ਪੰਚਾਇਤ ਚੋਣਾਂ ਦੀ ਗਿਣਤੀ ਦੌਰਾਨ ਹਿੰਸਾ, ਪੁਲਸ ਤੇ ਪਿੰਡ ਵਾਸੀਆਂ ਵਿਚਾਲੇ ਝੜਪ

Wednesday, Oct 16, 2024 - 03:01 PM (IST)

ਬਠਿੰਡਾ (ਵਿਜੇ ਵਰਮਾ) : ਪੰਚਾਇਤ ਚੋਣਾਂ ਦੀ ਗਿਣਤੀ ਦੌਰਾਨ ਮੰਗਲਵਾਰ ਰਾਤ ਬਠਿੰਡਾ ਦੇ ਪਿੰਡ ਭੋਡੀਪੁਰਾ ਅਤੇ ਚੱਕ ਫਤਹ ਸਿੰਘ ਵਾਲਾ ਵਿੱਚ ਪੁਲਸ ਅਤੇ ਪਿੰਡ ਵਾਸੀਆਂ ਵਿਚਕਾਰ ਹਿੰਸਕ ਟਕਰਾਅ ਹੋ ਗਿਆ। ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਪੁਲਸ 'ਤੇ ਪਥਰਾਅ ਕਰ ਦਿੱਤਾ, ਜਿਸ ਨਾਲ ਪੁਲਸ ਨੂੰ ਆਪਣੀ ਸੁਰੱਖਿਆ ਲਈ ਹਵਾਈ ਫਾਇਰਿੰਗ ਕਰਨੀ ਪਈ। ਇਸ ਘਟਨਾ ਵਿੱਚ ਸੀ. ਆਈ. ਏ.-1 ਇੰਚਾਰਜ ਨਵਪ੍ਰੀਤ ਸਿੰਘ ਸਮੇਤ ਚਾਰ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ। ਇੰਚਾਰਜ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਪੰਜ ਟਾਂਕੇ ਲੱਗੇ। 

ਪਿੰਡ ਵਾਸੀਆਂ ਦੇ ਦੋਸ਼ : ਪਲਿਸ ਨੇ ਕੀਤਾ ਪੱਖਪਾਤ

ਪਿੰਡ ਭੋਡੀਪੁਰਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਪੁਲਸ 'ਤੇ ਪੱਖਪਾਤ ਦੇ ਦੋਸ਼ ਲਗਾਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਚੋਣ ਗਿਣਤੀ ਵਾਲੇ ਸਕੂਲ ਦੇ ਨੇੜੇ ਸਨ, ਤਾਂ ਕੁੱਝ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਆਏ। ਗੱਲਬਾਤ ਦੌਰਾਨ ਬਹਿਸ ਹੋਣ 'ਤੇ ਪੁਲਸ ਨੇ ਉਨ੍ਹਾਂ 'ਤੇ ਲਾਠੀਆਂ ਚਲਾਈਆਂ। ਸੁਖਦੇਵ ਸਿੰਘ ਦਾ ਦੋਸ਼ ਹੈ ਕਿ ਪੁਲਸ ਵਿਰੋਧੀ ਧਿਰ ਦਾ ਸਾਥ ਦੇ ਰਹੀ ਸੀ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਦੌਰਾਨ ਜੋਗਾ ਸਿੰਘ ਨਾਂ ਦੇ ਵਿਅਕਤੀ ਨੇ, ਜੋ ਪੁਲਸ ਨਾਲ ਸੀ, ਆਪਣੇ ਪਿਸਤੌਲ ਨਾਲ ਗੋਲੀਆਂ ਚਲਾਈਆਂ।

ਪੁਲਸ ਨਾਲ ਝੜਪ ਅਤੇ ਪਥਰਾਅ 
ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਪੁਲਸ ਨੇ ਪਿੰਡ ਵਾਸੀਆਂ 'ਤੇ ਲਾਠੀਚਾਰਜ ਕੀਤਾ ਤਾਂ ਗੁੱਸੇ ਹੋਏ ਲੋਕਾਂ ਨੇ ਪੁਲਸ 'ਤੇ ਪਥਰਾਅ ਕਰ ਦਿੱਤਾ। ਇੱਥੇ ਹੀ ਨਹੀਂ, ਚੱਕ ਫਤਿਹ ਸਿੰਘ ਵਾਲਾ ਵਿੱਚ ਵੀ ਪੁਲਸ ਤੇ ਭੀੜ ਵਿਚਕਾਰ ਟਕਰਾਅ ਹੋਇਆ। ਭੀੜ ਦੇ ਹਮਲੇ ਤੋਂ ਬਚਣ ਲਈ ਪੁਲਸ ਨੇ ਹਵਾਈ ਫਾਇਰ ਕੀਤੇ ਅਤੇ ਸਥਿਤੀ 'ਤੇ ਕਾਬੂ ਪਾਇਆ। ਪਥਰਾਅ ਦੌਰਾਨ ਸੀਆਈਏ-1 ਇੰਚਾਰਜ ਨਵਪ੍ਰੀਤ ਸਿੰਘ ਸਮੇਤ ਚਾਰ ਮੁਲਾਜ਼ਮ ਜ਼ਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ 'ਚ ਕੀਤਾ ਗਿਆ।

ਪੁਲਸ ਦਾ ਪੱਖ: ਦੋਸ਼ ਬੇਬੁਨਿਆਦ

ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ 'ਤੇ ਹਮਲੇ ਦੌਰਾਨ ਚਾਰ ਮੁਲਾਜ਼ਮ ਜ਼ਖ਼ਮੀ ਹੋਏ ਹਨ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਭੀੜ ਵਿੱਚ ਸ਼ਾਮਲ ਅਣਪਛਾਤੇ ਲੋਕਾਂ ਖ਼ਿਲਾਫ਼ ਦਿਆਲਪੁਰਾ ਅਤੇ ਨਥਾਨਾ ਥਾਣਿਆਂ 'ਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪੁਲਸ ਨੇ ਸਿਰਫ਼ ਆਪਣੀ ਸੁਰੱਖਿਆ ਵਿੱਚ ਕਾਰਵਾਈ ਕੀਤੀ। ਪੁਲਸ ਹੁਣ ਹਿੰਸਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਅੱਗੇ ਵਧਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਤਾਂ ਜੋ ਘਟਨਾ ਦੇ ਅਸਲੀ ਕਾਰਨਾਂ ਦਾ ਖ਼ੁਲਾਸਾ ਕੀਤਾ ਜਾ ਸਕੇ।
 


Babita

Content Editor

Related News