ਧੈਂਗੜਪੁਰ ਦੇ ਬੰਨ੍ਹ ਨੂੰ ਸਤਲੁਜ ਨੇ ਲਾਈ ਵੱਡੀ ਢਾਅ: ਪ੍ਰਸ਼ਾਸਨ ਨੇ ਨਹੀਂ ਲਈ ਕੋਈ ਸਾਰ, ਲੋਕਾਂ ਨੇ ਲਾਇਆ ਠੀਕਰੀ ਪਹਿਰਾ

Wednesday, Aug 27, 2025 - 12:28 AM (IST)

ਧੈਂਗੜਪੁਰ ਦੇ ਬੰਨ੍ਹ ਨੂੰ ਸਤਲੁਜ ਨੇ ਲਾਈ ਵੱਡੀ ਢਾਅ: ਪ੍ਰਸ਼ਾਸਨ ਨੇ ਨਹੀਂ ਲਈ ਕੋਈ ਸਾਰ, ਲੋਕਾਂ ਨੇ ਲਾਇਆ ਠੀਕਰੀ ਪਹਿਰਾ

ਬਲਾਚੌਰ (ਬ੍ਰਹਮਪੁਰੀ) : ਅੱਜ ਦੇਰ ਰਾਤ ਸਤਲੁਜ ਦਰਿਆ ਦੇ ਨਾਲ ਲੱਗਦੇ ਬਲਾਚੌਰ ਤਹਿਸੀਲ ਦੇ ਬੇਟ ਇਲਾਕੇ ਦੇ ਪਿੰਡਾਂ ਔਲੀਆਪੁਰ ਅਤੇ ਧੈਂਗੜਪੁਰ ਵਿਖੇ ਪਿੰਡ ਦੇ ਲੋਕਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਦਰਿਆ ਦਾ ਲੱਗਿਆ ਬੰਨ੍ਹ ਕਿਸੇ ਸਮੇਂ ਵੀ ਟੁੱਟ ਸਕਦਾ ਹੈ, ਇਸ ਲਈ ਪਿੰਡ ਵਾਸੀਆਂ ਨੇ ਅਨਾਊਂਸਮੈਂਟਾਂ ਕਰ ਦਿੱਤੀਆਂ ਕਿ ਸਾਰੇ ਪਿੰਡ ਵਾਸੀ ਜਾਗਦੇ ਰਹਿਣ ਕਿਉਂਕਿ ਹੜ੍ਹ ਦੇ ਹਾਲਾਤ ਬਣੇ ਹੋਏ ਹਨ।

ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਨ ਤਬਾਹੀ ਵਿਚਾਲੇ ਪੰਜਾਬ 'ਚ ਲੱਗ ਗਈਆਂ ਵੱਡੀਆਂ ਪਾਬੰਦੀਆਂ, ਜਾਰੀ ਹੋਏ ਨਵੇਂ ਹੁਕਮ 

ਜਦੋਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਤਾਂ ਪਿੰਡ ਔਲੀਆਪੁਰ ਦੇ ਡਾਕਟਰ ਧੈਂਗੜਪੁਰ ਅਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਭਾਵੇਂ ਕਿ ਸਵੇਰ ਨਾਲੋਂ ਪਾਣੀ ਘਟਿਆ ਲੱਗਦਾ ਹੈ ਪਰ ਬੰਨ੍ਹ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ, ਜਿਸ ਲਈ ਰਾਤ ਨੂੰ ਠੀਕਰੀ ਪਹਿਰਾ ਲਗਾ ਕਿ ਰਾਤ ਕੱਟੀ ਜਾਵੇਗੀ। ਇਸੇ ਤਰ੍ਹਾਂ ਹੀ ਪਿੰਡ ਧੈਂਗੜਪੁਰ ਦੇ ਕੌਮੀ ਕਿਸਾਨ ਯੂਨੀਅਨ ਰਾਹੋਂ ਸਰਕਲ ਦੇ ਪ੍ਰਧਾਨ ਜੋਗਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਵੇਂ ਕਿ ਸਾਡਾ ਪਿੰਡ ਔਲੀਆਪੁਰ ਤੋਂ ਅੱਗੇ ਹੈ ਪਰ ਸਾਡੇ ਪਿੰਡ ਨਾਲ ਕਰੀਬ ਇੱਕ ਕਿਲੋਮੀਟਰ ਲੰਬਾ ਬੰਨ੍ਹ ਦਰਿਆ ਦੇ ਪਾਣੀ ਨਾਲ ਖੁਰ ਰਿਹਾ  ਹੈ ਜਿਸ ਦਾ ਕਾਰਨ ਜੋ ਰੋਕਾਂ ਲਗਾਈਆਂ ਹੋਈਆਂ ਹਨ, ਉਨ੍ਹਾਂ ਦੇ ਚੜ੍ਹਦੇ ਪਾਸੇ ਅਤੇ ਲਹਿੰਦੇ ਪਾਸੇ ਤੇਜ਼ ਪਾਣੀ ਦੇ ਵਹਾਅ ਨੇ ਬੰਨ੍ਹ ਨੂੰ ਖੋਰਨਾ ਸ਼ੁਰੂ ਕੀਤਾ ਹੋਇਆ ਹੈ ਜਿਸ ਕਰਕੇ ਕਿਸੇ ਸਮੇਂ ਵੀ ਬੰਨ੍ਹ ਟੁੱਟ ਸਕਦਾ ਹੈ।

ਇਹ ਵੀ ਪੜ੍ਹੋ : ਉੱਤਰੀ ਭਾਰਤ 'ਚ ਬਾਰਿਸ਼-ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਮਚੀ ਭਾਰੀ ਤਬਾਹੀ; ਸੜਕਾਂ-ਪੁਲ ਰੁੜ੍ਹੇ, ਸਕੂਲ ਵੀ ਬੰਦ

ਇਸ ਬਾਰੇ ਗੱਲ ਕਰਦਿਆਂ ਔਲੀਆਪੁਰ ਦੇ ਗੁਲਜ਼ਾਰ ਸਿੰਘ, ਮੋਹਨ ਲਾਲ, ਲੇਖ ਰਾਜ, ਪਰਮਜੀਤ ਕੌਰ ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਨੇ ਕਿਹਾ ਕਿ ਖਤਰੇ ਵਾਲੇ ਹਾਲਾਤਾਂ ਵਿੱਚ ਇਸ ਸਮੇਂ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਪਿੰਡਾਂ ਵਿੱਚ ਜਾਂ ਬੰਨ੍ਹ ਲਾਗੇ ਨਹੀਂ ਹੈ ਜਦੋਂਕਿ ਇੱਕ ਕਿਲੋਮੀਟਰ ਦੇ ਕਰੀਬ ਲੰਬੇ ਬੰਨ੍ਹ ਦੀ ਚਿੰਤਾਜਨਕ ਹਾਲਤ ਬਣੀ ਹੋਈ ਹੈ। ਕਿਸਾਨ ਆਗੂ ਨੇ ਦੱਸਿਆ ਕਿ ਦਿਨੇ ਪ੍ਰਸ਼ਾਸ਼ਨ ਦੇ ਅਧਿਕਾਰੀ ਭਲਵਾਨੀ ਗੇੜੀ ਮਾਰ ਕੇ ਚਲੇ ਗਏ ਪਰ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਕੇ ਗਏ। ਉਕਤ ਪਿੰਡ ਨਿਵਾਸੀਆਂ ਨੇ ਕਿਹਾ ਕਿ 1988 ਵਿੱਚ ਵੀ ਇਹੋ ਸਥਿਤੀ ਬਣੀ ਸੀ ਜੋ ਅੱਜ ਹੈ। ਜੇਕਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਪੂਰੇ ਬੇਟ ਏਰੀਏ ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਖ਼ਬਰ ਲਿਖੇ ਜਾਣ ਸਮੇਂ ਤੱਕ ਰਾਤ 9 :15 ਵਜੇ ਪਿੰਡਾਂ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਠੀਕਰੀ ਪਹਿਰਾ ਦੇ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News