ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਵਣਪਾਲ ਵਿਸ਼ਾਲ ਚੌਹਾਨ ਨੂੰ ਕੀਤਾ ਗ੍ਰਿਫ਼ਤਾਰ

Friday, Jul 08, 2022 - 12:11 AM (IST)

ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਵਣਪਾਲ ਵਿਸ਼ਾਲ ਚੌਹਾਨ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਦੇ ਵਣਪਾਲ ਯੋਜਨਾ ਵਿਸ਼ਾਲ ਚੌਹਾਨ ਆਈ.ਐੱਫ.ਐੱਸ. ਨੂੰ ਮੁਕੱਦਮਾ ਨੰਬਰ 6 ਮਿਤੀ 02-06-2022 ਜੁਰਮ ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤੋਂ ਇਲਾਵਾ ਆਈ.ਪੀ.ਸੀ. ਦੀ ਧਾਰਾ 120 ਬੀ ਤਹਿਤ ਦਰਜ ਮੁਕੱਦਮੇ ’ਚ ਨਾਮਜ਼ਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। ਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਕੱਦਮਾ ਨੰਬਰ 6 ਮਿਤੀ 02-06-2022 ਤਹਿਤ ਪਹਿਲਾਂ ਹੀ ਗ੍ਰਿਫ਼ਤਾਰ ਵਣ ਮੰਡਲ ਅਫ਼ਸਰ ਮੁਹਾਲੀ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਤੋਂ ਕੀਤੀ ਪੁੱਛਗਿੱਛ ਅਤੇ ਇਸ ਸਬੰਧੀ ਕੀਤੀ ਡੂੰਘਾਈ ਨਾਲ ਤਫਤੀਸ਼ ਤੋਂ ਬਾਅਦ ਵਣਪਾਲ ਵਿਸ਼ਾਲ ਚੌਹਾਨ ਆਈ.ਐੱਫ.ਐੱਸ. ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਕਤ ਦੋਹਾਂ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਮਿਲੀਭੁਗਤ ਰਾਹੀਂ ਕੋਲੋਨਾਈਜ਼ਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਤੋਂ ਮੋਟੀ ਰਿਸ਼ਵਤ ਹਾਸਲ ਕਰਨ ਦੇ ਮੰਤਵ ਨਾਲ ਪਹਿਲਾਂ ਉਸ ਵਿਰੁੱਧ ਸਰਕਾਰੀ ਕਾਰਵਾਈ ਦਾ ਡਰਾਵਾ ਦੇ ਕੇ ਦੋਸ਼ੀਆਨ ਗੁਰਅਮਨਪ੍ਰੀਤ ਸਿੰਘ ਅਤੇ ਹੰਮੀ ਰਾਹੀਂ ਰਿਸ਼ਵਤ ਦੀ ਸੈਟਿੰਗ ਕਰਨ ’ਚ ਉਸਦੀ ਸਿੱਧੀ ਭੂਮਿਕਾ ਜ਼ਾਹਿਰ ਹੋਈ ਹੈ। ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਦਵਿੰਦਰ ਸਿੰਘ ਸੰਧੂ ਵਾਸੀ ਮਕਾਨ ਨੰਬਰ 292 ਸੈਕਟਰ 10 ਚੰਡੀਗੜ੍ਹ ਪਾਸ ਪਿੰਡ ਮਸੌਲ ਅਤੇ ਟਾਂਡਾ, ਸਬ ਤਹਿਸੀਲ ਮਾਜਰੀ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਕਰੀਬ 100 ਏਕੜ ਜ਼ਮੀਨ ਕੰਪਨੀ ਦੇ ਨਾਂ ਉੱਪਰ ਹੈ। ਇਸ ਜ਼ਮੀਨ ਦਾ ਕੁਝ ਹਿੱਸਾ ਪੀ.ਐੱਲ.ਪੀ.ਏ. ਕਾਨੂੰਨ ਦੀ ਧਾਰਾ 4 ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 24-04-2022 ਨੂੰ ਰਣਜੋਧ ਸਿੰਘ ਰੇਂਜ ਅਫ਼ਸਰ ਵੱਲੋਂ ਦਵਿੰਦਰ ਸਿੰਘ ਸੰਧੂ ਦੇ ਪਿਤਾ ਕਰਨਲ ਬਲਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੇ ਦਫ਼ਤਰ ਦੇ ਕਰਮਚਾਰੀ ਤਰਸੇਮ ਸਿੰਘ ਖ਼ਿਲਾਫ਼ ਕੁਦਰਤੀ ਜੰਗਲੀ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾ ਕੇ ਇਕ ਸ਼ਿਕਾਇਤ ਮੁੱਖ ਅਫ਼ਸਰ ਥਾਣਾ ਨਵਾਂ ਗਰਾਉਂ ਨੂੰ ਦਿੱਤੀ ਗਈ ਸੀ। ਇਸ ਉਪਰੰਤ ਮਿਤੀ 27-04-2022 ਨੂੰ ਦਵਿੰਦਰ ਸਿੰਘ ਸੰਧੂ ਨੂੰ ਰਣਜੋਧ ਸਿੰਘ ਰੇਂਜ ਅਫ਼ਸਰ ਅਤੇ ਅਮਨ ਜੰਗਲਾਤ ਪਟਵਾਰੀ ਨੇ ਕਿਹਾ ਕਿ ਜੋ ਉਕਤ ਦਰਖਾਸਤ ਉਸ ਵੱਲੋਂ ਥਾਣਾ ਨਵਾਂ ਗਰਾਉਂ ਵਿਖੇ ਦਿੱਤੀ ਗਈ ਹੈ। ਇਹ ਦਰਖ਼ਾਸਤ ਉਸ ਨੇ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵਣਪਾਲ ਸ਼ਿਵਾਲਿਕ ਸਰਕਲ ਦੇ ਕਹਿਣ ’ਤੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਹੋਈ ਫਾਇਰਿੰਗ

