VIP ਕੈਦੀ : ਰਾਮ ਰਹੀਮ ਜੇਲ ''ਚ ਨਹੀਂ ਕਰਦਾ ਕੋਈ ਕੰਮ, ਖਾਸ ਭੋਜਨ ਆਉਂਦੈ ਬਾਹਰੋਂ ਪੱਕ ਕੇ

11/15/2017 11:11:45 AM

ਰੋਹਤਕ — ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਸਜ਼ਾ ਕੱਟ ਰਿਹਾ ਰਾਮ ਰਹੀਮ ਜੇਲ 'ਚ ਕੋਈ ਕੰਮ ਨਹੀਂ ਕਰ ਰਿਹਾ। ਬਾਕੀ ਕੈਦੀਆਂ ਦੇ ਮੁਕਾਬਲੇ ਰਾਮ ਰਹੀਮ ਨੂੰ ਸਪੈਸ਼ਲ ਟ੍ਰੀਟਮੈਂਟ ਮਿਲ ਰਿਹਾ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਸੁਨਾਰੀਆ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਏ ਇਕ ਨੌਜਵਾਨ ਰਾਹੁਲ ਜੈਨ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਤੋਂ ਰਾਮ ਰਹੀਮ ਜੇਲ 'ਚ ਆਇਆ ਹੈ ਬਾਕੀ ਕੈਦੀਆਂ ਲਈ ਪੇਰਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਰਾਮ ਰਹੀਮ ਜੇਲ 'ਚ ਕੋਈ ਕੰਮ ਨਹੀਂ ਕਰਦਾ। ਹਾਲਾਂਕਿ ਜੇਲ ਪ੍ਰਸ਼ਾਸਨ ਵਲੋਂ ਇਹ ਦੱਸਿਆ ਗਿਆ ਹੈ ਕਿ ਰਾਮ ਰਹੀਮ ਜੇਲ 'ਚ ਕੰਮ ਕਰ ਰਿਹਾ ਹੈ ਅਤੇ ਉਸਨੂੰ 20 ਤੋਂ 40 ਰੁਪਏ ਦਿਹਾੜੀ ਮਿਲ ਰਹੀ ਹੈ।  
ਰਾਮ ਰਹੀਮ ਨੂੰ ਮਿਲ ਰਹੀ ਬਾਕੀ ਕੈਦੀਆਂ ਦੇ ਮੁਕਾਬਲੇ ਵਧ ਸੁਵੀਧਾ
ਕੈਦੀ ਰਾਹੁਲ ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਦਾ ਵਿਵਹਾਰ ਬਾਕੀ ਕੈਦੀਆਂ ਮੁਕਾਬਲੇ ਰਾਮ ਰਹੀਮ ਨਾਲ ਵੱਖ ਤਰ੍ਹਾਂ ਦਾ ਹੁੰਦਾ ਹੈ। ਕੈਦੀਆਂ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਵੀ ਹੁੰਦੀ ਹੈ ਤਾਂ 20 ਮਿੰਟ ਤੋਂ ਵੀ ਘੱਟ ਦਾ ਸਮਾਂ ਮਿਲਦਾ ਹੈ। ਦੂਸਰੇ ਪਾਸੇ ਰਾਮ ਰਹੀਮ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ 2 ਘੰਟੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।
ਰਾਮ ਰਹੀਮ ਲਈ ਬਾਹਰੋਂ ਆਉਂਦਾ ਹੈ ਭੋਜਨ
