ਹੌਟ ਸੀਟ ਪਟਿਆਲਾ 'ਚ ਵੋਟਿੰਗ ਮੁਕੰਮਲ, 61.18 ਫੀਸਦੀ ਹੋਈ ਪੋਲਿੰਗ, 4 ਨੂੰ ਆਉਣਗੇ ਨਤੀਜੇ

Saturday, Jun 01, 2024 - 05:42 PM (IST)

ਹੌਟ ਸੀਟ ਪਟਿਆਲਾ 'ਚ ਵੋਟਿੰਗ ਮੁਕੰਮਲ, 61.18 ਫੀਸਦੀ ਹੋਈ ਪੋਲਿੰਗ, 4 ਨੂੰ ਆਉਣਗੇ ਨਤੀਜੇ

ਪਟਿਆਲਾ (ਜੋਸਨ) : ਪੰਜਾਬ ਵਿਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਸੀ, ਜੋ ਹੁਣ ਖ਼ਤਮ ਹੋ ਚੁੱਕਾ ਹੈ। ਹੌਟ ਸੀਟ ਪਟਿਆਲਾ 'ਤੇ ਜਿਵੇਂ ਹੀ ਵੋਟਿੰਗ ਸ਼ੁਰੂ ਤਾਂ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪਟਿਆਲੇ ਜ਼ਿਲ੍ਹੇ ਵਿਚ 61.18 ਫੀਸਦੀ ਪੋਲਿੰਗ ਰਿਕਾਰਡ ਹੋਈ ਹੈ। ਲੋਕ ਸਭਾ ਸੀਟ ਪਟਿਆਲਾ ਦੇ 9 ਹਲਕਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਟਿਆਲਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਚੋਂ ਵੱਡਾ ਹਲਕਾ ਹੈ। ਪਿਛਲੇ ਪੰਜ ਸਾਲਾਂ 'ਚ ਇਥੇ ਵੋਟਰਾਂ ਦੀ ਗਿਣਤੀ ਪੌਣੇ ਦੋ ਲੱਖ ਤੋਂ ਵੀ ਪਾਰ ਕਰ ਗਈ ਹੈ। ਸਾਲ 2019 ਦੀ ਲੋਕ ਸਭਾ ਚੋਣ ਦੌਰਾਨ ਇਥੇ 16 ਲੱਖ ਦੇ ਕਰੀਬ ਵੋਟਰ ਸਨ, ਜਦਕਿ ਹੁਣ ਇਥੇ ਵੋਟਰਾਂ ਦੀ ਗਿਣਤੀ 17 ਲੱਖ 83 ਹਜ਼ਾਰ 681 ਹੈ।

ਇਨ੍ਹਾਂ ਉਮੀਦਵਾਰਾਂ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ

ਦੱਸ ਦੇਈਏ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪਟਿਆਲਾ ਵਿਚ ਕੈਪਟਨ ਪਰਿਵਾਰ ਨੂੰ ਮਾਤ ਦੇਣ ਲਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਐੱਨ. ਕੇ. ਸ਼ਰਮਾ, ਕਾਂਗਰਸ ਵੱਲੋਂ ਡਾ. ਧਰਮਵੀਰ ਗਾਂਧੀ ਮੈਦਾਨ ਵਿਚ ਹਨ ਇਸ ਤੋਂ ਇਲਾਵਾ ਭਾਜਪਾ ਵੱਲੋਂ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ ਨੂੰ ਇਥੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪਰਨੀਤ ਕੌਰ ਨੇ ਹਾਲ ਹੀ 'ਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਪਾਰਟੀ ਜੁਆਇਨ ਕੀਤੀ ਹੈ। ਇਸ ਤੋਂ ਇਲਾਵਾ ਬਸਪਾ ਨੇ ਜਗਜੀਤ ਸਿੰਘ ਛੜਬੜ ਨੂੰ ਟਿਕਟ ਦਿੱਤੀ ਹੈ। ਪਟਿਆਲਾ ਹੌਟ ਸੀਟ 'ਤੇ ਇਨ੍ਹਾਂ ਪੰਜ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ। 

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਪੰਜਾਬ ਦੇ ਇਹ ਦੋ ਵੱਡੇ ਹਲਕੇ ਸੰਵੇਦਨਸ਼ੀਲ ਐਲਾਨੇ

ਜਾਣੋ ਪੂਰਾ ਵੇਰਵਾ

ਸੂਬੇ ਵਿਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਦਿਵਿਆਂਗ ਅਤੇ 1614 ਐੱਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।

1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ 'ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ 'ਤੇ ਹੋਵੇਗੀ।

 


author

Gurminder Singh

Content Editor

Related News