500 ਰੁੱਖ ਉਖਾੜੇ, ਪਹਾੜ ਕੱਟੇ; ਵਨ, ਪੁਲਸ ਅਧਿਕਾਰੀ ਚੁੱਪ, ਸਿਸਟਮ ਫੇਲ੍ਹ - ਜੋਸ਼ੀ
Tuesday, Aug 19, 2025 - 05:35 PM (IST)

ਚੰਡੀਗੜ੍ਹ: ਨਿਊ ਚੰਡੀਗੜ੍ਹ ਨਾਲ ਲੱਗਦੇ ਪਿੰਡ ਸਿਸਵਾਂ ਵਿਚ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਏਕੜ ਪਹਾੜ ਪੱਧਰੇ ਕੀਤੇ ਜਾ ਰਹੇ ਹਨ। ਲਗਭਗ 500 ਰੁੱਖ ਕੱਟੇ ਜਾ ਚੁੱਕੇ ਹਨ। ਜੰਗਲਾਤ, ਵਨਜੀਵ, ਪੰਚਾਇਤ ਅਤੇ ਪੁਲਸ ਵਿਭਾਗਾਂ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਅਧਿਕਾਰੀ ਅੱਖਾਂ-ਕੰਨ ਬੰਦ ਕਰਕੇ ਬੈਠੇ ਹਨ। ਕੋਈ ਸੁਣਵਾਈ ਨਹੀਂ ਕਰ ਰਿਹਾ। ਇਹ ਇਲਜ਼ਾਮ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਨੇ ਲਗਾਇਆ ਹੈ, ਜਿਹੜੇ ਮੀਡੀਆ ਨੂੰ ਮੌਕੇ 'ਤੇ ਲੈ ਕੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗੁਰੂਘਰ ਤੋਂ ਹੋਈ ਅਨਾਊਂਸਮੈਂਟ! ਬੱਸਾਂ-ਟਰਾਲੀਆਂ ਭਰ-ਭਰ ਘਰਾਂ ਤੋਂ ਦੂਰ ਭਜਾਏ ਲੋਕ; ਹੋਈ ਮੌਕ ਡਰਿੱਲ
ਸਿਸਵਾਂ ਦੇ ਸਰਪੰਚ ਸੰਜੀਵ ਸ਼ਰਮਾ, ਪੰਚ ਅਮਨਦੀਪ ਸ਼ਰਮਾ, ਲੰਬੜਦਾਰ ਸ਼ੇਰ ਖਾਨ, ਮੰਡਲ ਪ੍ਰਧਾਨ ਮਾਜਰੀ ਮੰਡਲ ਭਾਜਪਾ ਮੋਹਿਤ ਗੌਤਮ ਅਤੇ ਹੋਰ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਜੋਸ਼ੀ ਨੇ ਮੌਕੇ ਦਾ ਮੁਆਇਨਾ ਕਰਵਾਉਂਦੇ ਹੋਏ ਕਿਹਾ ਕਿ ਜਿਸ ਜ਼ਮੀਨ ਅਤੇ ਪਹਾੜ ਦੀ ਮਲਕੀਅਤ ਸਿਸਵਾਂ ਪੰਚਾਇਤ ਕੋਲ ਹੈ, ਉਸ 'ਤੇ ਕੋਈ ਨਿੱਜੀ ਵਿਅਕਤੀ ਕਿਵੇਂ ਕਬਜ਼ਾ ਕਰ ਸਕਦਾ ਹੈ?
