਕਰਤਾਰਪੁਰ 54.00 ਫੀਸਦੀ, ਨਕੋਦਰ 53.41 ਫ਼ੀਸਦੀ , ਫਿਲੌਰ 54.20 ਫ਼ੀਸਦੀ , ਸ਼ਾਹਕੋਟ 53.82 ਫ਼ੀਸਦੀ ਵੋਟਿੰਗ ਪੋਲ ਹੋਈ ਹੈ।     

ਜਾਣੋ ਹਲਕੇ ਮੁਤਾਬਕ 3 ਵਜੇ ਤੱਕ ਵੋਟ ਫ਼ੀਸਦੀ
ਆਦਮਪੁਰ 'ਚ  46.20 ਫ਼ੀਸਦੀ, ਜਲੰਧਰ ਕੈਂਟ 'ਚ 44.48  ਫ਼ੀਸਦੀ,  ਜਲੰਧਰ ਸੈਂਟਰਲ 44.50 ਫ਼ੀਸਦੀ , ਜਲੰਧਰ ਉੱਤਰੀ 48.00 ਫ਼ੀਸਦੀ, ਜਲੰਧਰ ਵੈਸਟ 48.70 ਫ਼ੀਸਦੀ, ਕਰਤਾਰਪੁਰ 46.00 ਫੀਸਦੀ, ਨਕੋਦਰ 44.75 ਫ਼ੀਸਦੀ , ਫਿਲੌਰ 45.90 ਫ਼ੀਸਦੀ , ਸ਼ਾਹਕੋਟ 42.65 ਫ਼ੀਸਦੀ ਵੋਟਿੰਗ ਪੋਲ ਹੋਈ ਹੈ।     

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਵੋਟਿੰਗ ਹੋਈ ਸ਼ੁਰੂ, ਅਨੀਤਾ ਸੋਮ ਪ੍ਰਕਾਸ਼ ਸਣੇ ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਸਖ਼ਤ ਮੁਕਾਬਲਾ

PunjabKesari

ਜਾਣੋ ਹਲਕੇ ਮੁਤਾਬਕ 1 ਵਜੇ ਤੱਕ ਵੋਟ ਫ਼ੀਸਦੀ
ਆਦਮਪੁਰ 'ਚ  38.00 ਫ਼ੀਸਦੀ, ਜਲੰਧਰ ਕੈਂਟ 'ਚ 36.84  ਫ਼ੀਸਦੀ,  ਜਲੰਧਰ ਸੈਂਟਰਲ 36.10 ਫ਼ੀਸਦੀ , ਜਲੰਧਰ ਉੱਤਰੀ 38.93 ਫ਼ੀਸਦੀ, ਜਲੰਧਰ ਵੈਸਟ 39.60 ਫ਼ੀਸਦੀ, ਕਰਤਾਰਪੁਰ 38.10ਫੀਸਦੀ, ਨਕੋਦਰ 37.90 , ਫਿਲੌਰ 38.70 ਫ਼ੀਸਦੀ , ਸ਼ਾਹਕੋਟ 37.33 ਫ਼ੀਸਦੀ ਵੋਟਿੰਗ ਪੋਲ ਹੋਈ ਹੈ।     

ਜਾਣੋ ਹਲਕੇ ਮੁਤਾਬਕ 11 ਵਜੇ ਤੱਕ ਵੋਟ ਫ਼ੀਸਦੀ 

ਆਦਮਪੁਰ 'ਚ  18.80 ਫ਼ੀਸਦੀ, ਜਲੰਧਰ ਕੈਂਟ 'ਚ 23.92 ਫ਼ੀਸਦੀ,  ਜਲੰਧਰ ਸੈਂਟਰਲ 23.20 ਫ਼ੀਸਦੀ , ਜਲੰਧਰ ਉੱਤਰੀ 25.19 ਫ਼ੀਸਦੀ, ਜਲੰਧਰ ਵੈਸਟ 25.30 ਫ਼ੀਸਦੀ, ਕਰਤਾਰਪੁਰ 25.70 ਫੀਸਦੀ, ਨਕੋਦਰ 11.00 , ਫਿਲੌਰ 24.60 ਫ਼ੀਸਦੀ , ਸ਼ਾਹਕੋਟ 31.16 ਫ਼ੀਸਦੀ ਵੋਟਿੰਗ ਪੋਲ ਹੋਈ ਹੈ।     

PunjabKesari

ਜਾਣੋ ਹਲਕੇ ਮੁਤਾਬਕ 9 ਵਜੇ ਤੱਕ ਵੋਟ ਫ਼ੀਸਦੀ
ਆਦਮਪੁਰ 'ਚ  4.91, ਜਲੰਧਰ ਕੈਂਟ 'ਚ 11.45,  ਜਲੰਧਰ ਸੈਂਟਰਲ 10.20, ਜਲੰਧਰ ਉੱਤਰੀ 10.59, ਜਲੰਧਰ ਵੈਸਟ 10.80, ਕਰਤਾਰਪੁਰ 10.71 ਫੀਸਦੀ, ਨਕੋਦਰ 5.00 , ਫਿਲੌਰ 11.90, ਸ਼ਾਹਕੋਟ 8.10  ਵੋਟਿੰਗ ਪੋਲ ਕੀਤੀ ਗਈ ਹੈ।   

