ਵਿਜੇ ਸਾਂਪਲਾ ਦੇ ਪੁੱਤਰ ਅਤੇ ਭਤੀਜੇ ''ਤੇ ਲੜਕੀ ਨੇ ਲਗਾਇਆ ਸਰੀਰਕ ਸ਼ੋਸ਼ਣ ਦਾ ਦੋਸ਼

04/29/2017 4:37:55 PM

ਜਲੰਧਰ— ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ਅਤੇ ਪੁੱਤਰ ਸਾਹਿਲ ਸਾਂਪਲਾ, ਸ਼ੇਰੂ ਅਤੇ ਭਾਜਪਾ ਦੇ ਇਕ ਹੋਰ ਨੇਤਾ ਖਿਲਾਫ ਜਲੰਧਰ ਪੁਲਸ਼ ਸਟੇਸ਼ਨ ''ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਲੜਕੀ ਹਰਵਿੰਦਰ ਕੌਰ ਉਰਫ ਮਿੰਟੀ ਨੇ ਕਿਹਾ ਕਿ ਆਸ਼ੂ ਸਾਂਪਲਾ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਹਨ। ਮਾਮਲੇ ਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਰਾਜਨੀਤਿਕ ਦਬਾਅ ਕਾਰਣ ਮਾਮਲਾ ਦੱਬਣ ਦੀ ਯੋਜਨਾ ਚੱਲ ਰਹੀ ਹੈ।

ਸ਼ਿਕਾਇਤ ''ਚ ਹਰਵਿੰਦਰ ਕੌਰ ਨਾਮ ਦੀ ਲੜਕੀ ਨੇ ਕਿਹਾ ਕਿ ਲਗਭਗ 1 ਸਾਲ ਪਹਿਲਾਂ ਉਸ ਦੀ ਪਛਾਣ ਆਸ਼ੂ ਸਾਂਪਲਾ ਨਾਲ ਹੋਈ ਸੀ। ਉਹ ਸੋਸ਼ਲ ਸਰਵਿਸ ਦਾ ਕੰਮ ਕਰਦੀ ਹੈ ਇਸ ਦੌਰਾਨ ਆਸ਼ੂ ਸਾਂਪਲਾ ਉਸ ਨੂੰ ਮਿਲਿਆ ਅਤੇ ਉਸ ਨੇ ਸੋਸ਼ਲ ਕੰਮਾਂ ''ਚ ਸਹਿਯੋਗ ਦੇਣ ਦਾ ਆਫਰ ਦਿੱਤਾ।

ਹਰਵਿੰਦਰ ਕੌਰ ਨੇ ਕਿਹਾ ਕਿ ਉਹ ਮੋਗਾ ''ਚ ਕਿਸੇ ਵਿਆਹ ਪ੍ਰੋਗਰਾਮ ''ਚ ਹਿੱਸਾ ਲੈਣ ਗਈ ਸੀ, ਉੱਥੇ ਆਸ਼ੂ ਸਾਂਪਲਾ ਉਸ ਨੂੰ ਜਲੰਧਰ ਵਾਪਸ ਛੱਡਣ ਦੀ ਗੱਲ ਕਹਿ ਕੇ ਗੱਡੀ ''ਚ ਨਾਲ ਲੈ ਆਏ। ਇਸ ਦੌਰਾਨ ਫਿਲੌਰ ਦੇ ਕੋਲ ਇਕ ਰੈਸਟੋਰੇਂਟ ''ਚ ਉਸ ਨੇ ਰੁੱਕਣ ਦੀ ਗੱਲ ਕਹੀ। ਉਸ ਨੇ ਕਿਹਾ ਕਿ ਉਹ ਕੱਲ ਸਵੇਰੇ ਜਲੰਧਰ ਜਾਣਗੇ। ਮਿੰਟੀ ਨੇ ਦੋਸ਼ ਲਗਾਇਆ ਕਿ ਰਾਤ ਨੂੰ ਆਸ਼ੂ ਨੇ ਉਸ ਨੂੰ ਕੋਈ ਨਸ਼ੀਲੀ ਦਵਾਈ ਪਿਆ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਆਸ਼ੂ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਉਸ ਦੀ ਸਵੇਰੇ ਜਾਗ ਖੁੱਲ੍ਹੀ ਤਾਂ ਆਸ਼ੂ ਜਾ ਚੁੱਕਾ ਸੀ। ਮਿੰਟੀ ਨੇ ਕਿਹਾ ਕਿ ਇਸ ਦੌਰਾਨ ਆਸ਼ੂ ਨੂੰ ਕਈ ਵਾਰ ਉਸ ਨਾਲ ਵਿਆਹ ਕਰਨ ਦੀ ਗੱਲ ਕਹੀ। ਪਰ ਵਾਰ-ਵਾਰ ਕਹਿਣ ''ਤੇ ਉਹ ਵਿਆਹ ਨਹੀਂ ਕਰ ਰਿਹਾ ਸੀ। ਮਿੰਟੀ ਨੇ ਕਿਹਾ ਕਿ ਆਸ਼ੂ ਦੀ ਮਾਂ ਨੇ 26 ਅਪ੍ਰੈਲ ਨੂੰ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਲੋਕ ਉਸ ਨੂੰ ਮਿਲਣਾ ਚਾਹੁੰਦੇ ਹਨ। ਮਿੰਟੀ ਨੇ ਕਿਹਾ ਕਿ ਉਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਘਰ ''ਚ ਆ ਕੇ ਹੀ ਮਿਲੇਗੀ। 