ਇਸ ਲਈ ਤੁਸੀਂ ਇਸ ਸਬੰਧੀ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕਰੋ, ਨਹੀਂ ਤਾਂ ਤੁਹਾਡੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਜਾਵੇਗੀ। ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਉਪਰੰਤ ਦਵਿੰਦਰ ਸਿੰਘ ਸੰਧੂ ਨੂੰ ਮਿਤੀ 30-04-2022 ਨੂੰ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਅਤੇ ਗੁਰਅਮਨਪ੍ਰੀਤ ਸਿੰਘ ਮਿਲੇ ਅਤੇ ਉਨ੍ਹਾਂ ਦਰਮਿਆਨ ਰਣਜੋਧ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਸਬੰਧੀ ਕਰੀਬ ਡੇਢ ਘੰਟਾ ਗੱਲਬਾਤ ਹੁੰਦੀ ਰਹੀ, ਜੋ ਸਾਰੀ ਗੱਲਬਾਤ ਦੀ ਦਵਿੰਦਰ ਸਿੰਘ ਸੰਧੂ ਨੇ ਵੀਡੀਓ ਰਿਕਾਰਡਿੰਗ ਕਰ ਲਈ ਅਤੇ ਠੇਕੇਦਾਰ ਹੰਮੀ ਦੇ ਕਹਿਣ ਉੱਤੇ ਦਵਿੰਦਰ ਸਿੰਘ ਸੰਧੂ ਨੇ ਦੋ ਲੱਖ ਰੁਪਏ ਦਾ ਪੈਕੇਟ ਗੁਰਅਮਨਪ੍ਰੀਤ ਸਿੰਘ ਨੂੰ ਦੇ ਦਿੱਤਾ ਅਤੇ ਉਸ ਨੇ ਆਪਣੇ ਕੋਲ ਰੱਖ ਲਿਆ। ਇਸ ਮੌਕੇ ਗੁਰਅਮਨਪ੍ਰੀਤ ਸਿੰਘ ਨੇ ਦਵਿੰਦਰ ਸਿੰਘ ਸੰਧੂ ਨੂੰ ਦੱਸਿਆ ਕਿ ਉਹ ਇਸ ਪ੍ਰਾਜੈਕਟ ਬਾਰੇ ਵਿਸ਼ਾਲ ਚੌਹਾਨ ਵਣਪਾਲ ਨਾਲ ਗੱਲ ਕਰਕੇ ਬਾਕੀ ਪੈਸਿਆਂ ਸਬੰਧੀ ਬਾਅਦ ਵਿੱਚ ਦੱਸੇਗਾ। ਇਸ ਕੇਸ ਦਾ ਹੋਰ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਠੇਕੇਦਾਰ ਹੰਮੀ ਨੇ ਦਵਿੰਦਰ ਸੰਧੂ ਨਾਲ ਸੰਪਰਕ ਕਰਕੇ ਉਸ ਨੂੰ ਦੱਸਿਆ ਕਿ ਉਸ ਦੀ ਅਤੇ ਗੁਰਅਮਨਪ੍ਰੀਤ ਦੀ ਵਿਸ਼ਾਲ ਚੌਹਾਨ ਨਾਲ ਗੱਲਬਾਤ ਹੋ ਚੁੱਕੀ ਹੈ, ਜਿਨ੍ਹਾਂ ਨੇ ਇਹ ਕਿਹਾ ਹੈ ਕਿ ਜੇਕਰ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ’ਚੋਂ ਇੱਕ ਕਰੋੜ ਰੁਪਏ ਪਹਿਲਾਂ ਅਤੇ ਫਿਰ ਦਸ ਲੱਖ ਰੁਪਏ ਪ੍ਰਤੀ ਮਹੀਨਾ ਅਤੇ ਜੋ ਵੀ ਜ਼ਮੀਨ ਵਿਕੇਗੀ, ਉਸ ਵਿਚੋਂ ਪੰਜ ਲੱਖ ਰੁਪਏ ਬਤੌਰ ਹਿੱਸਾ ਦੇਣਾ ਪਵੇਗਾ ਪਰ ਦਵਿੰਦਰ ਸਿੰਘ ਸੰਧੂ ਇਹ ਸਾਰੀ ਰਿਸ਼ਵਤ ਦੇਣ ਲਈ ਸਹਿਮਤ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ, ਕਾਂਗਰਸ ਨੇ ਦੋਸ਼ੀ ਬਚਾਏ, ‘ਆਪ’ ਨੇ ਦਿਵਾਇਆ ਇਨਸਾਫ਼ : ਰਾਘਵ ਚੱਢਾ

