ਸਾਊਦੀ ਅਰਬ 'ਚ ਫਸੇ ਤਿੰਨ ਨੌਜਵਾਨਾਂ ਦੀ ਵੀਡੀਓ ਵਾਇਰਲ, ਮਾਨ ਨੂੰ ਲਗਾਈ ਗੁਹਾਰ

07/20/2019 10:01:20 AM

ਸ਼ੇਰਪੁਰ (ਸਿੰਗਲਾ)— ਰੋਜ਼ੀ-ਰੋਟੀ ਕਮਾਉਣ ਖਾਤਰ ਆਪਣਾ ਘਰ-ਪਰਿਵਾਰ ਛੱਡ ਕੇ ਵਿਦੇਸ਼ਾਂ 'ਚ ਫਸੇ ਪੰਜਾਬੀ ਨੌਜਵਾਨਾਂ ਦੀਆਂ ਆਏ ਦਿਨ ਵੀਡੀਓ ਵਾਇਰਲ ਹੋ ਰਹੀਆਂ ਹਨ। ਅਜੇ ਚਾਰ-ਪੰਜ ਦਿਨ ਪਹਿਲਾਂ ਹੀ ਦੁਬਈ 'ਚ ਫਸੇ ਇਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਦੇਸ਼ ਵਾਪਸ ਲਿਆਉਣ ਲਈ ਗੁਹਾਰ ਲਾ ਰਿਹਾ ਸੀ। ਅੱਜ ਇਕ ਤਿੰਨ ਨੌਜਵਾਨਾਂ ਦੀ ਵੀਡੀਓ ਹੋਰ ਵਾਇਰਲ ਹੋਈ ਹੈ, ਜਿਸ 'ਚ ਇਹ ਨੌਜਵਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸੂਬਾ ਪ੍ਰਧਾਨ 'ਆਪ' ਅੱਗੇ ਵਿਦੇਸ਼ ਤੋਂ ਦੇਸ਼ ਵਾਪਸ ਲਿਆਉਣ ਲਾਈ ਗੁਹਾਰ ਲਾ ਰਹੇ ਹਨ।

ਨੌਜਵਾਨਾਂ ਅਨੁਸਾਰ ਉਹ ਸਾਊਦੀ ਅਰਬ ਦੇ ਦਮਾਨ ਸ਼ਹਿਰ 'ਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਏਜੰਟਾਂ ਨੇ ਦਿੱਲੀ ਰਾਹੀਂ ਇੱਥੇ ਭੇਜ ਕੇ ਕਿਸੇ ਕੰਪਨੀ 'ਚ ਫਸਾ ਦਿੱਤਾ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਇੱਥੇ ਫਸੇ ਹੋਏ ਹਨ। ਨੌਜਵਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦੇ ਮਾਪਿਆਂ ਵੱਲੋਂ ਸਾਨੂੰ ਵਾਪਸ ਬੁਲਾਉਣ ਲਈ ਉਨ੍ਹਾਂ ਏਜੰਟਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ 1 ਲੱਖ 50 ਹਜ਼ਾਰ ਰੁਪਏ ਇਕ-ਇਕ ਵਿਅਕਤੀ ਦੇ ਹੋਰ ਮੰਗ ਰਹੇ ਹਨ, ਤਿੰਨੇ ਨੌਜਵਾਨਾਂ ਨੇ ਫਿਰ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਡੇਢ-ਡੇਢ ਲੱਖ ਰੁਪਏ ਖਰਚ ਕੇ ਇੱਥੇ ਆਏ ਹਨ। ਇਧਰ ਵੀ ਕੰਮ ਨਹੀਂ ਅਤੇ ਹੁਣ ਉਹ ਡੇਢ-ਡੇਢ ਲੱਖ ਰੁਪਏ ਦੇਣ ਤੋਂ ਅਸਮਰੱਥ ਹਨ। ਇਨ੍ਹਾਂ 'ਚੋਂ ਇਕ ਨੌਜਾਵਨ ਦੱਸ ਰਿਹਾ ਹੈ ਕਿ ਉਸ ਨੂੰ 18 ਮਹੀਨੇ ਇੱਥੇ ਆਏ ਨੂੰ ਹੋ ਚੁੱਕੇ ਹਨ ਅਤੇ ਕੋਈ ਤਨਖਾਹ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਇਕ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਫਸਾਇਆ ਹੈ ਅਤੇ ਜੋ ਫ੍ਰੀ ਵੀਜ਼ਾ ਹੈ, ਉਸ ਦੇ ਡੇਢ-ਡੇਢ ਲੱਖ ਰੁਪਏ ਲਏ ਜਾ ਰਹੇ ਹਨ। ਜਦੋਂ ਉਹ ਇੱਥੇ ਪੁੱਜੇ ਸਨ ਤਾਂ ਉਨ੍ਹਾਂ ਨੂੰ 15 ਦਿਨ ਪਹਿਲਾਂ ਵੀ ਜੇਲ ਵਾਂਗ ਰੱਖਿਆ ਤੇ ਫਿਰ ਕੰਪਨੀ 'ਚ ਭੇਜਿਆ ਗਿਆ, ਜਿਥੇ ਉਨ੍ਹਾਂ ਨੂੰ ਬਹੁਤ ਟਾਰਚਰ ਕੀਤਾ ਗਿਆ। ਉਕਤ ਤਿੰਨੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਪ੍ਰਸ਼ਾਸਨ 'ਤੇ ਕੋਈ ਭਰੋਸਾ ਨਹੀਂ ਸਿਰਫ ਭਗਵੰਤ ਮਾਨ ਹੀ ਉਨ੍ਹਾਂ ਨੂੰ ਇੱਥੋਂ ਕੱਢ ਸਕਦੇ ਹਨ।

ਇਸ ਸਬੰਧੀ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਨੇ ਕਿਹਾ ਕਿ ਜਲਦ ਹੀ ਇਨ੍ਹਾਂ ਨੌਜਵਾਨਾਂ ਦੇ ਪਾਸਪੋਰਟ ਮੰਗਵਾਏ ਜਾ ਰਹੇ ਹਨ ਅਤੇ ਉਸ ਤੋਂ ਤੁਰੰਤ ਬਾਅਦ ਵਿਦੇਸ਼ ਮੰਤਰਾਲਿਆ ਨਾਲ ਸੰਪਰਕ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਉਕਤ ਤਿੰਨਾਂ ਨੌਜਵਾਨਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪਰਿਵਾਰ ਨੂੰ ਮਿਲਾਉਣ ਲਈ ਉਹ ਸਖਤ ਮਿਹਨਤ ਕਰਨਗੇ।


Shyna

Content Editor

Related News