ਮਿੰਟੀ ਨੇ ਕਿਹਾ ਕਿ ਉਹ ਰਾਤ 8.30 ਵਜੇ ਆਸ਼ੂ ਦੇ ਘਰ ਗਈ, ਜਿੱਥੇ ਘਰ ਦੇ ਅੰਦਰ ਜਾਂਦੇ ਹੀ ਉਨ੍ਹਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਅਤੇ ਘਰ ਦੇ ਬਾਹਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ। ਉਸ ਨੇ ਦੋਸ਼ ਲਗਾਇਆ ਕਿ ਆਸ਼ੂ ਦੇ ਘਰ ਦੇ ਬਾਹਰ ਸਾਹਿਲ ਸਾਂਪਲਾ, ਸ਼ੇਰੂ ਅਤੇ ਕੁਝ ਅਣਪਛਾਤੇ ਲੋਕਾਂ ਜਿਨ੍ਹਾਂ ''ਚ ਔਰਤਾਂ ਵੀ ਸ਼ਾਮਲ ਸਨ, ਨੇ ਉਸ ''ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਮਾਰਕੁੱਟ ਵੀ ਕੀਤੀ। ਜਿਸ ਦੌਰਾਨ ਉਸ ਦਾ ਫੋਨ ਵੀ ਖੋਹ ਲਿਆ ਅਤੇ ਕੁਝ ਕੀਮਤੀ ਸਮਾਨ ਵੀ ਖੋਹ ਲਿਆ। ਇਸ ਦੌਰਾਨ ਉੱਥੇ ਪੁਲਸ ਆ ਗਈ ਅਤੇ ਮਿੰਟੀ ਨੂੰ ਜਲੰਧਰ ਛਾਉਣੀ ਥਾਣੇ ਲੈ ਗਈ। ਉਸ ਤੋਂ ਬਾਅਦ ਰਾਜਨੀਤਿਕ ਦਬਾਅ ਦੇ ਚੱਲਦੇ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ। 

ਮਿੰਟੀ ਦੀ ਮੰਗ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ। ਉਸ ਨੇ ਕਿਹਾ ਕਿ ਦੋਸ਼ੀਆਂ ਤੋਂ ਉਸ ਨੂੰ ਜਾਨ ਦਾ ਖਤਰਾ ਹੈ ਅਤੇ ਇਹ ਲੋਕ ਉਸ ''ਤੇ ਫਿਰ ਤੋਂ ਹਮਲਾ ਕਰ ਸਕਦੇ ਹਨ। ਮਿੰਟੀ ਨੇ ਇਹ ਵੀ ਕਿਹਾ ਕਿ ਇਹ ਲੋਕ ਰਾਜਨੀਤਿਕ ਪਹੁੰਚ ਰੱਖਦੇ ਹੋਏ ਕਈ ਅਧਿਕਾਰੀ ਇਨ੍ਹਾਂ ਖਿਲਾਫ ਕਰਵਾਈ ਕਰਨ ਤੋਂ ਕਤਰਾ ਰਹੇ ਹਨ।


Related News