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਰਾਹੁਲ ਐੱਸ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ’ਚ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਵੋਟਾਂ ਪਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿੱਥੇ 16.54 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਪੋਲਿੰਗ ਪਾਰਟੀਆਂ ਲਈ ਰਿਸੀਟ ਸੈਂਟਰਾਂ ਅਤੇ ਪੋਲਿੰਗ ਸਟੇਸ਼ਨਾਂ ’ਤੇ ਪੀਣ ਵਾਲੇ ਪਾਣੀ, ਖਾਣਾ, ਚਾਹ, ਮੈਡੀਕਲ ਸਹਾਇਤਾ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ। ਜਲੰਧਰ ਜ਼ਿਲ੍ਹੇ 'ਚੋਂ ਕੁੱਲ੍ਹ 19 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 16 ਲੱਖ ਤੋਂ ਵਧੇਰੇ ਵੋਟਰ ਕਰਨਗੇ। 

ਜਲੰਧਰ ਜ਼ਿਲ੍ਹੇ 'ਚ ਕੁੱਲ੍ਹ ਵੋਟਰਾਂ ਦੀ ਗਿਣਤੀ ਤੇ ਇਹ ਕੀਤੇ ਗਏ ਨੇ ਪ੍ਰਬੰਧ
ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ’ਚ ਕੁੱਲ੍ਹ 16,54,005 ਵੋਟਰ ਹਨ, ਜਿਨ੍ਹਾਂ ’ਚ 8,59,688 ਮਰਦ ਅਤੇ 7,94,273 ਮਹਿਲਾ ਅਤੇ 44 ਥਰਡ ਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਭਰ ’ਚ 1951 ਪੋਲਿੰਗ ਬੂਥ ਬਣਾਏ ਗਏ ਹਨ। ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 9424 ਪੋਲਿੰਗ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 419 ਮਾਈਕਰੋ ਆਬਜ਼ਰਵਰ ਵੀ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਗਏ ਹਨ। ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਡਰੋਨ ਤਾਇਨਾਤ ਕੀਤੇ ਗਏ ਹਨ। ਇਹ ਡਰੋਨ ਚੋਣਾਂ ਦੌਰਾਨ ਪੈਸੇ ਦੀ ਵਰਤੋਂ ਨੂੰ ਰੋਕਣ ’ਚ ਲੱਗੀਆਂ ਚੈਕਿੰਗ ਟੀਮਾਂ ਦੀ ਮਦਦ ਕਰਨਗੇ। ਸੁਤੰਤਰ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਸਮੁੱਚੇ 1951 ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕਰਵਾਈ ਜਾ ਰਹੀ ਹੈ, ਜਿਸ ਦੇ ਲਈ ਸਾਰੀਆਂ ਪੋਲਿੰਗ ਲੋਕੇਸ਼ਨਾਂ ’ਤੇ ਕੁੱਲ੍ਹ 2113 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਵੈਬਕਾਸਟਿੰਗ ਦੀ ਨਜ਼ਰਸਾਨੀ ਲਈ ਸਥਾਨਕ ਸੀ.ਟੀ. ਇੰਸਟੀਚਿਊਟ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ 90 ਕੰਪਿਊਟਰਾਂ, 5 ਪ੍ਰਾਜੈਕਟਰਾਂ ਅਤੇ 120 ਵਿਅਕਤੀਆਂ ਵਾਲੇ ਸਟਾਫ਼ ਦੀ ਮਦਦ ਨਾਲ ਪੋਲਿੰਗ ਸਟੇਸ਼ਨਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। 

PunjabKesari

ਵਿਧਾਨ ਸਭਾ ਹਲਕਾ ਫਿਲੌਰ ’ਚ 9, ਸ਼ਾਹਕੋਟ ਵਿਖੇ 17, ਨਕੋਦਰ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਤੇ ਜਲੰਧਰ ਛਾਉਣੀ ਵਿਖੇ 10-10 ਅਤੇ ਆਦਮਪੁਰ ਵਿਖੇ 11 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਪੋਲਿੰਗ ਪ੍ਰਕਿਰਿਆ ’ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਲੋਕ ਹਲਕਾ ਜਲੰਧਰ ਅਧੀਨ ਆਉਂਦੇ ਹਰੇਕ ਵਿਧਾਨ ਸਭਾ ਹਲਕੇ ’ਚ 1-1 (ਕੁੱਲ੍ਹ 9) ਆਲ ਵੂਮੈਨ ਪੋਲਿੰਗ ਸਟੇਸ਼ਨ ਵੀ ਬਣਾਇਆ ਗਿਆ ਹੈ, ਜਿਨ੍ਹਾਂ ਦਾ ਸੰਚਾਲਨ ਮਹਿਲਾ ਸਟਾਫ਼ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਸਖ਼ਤ ਮੁਕਾਬਲਾ 
ਲੋਕ ਸਭਾ ਹਲਕਾ ਜਲੰਧਰ ਤੋਂ ਬਹੁਤੇ ਉਮੀਦਵਾਰ ਅਜਿਹੇ ਹਨ, ਜਿਹੜੇ ਇਕ ਪਾਰਟੀ ਛੱਡ ਕੇ ਦੂਜੀ ਅਤੇ ਤੀਜੀ ’ਚ ਵੀ ਸ਼ਾਮਲ ਹੋਏ ਹਨ। ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ’ਚ ਪਹਿਲੇ ਸਥਾਨ ’ਤੇ ਹਨ, ਜਿਨ੍ਹਾਂ ਮੌਜੂਦਾ ਸੰਸਦ ਮੈਂਬਰ ਵਜੋਂ ਟਿਕਟ ਛੱਡ ਕੇ ਪਲਟੀ ਮਾਰੀ। ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਪਵਨ ਟੀਨੂੰ ਪਹਿਲਾਂ ਵੀ ਇਸ ਹਲਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਅਕਾਲੀ ਦਲ ਤੋਂ ਪਹਿਲਾਂ ਉਹ ਬਸਪਾ ’ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਵੀ ਪਹਿਲਾਂ ਇਸ ਹਲਕੇ ਤੋਂ ਬਤੌਰ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਪਰ ਇਸ ਵਾਰ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ। 

