ਸਰਕਾਰ ਤੱਕ ਆਪਣੀ ਗੱਲ ਪਹੁੰਚਾ ਕੇ 21ਵੇਂ ਦਿਨ ਵੀ ਹੜਤਾਲ ''ਤੇ ਡਟੇ ਰਹੇ ਵੈਟਰਨਰੀ ਸਟੂਡੈਂਟਸ
Thursday, Oct 16, 2025 - 08:18 AM (IST)

ਲੁਧਿਆਣਾ (ਵਿੱਕੀ) : ਵੈਟਰਨਰੀ ਯੂਨੀਵਰਸਿਟੀ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਬੁੱਧਵਾਰ ਨੂੰ 21ਵੇਂ ਦਿਨ ’ਚ ਦਾਖਲ ਹੋ ਗਈ। ਇੰਟਰਨਜ਼ ਨੇ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਖੇ ਆਪਣਾ ਸ਼ਾਂਤੀਪੂਰਨ ਰੋਸ ਜਾਰੀ ਰੱਖਿਆ। ਯੂਨੀਅਨ ਨੇ ਕਿਹਾ ਕਿ ਪਿਛਲੇ ਹਫਤੇ ਫਾਈਨਾਂਸ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਪ੍ਰਦਰਸ਼ਨਕਰੀਆਂ ਨੇ ਦੱਸਿਆ ਯੂਨੀਵਰਸਿਟੀ ਅਧਿਕਾਰੀਆਂ ਜਿਵੇਂ ਕਿ ਡੀਨ ਕਾਲਜ ਆਫ ਵੈਟਰਨਰੀ ਸਾਇੰਸ, ਡੀਨ ਪੀ. ਜੀ. ਅਤੇ ਡੀ. ਐੱਸ. ਡਬਲਯੂ. ਦੀ ਮੌਜੂਦਗੀ ’ਚ ਐੱਸ. ਐੱਚ. ਓ. ਵਿਜੇ ਕੁਮਾਰ, ਡੀ. ਐੱਸ. ਪੀ. ਜਤਿੰਦਰਪਾਲ ਅਤੇ ਐੱਸ. ਐੱਚ. ਓ. ਆਦਿਤਿਆ ਸ਼ਰਮਾ ਨੇ ਸਟੂਡੈਂਟਸ ਨੂੰ ਭਰੋਸਾ ਦਿੱਤਾ ਕਿ ਫਾਈਨਾਂਸ ਮੰਤਰੀ ਨਾਲ ਮੀਟਿੰਗ 25 ਅਕਤੂਬਰ ਤੋਂ ਪਹਿਲਾਂ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਨੂਰਪੁਰ ਸੋਸਾਇਟੀ ਵੱਲੋਂ ਕੀਤੀ ਜਾਂਦੀ ਕਣਕ ਦੀ ਸਿੱਧੀ ਬਿਜਾਈ ਦਾ ਲਿਆ ਜਾਇਜ਼ਾ
ਸਟੂਡੈਂਟਸ ਦੀ ਮੁੱਖ ਮੰਗ ਇੰਟਰਨਜ਼ ਦਾ ਭੱਤਾ 15,000 ਤੋਂ ਵਧਾ ਕੇ 24,310 ਕਰਨ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ’ਚ ਇਸ ਤੋਂ ਕਾਫੀ ਵੱਧ ਭੱਤਾ ਦਿੱਤਾ ਜਾ ਰਿਹਾ ਹੈ। ਸਟੂਡੈਂਟਸ ਨੇ ਇਹ ਵੀ ਜ਼ੋਰ ਦਿੱਤਾ ਕਿ ਇਹ ਭੱਤਾ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਵੱਲੋਂ ਸਾਂਝੇ ਤੌਰ ’ਤੇ ਦਿੱਤਾ ਜਾਂਦਾ ਹੈ, ਜਦੋਂਕਿ ਪੰਜਾਬ ਸਰਕਾਰ ਇਸ ’ਚ ਕੋਈ ਵਿੱਤੀ ਯੋਗਦਾਨ ਨਹੀਂ ਪਾਉਂਦੀ। ਇਸ ਤੋਂ ਇਲਾਵਾ ਯੂਨੀਅਨ ਨੇ ਪੋਸਟਗ੍ਰੈਜੂਏਟ (ਐੱਮ. ਵੀ. ਐੱਸ. ਸੀ.) ਸਕਾਲਰਾਂ ਦੀ ਹਾਲਤ ਉਜਾਗਰ ਕੀਤੀ, ਜੋ ਸਰਜਰੀ, ਮੈਡੀਸਿਨ, ਗਾਇਨਕਾਲੋਜੀ ਅਤੇ ਨਾਨ-ਕਲੀਨਿਕਲ ਵਿਭਾਗਾਂ ’ਚ ਵਿਸ਼ੇਸ਼ਤਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਕਿਸੇ ਕਿਸਮ ਦਾ ਭੱਤਾ ਨਹੀਂ ਮਿਲ ਰਿਹਾ। ਸਟੂਡੈਂਟਸ ਨੇ ਇਸ ਨੂੰ ਉਨ੍ਹਾਂ ਦੀ ਮਿਹਨਤ ਅਤੇ ਵੈਟਰਨਰੀ ਪੇਸ਼ੇ ਦੀ ਇੱਜ਼ਤ ਨਾਲ ਕੀਤਾ ਗੰਭੀਰ ‘ਅਨਿਆਂ’ ਕਿਹਾ। ਆਪਣੇ ਸ਼ਾਂਤੀਪੂਰਨ ਰਵੱਈਏ ਨੂੰ ਦੁਹਰਾਉਂਦੇ ਹੋਏ ਯੂਨੀਅਨ ਨੇ ਸਾਕਾਰਾਤਮਕ ਨਤੀਜੇ ਦੀ ਆਸ ਜਤਾਈ ਪਰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਰੋਸ ਤੇਜ਼ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8