ਵਿਨੀਤ ਜੋਸ਼ੀ ਨੇ ਕਿਹਾ ਕਿ ਪਹਾੜ ਦੀ ਜ਼ਮੀਨ ਜੋ ਖਸਰਾ ਨੰਬਰ 453 ਵਿਚ ਆਉਂਦੀ ਹੈ, ਉਹ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ (PLPA), 1900 ਦੀ ਧਾਰਾ 4 ਦੇ ਤਹਿਤ ਨੋਟੀਫਾਈਡ (ਅਧਿਸੂਚਿਤ) ਹੈ। ਇਸ ਕਾਰਨ ਉਸ ਪਹਾੜੀ ਜ਼ਮੀਨ 'ਤੇ ਨਾ ਖੇਤੀ ਕੀਤੀ ਜਾ ਸਕਦੀ ਹੈ, ਨਾ ਹੀ ਖੁਦਾਈ ਕੀਤੀ ਜਾ ਸਕਦੀ ਹੈ। ਨਾ ਹੀ ਰੁੱਖ, ਪੌਦੇ ਜਾਂ ਘਾਹ ਕੱਟੇ ਜਾ ਸਕਦੇ ਹਨ ਅਤੇ ਨਾ ਹੀ ਗਾਂ, ਭੈਂਸ ਜਾਂ ਬੱਕਰੀਆਂ ਨੂੰ ਚਰਾਇਆ ਜਾ ਸਕਦਾ ਹੈ। ਕਿਸੇ ਵੀ ਕਿਸਮ ਦੀ ਛੇੜਛਾੜ 'ਤੇ ਪਾਬੰਦੀ ਹੈ। ਫਿਰ ਇਸ ਨੂੰ ਕੱਟ ਕੇ ਪੱਧਰਾ ਕਿਵੇਂ ਕਰ ਦਿੱਤਾ ਗਿਆ?
ਉਨ੍ਹਾਂ ਕਿਹਾ ਕਿ ਵਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦੁਆਰਾ ਸਿਸਵਾਂ ਦੇ ਇਸ ਰਕਬੇ (ਇਲਾਕੇ) ਨੂੰ "ਸਿਸਵਾਂ ਕਮਿਊਨਿਟੀ ਰਿਜ਼ਰਵ ਫਾਰੈਸਟ" ਐਲਾਨਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਇਸ ਜ਼ਮੀਨ 'ਤੇ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਜੋ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਨੁਕਸਾਨ ਪਹੁੰਚਾਵੇ ਜਾਂ ਉੱਥੋਂ ਦੀ ਪਰਿਸਥਿਤਕੀ (ਇਕੋਲੋਜੀ) ਨੂੰ ਬਿਗਾੜੇ। ਪਰ ਇਹ ਸਭ ਕੁੱਝ ਇਸ ਪਹਾੜ ਨੂੰ ਕੱਟ ਕੇ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਜਾਣੋ ਵਜ੍ਹਾ
ਜੋਸ਼ੀ ਨੇ ਮੰਗ ਕੀਤੀ ਹੈ ਕਿ ਜਿਹੜੇ ਲੋਕਾਂ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਕੇ ਪਹਾੜ ਕੱਟੇ ਹਨ ਅਤੇ 500 ਤੋਂ ਵੱਧ ਰੁੱਖ ਕੱਟੇ ਹਨ, ਉਨ੍ਹਾਂ ਸਾਰਿਆਂ ਦੇ ਖਿਲਾਫ਼ ਤੁਰੰਤ ਪੀ.ਐਲ.ਪੀ.ਏ. 1900, ਵਾਈਲਡਲਾਈਫ ਪ੍ਰੋਟੈਕਸ਼ਨ ਐਕਟ, ਫਾਰੈਸਟ ਐਕਟ ਦੀਆਂ ਸਬੰਧਿਤ ਧਾਰਾਵਾਂ ਅਤੇ ਅਪਰਾਧਿਕ ਕਾਨੂੰਨ (ਕ੍ਰਿਮੀਨਲ ਐਕਟ) ਦੇ ਤਹਿਤ ਸਰਕਾਰੀ ਜ਼ਮੀਨ ਵਿੱਚ ਗੈਰ-ਕਾਨੂੰਨੀ ਢੰਗ ਨਾਲ ਘੁਸਪੈਠ ਕਰਨ ਅਤੇ ਕਬਜ਼ਾ ਕਰਨ ਦੇ ਮੁਕੱਦਮੇ ਦਰਜ ਕੀਤੇ ਜਾਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8