ਪੰਜਾਬ ''ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਮੀਟਰ ਰੀਡਿੰਗ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
Friday, Aug 22, 2025 - 12:44 PM (IST)

ਗੋਨਿਆਣਾ ਮੰਡੀ (ਗੋਰਾ ਲਾਲ) : ਜ਼ਿਲਾ ਬਠਿੰਡਾ ਦੇ ਗੋਨਿਆਣਾ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪਾਵਰਕਾਮ ਵਿਭਾਗ ਦੇ ਅੰਦਰ ਖੁੱਲ੍ਹੇਆਮ ਚੱਲ ਰਹੇ ਘਪਲੇ ਨੇ ਲੋਕਾਂ ਦੇ ਮਨਾਂ ’ਚ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਬਿਜਲੀ ਚੋਰੀ ਤੇ ਰਿਸ਼ਵਤਖੋਰੀ ਨੂੰ ਰੋਕਣ ਵਾਲੇ ਹੀ ਉਸ ਘਪਲੇ ਦੇ ਸਭ ਤੋਂ ਵੱਡੇ ਖਿਡਾਰੀ ਬਣ ਚੁੱਕੇ ਹਨ? ਮਾਮਲਾ ਇਕ ਮੀਟਰ ਰੀਡਰ ਤੋਂ ਸ਼ੁਰੂ ਹੁੰਦਾ ਹੈ ਪਰ ਪੂਰੀ ਕਹਾਣੀ ਵਿਚ ਐੱਸ.ਡੀ.ਓ., ਲਾਈਨਮੈਨ ਅਤੇ ਕੁਝ ਵੱਡੇ ਅਧਿਕਾਰੀਆਂ ਦੀ ਸਾਂਝ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ, ਇਕ ਖਾਸ ਮੀਟਰ ਰੀਡਰ ਜਿਸ ਦੇ ਖੇਤਰ ਵਿਚ ਇਨਫੋਰਸਮੈਂਟ ਟੀਮ ਨੇ ਪਿਛਲੇ ਦਿਨੀਂ ਵੱਡੀ ਗਿਣਤੀ ਵਿਚ ਮੀਟਰਾਂ ਨੂੰ ਪੈਕ ਕਰ ਕੇ ਐੱਮ. ਈ. ਲੈਬ ਭੇਜਿਆ ਸੀ, ਉਸ ਦੇ ਖਿਲਾਫ ਸਪੱਸ਼ਟ ਤੌਰ ’ਤੇ ਚੋਰੀ ਤੇ ਟੈਂਪਰਿੰਗ ਦੀਆਂ ਸ਼ਿਕਾਇਤਾਂ ਦਰਜ ਹਨ।
ਇਹ ਵੀ ਪੜ੍ਹੋ : ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਨੂੰ ਲੈ ਕੇ ਪੰਜਾਬ ਪੁਲਸ ਨੇ ਜਾਰੀ ਕੀਤਾ ਅਲਰਟ
ਰਿਪੋਰਟਾਂ ਅਨੁਸਾਰ, ਮੀਟਰਾਂ ਦੀ ਪੈਕਿੰਗ ’ਚੋਂ ਵੱਡੀ ਗਿਣਤੀ ਅਜਿਹੀ ਸੀ ਜਿਸ ਨਾਲ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚ ਰਿਹਾ ਹੈ। ਇਨਫੋਰਸਮੈਂਟ ਦੇ ਉੱਚ ਅਧਿਕਾਰੀਆਂ ਨੇ ਸਾਫ ਸ਼ਬਦਾਂ ਵਿਚ ਲਿਖਿਆ ਕਿ ਉਕਤ ਮੀਟਰ ਰੀਡਰ ਦੀਆਂ ਸੇਵਾਵਾਂ ਨੂੰ ਬੰਦ ਕੀਤਾ ਜਾਵੇ ਪਰ ਹੈਰਾਨੀਜਨਕ ਤੌਰ ’ਤੇ ਸਬ ਡਵੀਜ਼ਨ ਦੇ ਐੱਸ. ਡੀ. ਓ. ਨੇ ਇਸ ਦੇ ਉਲਟ ਚੱਲ ਕੇ ਉਸ ਦੀਆਂ ਸੇਵਾਵਾਂ ਦੁਬਾਰਾ ਬਠਿੰਡਾ ’ਚ ਜਾਰੀ ਕਰਨ ਦੀ ਸਿਫਾਰਿਸ਼ ਕਰ ਦਿੱਤੀ ਸੀ। ਇਸ ਸਬੰਧੀ ਇਕ ਪ੍ਰਾਈਵੇਟ ਕੰਪਨੀ ਦੇ ਅਧਿਕਾਰੀ ਮਨੀਸ਼ ਕੁਮਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਸਨੂੰ ਸਬ ਡਵੀਜ਼ਨ ਦੇ ਅਧਿਕਾਰੀ ਵੱਲੋਂ ਪੱਤਰ ਮਿਲਿਆ ਹੈ, ਜਿਸ ਵਿਚ ਮੀਟਰ ਰੀਡਰ ਦੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਉਹ ਕਹਿੰਦਾ ਹੈ ਕਿ ਕੰਪਨੀ ਅਤੇ ਪਾਵਰਕਾਮ ਦੇ ਵਿਚਕਾਰ ਹੋਏ ਸਮਝੌਤੇ ਮੁਤਾਬਕ ਉਹ ਉਸੇ ਤਰ੍ਹਾਂ ਕਾਰਵਾਈ ਕਰਨ ਲਈ ਮਜਬੂਰ ਹੈ, ਜਿਵੇਂ ਸਬ ਡਵੀਜ਼ਨ ਦੇ ਅਧਿਕਾਰੀ ਸਿਫਾਰਿਸ਼ ਕਰਦੇ ਹਨ ਪਰ ਉਸਨੇ ਇਹ ਵੀ ਕਿਹਾ ਕਿ ਉਹ ਐਕਸੀਅਨ ਬਠਿੰਡਾ ਨਾਲ ਗੱਲ ਕਰੇਗਾ ਅਤੇ ਅੰਤਿਮ ਫੈਸਲਾ ਉਨ੍ਹਾਂ ਦੇ ਹੁਕਮ ਅਨੁਸਾਰ ਹੀ ਹੋਵੇਗਾ।
ਇਹ ਵੀ ਪੜ੍ਹੋ : ਸਕੇ ਭੈਣ-ਭਰਾ ਨੇ ਕੀਤਾ ਵੱਡਾ ਕਾਂਡ, ਕਾਰਾ ਸੁਣ ਨਹੀਂ ਹੋਵੇਗਾ ਯਕੀਨ
ਇਸ ਸਾਰੀ ਗੁੱਥੀ ’ਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪਹਿਲਾਂ ਵੀ ਉਸੇ ਮੀਟਰ ਰੀਡਰ ਦੀ ਸ਼ਿਕਾਇਤ ਹੋਣ ’ਤੇ ਉਸਦੀ ਬਦਲੀ ਸੰਗਤ ਮੰਡੀ ਸਬ ਡਵੀਜ਼ਨ ’ਚ ਕੀਤੀ ਗਈ ਸੀ ਪਰ ਕੁਝ ਹੀ ਸਮੇਂ ’ਚ ਅੰਦਰਖਾਤੇ ਸੈਟਿੰਗ ਦੇ ਆਧਾਰ ’ਤੇ ਉਸਨੂੰ ਦੁਬਾਰਾ ਗੋਨਿਆਣਾ ਸਬ ਡਵੀਜ਼ਨ ਦਾ ਚਾਰਜ ਦੇ ਦਿੱਤਾ ਗਿਆ। ਲੋਕਾਂ ਵਿਚਾਲੇ ਇਹ ਚਰਚਾ ਚਲ ਰਹੀ ਹੈ ਕਿ ਇਹ ਮੀਟਰ ਰੀਡਰ ਹਰ ਬਿਲਿੰਗ ਸਰਕਲ ’ਚ ਖਪਤਕਾਰਾਂ ਤੋਂ ਹਜ਼ਾਰਾਂ ਰੁਪਏ ਰਿਸ਼ਵਤ ਵਜੋਂ ਵਸੂਲਦਾ ਸੀ ਅਤੇ ਮੀਟਰਾਂ ਦੀ ਟੈਂਪਰਿੰਗ ਕਰਕੇ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ ਕਰ ਰਿਹਾ ਸੀ। ਇਹੀ ਨਹੀਂ ਸੂਤਰਾਂ ਅਨੁਸਾਰ, ਗੋਨਿਆਣਾ ਮੰਡੀ ਅਤੇ ਆਲੇ ਦੁਆਲੇ ਦੇ ਇਲਾਕਿਆਂ ’ਚ ਲਾਈਨਮੈਨ ਨੇ ਮਹਿਕਮੇ ਨਾਲ ਮਿਲੀਭੁਗਤ ਕਰਕੇ ਤਕਰੀਬਨ 500 ਤੋਂ 600 ਮੀਟਰ ਖੋਲ੍ਹ ਕੇ ਸਿੱਟ ਕੀਤੇ ਗਏ ਹਨ ਅਤੇ ਇਸ ਸਬੰਧੀ ਖਪਤਕਾਰਾਂ ਤੋਂ ਲੱਖਾਂ ਰੁਪਏ ਵਸੂਲੇ ਗਏ ਹਨ।
ਇਸ ਸਾਰੇ ਘਪਲੇ ’ਚ ਗੋਨਿਆਣਾ ਮੰਡੀ ਦਾ ਇਕ ਵੱਡਾ ਅਧਿਕਾਰੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜੋ ਬਿਜਲੀ ਬੋਰਡ ’ਚ ਹੀ ਕੰਮ ਕਰਦਾ ਹੈ। ਇਸ ਵੱਡੇ ਅਧਿਕਾਰੀ ਦੀ ਵੱਡੇ ਅਫਸਰ ਨਾਲ ਨੇੜਤਾ ਸਾਰਿਆਂ ਨੂੰ ਪਤਾ ਹੈ। ਸੂਤਰਾਂ ਅਨੁਸਾਰ, ਪਹਿਲਾਂ ਲਾਈਨਮੈਨ ਮੀਟਰ ਟੈਂਪਰ ਕਰਦਾ ਹੈ, ਫਿਰ ਐੱਸ.ਡੀ.ਓ. ਚੈਕਿੰਗ ਟੀਮ ਭੇਜ ਦਿੰਦਾ ਹੈ। ਬਾਅਦ ’ਚ ਖਪਤਕਾਰਾਂ ਨੂੰ ਡਰਾ ਕੇ ਉਨ੍ਹਾਂ ਤੋਂ ਮੋਟੇ ਰੁਪਏ ਵਸੂਲੇ ਜਾਂਦੇ ਹਨ। ਇਹ ਪੂਰਾ ਖੇਡ ਸਿਰਫ ਪਾਵਰਕਾਮ ਦੇ ਪੈਸੇ ਲੁੱਟਣ ਲਈ ਨਹੀਂ ਸਗੋਂ ਗਰੀਬ ਤੇ ਮੱਧਵਰਗ ਖਪਤਕਾਰਾਂ ਦੀ ਹੱਡੀਆਂ ਤੱਕ ਚੂਸਣ ਲਈ ਬਣਾਇਆ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਵੱਲੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e