ਅਦਾਲਤ ’ਚ ਜਾਅਲੀ ਦਸਤਾਵੇਜ਼ ਬਣਾ ਕੇ ਗਵਾਹੀ ਦੇਣ ਵਾਲਾ ਨਾਮਜ਼ਦ
Monday, Aug 25, 2025 - 10:49 AM (IST)

ਬਠਿੰਡਾ (ਵਰਮਾ) : ਇਕ ਮੁਲਜ਼ਮ ਨੂੰ ਜ਼ਮਾਨਤ ਦਿਵਾਉਣ ਲਈ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਦਾਲਤ 'ਚ ਗਵਾਹੀ ਦੇਣ ਦੇ ਦੋਸ਼ ਹੇਠ 4 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਸਬੰਧਿਤ ਮੁਲਜ਼ਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸਿਵਲ ਲਾਈਨ ਥਾਣੇ ਨੂੰ ਭੇਜੀ ਗਈ ਸ਼ਿਕਾਇਤ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨੇ ਕਿਹਾ ਕਿ ਮੁਲਜ਼ਮ ਫਰਾਜ਼ ਨਦੀਮ ਖ਼ਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਦੀ ਜ਼ਮਾਨਤ ’ਤੇ ਸੁਣਵਾਈ ਚੱਲ ਰਹੀ ਸੀ।
ਇਸ ਦੌਰਾਨ ਜ਼ਮਾਨਤ ਦਿਵਾਉਣ ਲਈ ਮੁਲਜ਼ਮ ਨੇ ਚਾਰ ਅਣਪਛਾਤੇ ਲੋਕਾਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਉਨ੍ਹਾਂ ਨੂੰ ਕੌਰ ਸਿੰਘ, ਤਾਰਾ ਸਿੰਘ, ਲਖਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਅਦਾਲਤ ’ਚ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਗਵਾਹੀ ਦੇਣ ਲਈ ਕਿਹਾ। ਮੁਲਜ਼ਮ ਨੇ ਅਦਾਲਤ ’ਚ ਝੂਠੇ ਹਲਫ਼ਨਾਮੇ ਵੀ ਦਾਇਰ ਕੀਤੇ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਕਤ ਮੁਲਜ਼ਮ ਅਤੇ ਉਸ ਦੇ ਚਾਰ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।