ਇੰਨਾ ਹੀ ਨਹੀਂ ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਰਾਮ ਰਹੀਮ ਨੂੰ ਇੰਨੀ ਸੁਵੀਧਾ ਦਿੰਦਾ ਹੈ ਕਿ ਉਸਦਾ ਭੋਜਨ ਤੱਕ ਜੇਲ ਅਧਿਕਾਰੀ ਸਪੈਸ਼ਲ ਗੱਡੀ 'ਚ ਲੈ ਕੇ ਆਉਂਦੇ ਹਨ। ਹਾਲਾਂਕਿ ਕੈਦੀ ਨੇ ਦੱਸਿਆ ਕਿ ਭੋਜਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ। ਦਰਅਸਲ ਰੋਹਤਕ ਦੇ ਰਹਿਣ ਵਾਲੇ ਰਾਹੁਲ ਜੈਨ ਇਕ ਮਾਮਲੇ ਅਧੀਨ ਸੁਨਾਰੀਆ ਜੇਲ 'ਚ ਬੰਦ ਸਨ ਅਤੇ ਸ਼ੁੱਕਰਵਾਰ ਸ਼ਾਮ ਨੂੰ ਹੀ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਏ।
ਕੈਦੀਆਂ ਨੂੰ ਕੱਟਿਆ ਹੋਇਆ ਮਿਲਦਾ ਹੈ ਰੋਜ਼ ਦਾ ਅਖਬਾਰ 
ਜੈਨ ਨੇ ਰਾਮ ਰਹੀਮ 'ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਜਦੋਂ ਰਾਮ ਰਹੀਮ ਨੂੰ ਜੇਲ 'ਚ ਲਿਆਉਂਦਾ ਗਿਆ ਸੀ ਤਾਂ ਸਾਰੇ ਕੈਦੀਆਂ ਨੂੰ ਅੰਦਰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਕੈਦੀਆਂ ਨਾਲ ਹਰ ਰੋਜ਼ ਦੀ ਤਰ੍ਹਾਂ ਮਿਲਣ ਵਾਲਾ ਸਮਾਂ ਵੀ ਬੰਦ ਕਰ ਦਿੱਤਾ ਗਿਆ ਸੀ। ਕਈ ਦਿਨਾਂ ਤੱਕ ਕੈਦੀਆਂ ਨੂੰ ਸਬਮਰਸਿਬਲ ਅਤੇ ਟੈਂਕੀ ਦਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪਿਆ ਸੀ। ਕੈਦੀਆਂ ਦੇ ਪੜਣ ਲਈ ਜਿਹੜੀ ਅਖਬਾਰ ਆਉਂਦੀ ਸੀ ਉਹ ਵੀ ਕੱਟੀ ਹੋਈ ਹੁੰਦੀ ਸੀ ਕਿਉਂਕਿ ਰਾਮ ਰਹੀਮ ਨੂੰ ਲੈ ਕੇ ਜੇਲ ਦੇ ਵਿਰੁੱਧ ਕੋਈ ਖਬਰ ਕੈਦੀ ਨਾ ਪੜ ਸਕੇ।
ਜੇਲ ਪ੍ਰਸ਼ਾਸਨ ਰਾਮ ਰਹੀਮ ਵੱਲ ਦੇ ਰਿਹੈ ਜ਼ਿਆਦਾ ਧਿਆਨ
ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਨੇ ਕੈਦੀਆਂ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਕੋਈ ਵੀ ਕੈਦੀ ਰਾਮ ਰਹੀਮ ਦੇ ਬੈਰਕ ਵਾਲੇ ਪਾਸੇ ਨਹੀਂ ਜਾਵੇਗਾ ਅਤੇ ਜੇਕਰ ਕੋਈ ਜਾਵੇਗਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਾਮ ਰਹੀਮ ਤੋਂ ਪਰੇਸ਼ਾਨ ਸਾਰੇ ਕੈਦੀਆਂ ਨੇ ਉਸਦੇ ਵਿਰੋਧ 'ਚ ਪਹਿਲਾਂ ਵੀ ਹੜਤਾਲ ਕੀਤੀ ਸੀ। ਜੈਨ ਨੇ ਕਿਹਾ ਕਿ ਰਾਮ ਰਹੀਮ ਦੇ ਜੇਲ 'ਚ ਆਉਣ ਕਰਕੇ ਬਾਕੀ ਕੈਦੀਆਂ ਦਾ ਜ਼ਰੂਰੀ ਸਮਾਨ ਮਿਲਣਾ ਬੰਦ ਹੋ ਗਿਆ ਸੀ। ਜੱਜ ਵਲੋਂ ਜੇਲ ਪ੍ਰਸ਼ਾਸਨ ਨੂੰ ਫਟਕਾਰ ਲਗਾਉਣ ਤੋਂ ਬਾਅਦ ਹੀ ਬਾਕੀ ਕੈਦੀਆਂ ਲਈ ਜ਼ਰੂਰੀ ਸਮਾਨ ਆਉਣਾ ਸ਼ੁਰੂ ਹੋਇਆ। ਕੈਦੀ ਦਾ ਦੋਸ਼ ਹੈ ਕਿ ਜੇਲ ਪ੍ਰਸ਼ਾਸਨ ਹੋਰ ਕੈਦੀਆਂ ਦੇ ਮੁਕਾਬਲੇ ਰਾਮ ਰਹੀਮ ਵੱਲ ਵਧ ਧਿਆਨ ਦਿੰਦੇ ਹਨ।


Related News