ਇਸ ਪਿੱਛੋਂ ਦਵਿੰਦਰ ਸਿੰਘ ਸੰਧੂ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉੱਪਰ ਸ਼ਿਕਾਇਤ ਕਰਨ ਉਪਰੰਤ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਕੱਦਮੇ ਵਿਚ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹੰਮੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ’ਚ ਲਿਆਂਦੀ ਗਈ, ਜਿਸ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵੱਲੋਂ ਹਮਸਲਾਹ ਰਾਹੀਂ ਆਪਣੇ ਹੇਠਲੇ ਕਰਮਚਾਰੀਆਂ ਉੱਤੇ ਦਬਾਅ ਪਾ ਕੇ ਦਵਿੰਦਰ ਸਿੰਘ ਸੰਧੂ ਦੇ ਪਿਤਾ ਵਿਰੁੱਧ ਨਵਾਂ ਗਰਾਉਂ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 09-05-2022 ਅਧੀਨ ਧਾਰਾ 4, 5 ਪੀਐਲਪੀਏ ਕਾਨੂੰਨ ਹੇਠ ਦਰਜ ਕਰਵਾ ਦਿੱਤਾ ਗਿਆ ਸੀ। ਇਸ ਉਪਰੰਤ ਅਗਲੇ ਦਿਨ ਮਿਤੀ 10-05-2022 ਨੂੰ ਵਿਸ਼ਾਲ ਚੌਹਾਨ ਵੱਲੋਂ ਗੁਰਅਮਨਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਆਪਣੇ ਅਧੀਨ ਕਰਮਚਾਰੀਆਂ ਨੂੰ ਕਿਹਾ ਕਿ ਇਸ ਦਰਜ ਮੁਕੱਦਮੇ ਵਿਚ ਦਵਿੰਦਰ ਸਿੰਘ ਸੰਧੂ ਦਾ ਨਾਂ ਵੀ ਸ਼ਾਮਲ ਕਰਵਾਇਆ ਜਾਵੇ ਅਤੇ ਮੁਕੱਦਮੇ ਵਿਚ ਵਾਧਾ ਜੁਰਮ ਕਰਾਉਣ ਸਬੰਧੀ ਵੀ ਕਾਰਵਾਈ ਕੀਤੀ ਜਾਵੇ। ਜਿਸ ਸਬੰਧੀ ਉਸ ਵੱਲੋਂ ਖੁਦ ਤਿਆਰ ਕੀਤੀ ਇਕ ਟਾਈਪਸ਼ੁਦਾ ਦਰਖਾਸਤ ਵੀ ਮੁਹੱਈਆ ਕਰਵਾਈ ਗਈ। ਬੁਲਾਰੇ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਅਤੇ ਜ਼ੁਬਾਨੀ ਤੇ ਦਸਤਾਵੇਜ਼ਾਂ ਤੋਂ ਸਪੱਸ਼ਟ ਹੋਇਆ ਹੈ ਕਿ ਵਿਸ਼ਾਲ ਚੌਹਾਨ ਉਕਤ ਦੋਹਾਂ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਤੋਂ ਮੋਟੀ ਰਿਸ਼ਵਤ ਹਾਸਲ ਕਰਨੀ ਚਾਹੁੰਦਾ ਸੀ, ਜਿਸ ਕਰਕੇ ਵਿਜੀਲੈਂਸ ਵੱਲੋਂ ਉਸ ਨੂੰ ਵੀ ਇਸ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।


author

Manoj

Content Editor

Related News