ਮਾਂ-ਧੀ ਤੇ ਪੁੱਤਰ ਨੇ ਨਿਗਲਿਆ ਜ਼ਹਿਰ, ਬਜ਼ਾਰ ਗਈ ਸੱਸ ਨੇ ਜਦੋਂ ਘਰ ਆ ਕੇ ਵੇਖਿਆ ਤਾਂ ਉੱਡੇ ਹੋਸ਼

04/02/2024 1:28:23 PM

ਰੇਵਾੜੀ- ਹਰਿਆਣਾ ਵਿਚ ਖ਼ੁਦਕੁਸ਼ੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਉੱਥੇ ਹੀ ਤਾਜ਼ਾ ਮਾਮਲਾ ਰੇਵਾੜੀ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਅਤੇ ਉਸ ਦੇ ਪੁੱਤ-ਧੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਵਜ੍ਹਾ ਤੋਂ ਤਿੰਨਾਂ ਦੀ ਮੌਤ ਹੋ ਗਈ। ਔਰਤ ਅਤੇ ਉਸ ਦੀ ਧੀ ਨੇ ਰੇਵਾੜੀ ਤਾਂ ਪੁੱਤਰ ਨੇ ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਮ ਤੋੜਿਆ। ਹਾਲਾਂਕਿ ਜ਼ਹਿਰੀਲਾ ਪਦਾਰਥ ਖਾਣ ਦੀ ਵਜ੍ਹਾ ਅਜੇ ਸਾਫ਼ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਔਰਤ ਦੇ ਪਤੀ ਨੇ ਕਰੀਬ 3 ਮਹੀਨੇ ਪਹਿਲਾਂ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੇ ਆਪਣੀ ਜਾਨ ਦੇ ਦਿੱਤੀ।

ਦੱਸਣਯੋਗ ਹੈ ਕਿ ਰੇਵਾੜੀ ਸ਼ਹਿਰ ਦੇ ਨਾਰਨੌਲ ਰੋਡ ਸਥਿਤ ਰਾਵ ਤੁਲਾਰਾਮ ਵਾਸੀ ਅਨਿਲ ਕੁਮਾਰੀ ਨੇ ਸੋਮਵਾਰ ਸ਼ਾਮ ਸ਼ੱਕੀ ਹਲਾਤਾਂ ਵਿਚ ਆਪਣੇ 12 ਸਾਲ ਦੇ ਪੁੱਤਰ ਰਿਸ਼ਭ ਅਤੇ 18 ਸਾਲ ਦੀ ਧੀ ਸਵੀਟੀ ਨਾਲ ਘਰ ਵਿਚ ਹੀ ਜ਼ਹਿਰੀਲਾ ਪਦਾਰਥ ਖਾ ਲਿਆ। ਜ਼ਹਿਰੀਲਾ ਪਦਾਰਥ ਖਾਣ ਮਗਰੋਂ ਤਿੰਨਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਉਲਟੀਆਂ ਕਰਦਿਆਂ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰ ਦੇ ਲੋਕਾਂ ਨੇ ਅਫੜਾ-ਦਫੜੀ ਵਿਚ ਤਿੰਨਾਂ ਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੋਂ ਤਿੰਨਾਂ ਨੂੰ ਤੁਰੰਤ ਰੈਫਰ ਕਰ ਦਿੱਤਾ ਗਿਆ।