PunjabKesari

ਕੀ ਹੈ ਜਲੰਧਰ ਲੋਕ ਸਭਾ ਸੀਟ ਦਾ ਇਤਿਹਾਸ 
ਜਲੰਧਰ ਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ 4। ਇਹ ਹਲਕਾ ਅਜਿਹਾ ਹੈ ਜਿਸ ਨੂੰ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1999 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਸੀਟ ’ਤੇ 1999 ਤੋਂ ਬਾਅਦ ਹੁਣ ਤੱਕ ਹੋਈਆਂ 6 ਵਾਰ (ਇਕ ਵਾਰ ਜ਼ਿਮਨੀ ਚੋਣ) ਦੀਆਂ ਲੋਕ ਸਭਾ ਚੋਣਾਂ ’ਚੋਂ 5 ਵਾਰ ਕਾਂਗਰਸ ਜਿੱਤ ਦਰਜ ਕਰ ਚੁੱਕੀ ਹੈ। ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੀਟ ਕਾਂਗਰਸ ਦੀ ਰਿਵਾਇਤੀ ਸੀਟ ਹੈ।

PunjabKesari

ਵਰਣਨਯੋਗ ਹੈ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ 10 ਫਰਵਰੀ 2023 ਨੂੰ ਜਲੰਧਰ ਲੋਕ ਸਭਾ ਲਈ ਹੋਈ ਜ਼ਿਮਨੀ ਚੋਣ ਵਿਚ 54 ਫ਼ੀਸਦੀ ਪੋਲਿੰਗ ਰਿਕਾਰਡ ਕੀਤੀ ਗਈ ਸੀ, ਜਿਸ ਵਿਚ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ 57.4 ਫ਼ੀਸਦੀ ਅਤੇ ਸਭ ਤੋਂ ਘੱਟ 48.9 ਫ਼ੀਸਦੀ  ਜਲੰਧਰ ਕੈਂਟ ਵਿਚ ਹੋਈ। ਜਲੰਧਰ ਸੈਂਟਰਲ ਵਿਚ 49, ਜਲੰਧਰ ਉੱਤਰੀ ਵਿਚ 54.4, ਜਲੰਧਰ ਵੈਸਟ ਵਿਚ 56.4, ਕਰਤਾਰਪੁਰ ਵਿਚ 54.7, ਨਕੋਦਰ ਵਿਚ 55.4, ਫਿਲੌਰ ਵਿਧਾਨ ਸਭਾ ਹਲਕੇ ਵਿਚ 55.8 ਫ਼ੀਸਦੀ  ਪੋਲਿੰਗ ਹੋਈ ਸੀ ਪਰ ਲੋਕ ਸਭਾ ਦੀ ਆਮ ਚੋਣ ਵਿਚ ਵੀ ਵੋਟਰਾਂ ਵੱਲੋਂ ਵੋਟ ਪਾਉਣ ਸਬੰਧੀ ਵਿਖਾਈ ਗਈ ਉਦਾਸੀਨਤਾ ਨਾਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਚਿਹਰਿਆਂ ਦਾ ਰੰਗ ਉੱਡਿਆ ਹੋਇਆ ਹੈ ਕਿਉਂਕਿ ਘੱਟ ਪੋਲਿੰਗ ਕਿਸ ਪਾਰਟੀ ਦੇ ਪੱਖ ਵਿਚ ਅਤੇ ਕਿਸ ਦੇ ਵਿਰੁੱਧ ਜਾਂਦੀ ਹੈ, ਇਹ ਤਾਂ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਸਪੱਸ਼ਟ ਹੋ ਸਕੇਗਾ ਪਰ ਜੋ ਵੀ ਹੋਵੇ, ਅਗਲੇ 3 ਦਿਨਾਂ ਲਈ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਦਾ ਵਧਣਾ ਤੈਅ ਹੈ।

PunjabKesari
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News