ਮਾਂ-ਧੀ ਨੇ ਤੋੜਿਆ ਦਮ, ਪੁੱਤਰ ਦੀ ਹਾਲਤ ਗੰਭੀਰ

ਇਨ੍ਹਾਂ ਤਿੰਨਾਂ ਨੂੰ ਪਰਿਵਾਰ ਵਾਲੇ ਸ਼ਹਿਰ ਦੇ ਇਕ ਹੋਰ ਹਸਪਤਾਲ 'ਚ ਲੈ ਕੇ ਪਹੁੰਚੇ, ਜਿੱਥੇ ਜਾਂਚ ਮਗਰੋਂ ਡਾਕਟਰਾਂ ਨੇ ਅਨਿਲ ਕੁਮਾਰੀ ਅਤੇ ਉਸ ਦੀ ਧੀ ਸਵੀਟੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁੱਤਰ ਦੀ ਹਾਲਤ ਗੰਭੀਰ ਹੋਣ ਕਾਰਨ ਗੁਰੂਗ੍ਰਾਮ ਲਈ ਰੈਫਰ ਕਰ ਦਿੱਤਾ। ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦੇਰ ਰਾਤ ਪੁੱਤਰ ਨੇ ਵੀ ਦਮ ਤੋੜ ਦਿੱਤਾ। ਉੱਥੇ ਹੀ ਮਾਂ-ਧੀ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਨਾਗਰਿਕ ਹਸਪਤਾਲ ਸਥਿਤ ਮੁਰਦਾਘਰ 'ਚ ਰੱਖਵਾ ਦਿੱਤਾ ਹੈ। ਦੋਹਾਂ ਦੀਆਂ ਲਾਸ਼ਾਂ ਦਾ ਮੰਗਲਵਾਰ ਨੂੰ ਪੋਸਟਮਾਰਟਮ ਹੋਵੇਗਾ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟੀ ਹੈ।

ਸੱਸ ਬਜ਼ਾਰ ਗਈ ਹੋਈ ਸੀ

ਅਨਿਲ ਕੁਮਾਰੀ ਦੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਮੁਤਾਬਕ ਘਰ 'ਚ ਕੁੱਲ 4 ਲੋਕ ਰਹਿੰਦੇ ਸਨ। ਅਨਿਲ ਕੁਮਾਰੀ ਦੀ ਸੱਸ ਸੋਮਵਾਰ ਸ਼ਾਮ ਨੂੰ ਕੁਝ ਸਾਮਾਨ ਲੈਣ ਬਾਜ਼ਾਰ ਗਈ ਹੋਈ ਸੀ। ਪਿੱਛੋਂ ਅਨਿਲ ਕੁਮਾਰੀ ਨੇ ਆਪਣੀ ਧੀ ਸਵੀਟੀ ਅਤੇ ਪੁੱਤਰ ਰਿਸ਼ਭ ਨਾਲ ਮਿਲ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਦੋਂ ਬਜ਼ੁਰਗ ਔਰਤ ਘਰ ਪਹੁੰਚੀ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਤਿੰਨੋਂ ਉਲਟੀਆਂ ਕਰ ਰਹੇ ਸਨ। ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਤਿੰਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਪਤੀ ਨੇ 3 ਮਹੀਨੇ ਪਹਿਲਾਂ ਮੌਤ ਨੂੰ ਗਲੇ ਲਗਾਇਆ ਸੀ

ਪਰਿਵਾਰ ਮੁਤਾਬਕ ਅਨਿਲ ਕੁਮਾਰੀ ਦੇ ਪਤੀ ਅਮਿਤ ਨੇ 6 ਜਨਵਰੀ ਨੂੰ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮਰਚੈਂਟ ਨੇਵੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਅਮਿਤ ਗੁਰੂਗ੍ਰਾਮ 'ਚ ਕੰਮ ਕਰਦਾ ਸੀ। ਅਮਿਤ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਬਰਬਾਦ ਹੋ ਗਿਆ। ਹਾਲਾਂਕਿ ਅਜੇ ਤੱਕ ਅਮਿਤ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਉਸ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਨੇ ਪਰਿਵਾਰ ਨੂੰ ਸਦਮਾ ਦਿੱਤਾ ਹੈ। ਅਨਿਲ ਕੁਮਾਰੀ ਅਤੇ ਉਸ ਦੇ ਬੱਚਿਆਂ ਨੇ ਜ਼ਹਿਰ ਨਿਗਲਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। 
 


Tanu

Content Editor

Related News