ਵੈਟਰਨਰੀ ਵਿਦਿਆਰਥੀਆਂ ਦੇ ਸਬਰ ਦਾ ਟੁੱਟਿਆ ਬੰਨ੍ਹ, 31ਵੇਂ ਦਿਨ ਦੀ ਹੜਤਾਲ ’ਚ ਲੜੀਵਾਰ ਭੁੱਖ ਹੜਤਾਲ ਸ਼ੁਰੂ

Sunday, Oct 26, 2025 - 08:39 AM (IST)

ਵੈਟਰਨਰੀ ਵਿਦਿਆਰਥੀਆਂ ਦੇ ਸਬਰ ਦਾ ਟੁੱਟਿਆ ਬੰਨ੍ਹ, 31ਵੇਂ ਦਿਨ ਦੀ ਹੜਤਾਲ ’ਚ ਲੜੀਵਾਰ ਭੁੱਖ ਹੜਤਾਲ ਸ਼ੁਰੂ

ਲੁਧਿਆਣਾ (ਵਿੱਕੀ) : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ’ਚ ਚੱਲ ਰਹੀ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁੱਕਰਵਾਰ ਨੂੰ 31ਵੇਂ ਦਿਨ ਵਿਚ ਦਾਖਲ ਹੋ ਗਈ। ਪ੍ਰਸ਼ਾਸਨ ਅਤੇ ਸਰਕਾਰ ਦੀ ਅਣਦੇਖੀ ਤੋਂ ਨਾਰਾਜ਼ ਵਿਦਿਆਰਥੀਆਂ ਨੇ ਹੁਣ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਦੀਆਂ ਮੈਂਬਰਾਂ ਡਾ. ਹਰਸ਼ਪ੍ਰੀਤ ਕੌਰ ਅਤੇ ਡਾ. ਰਿਤਿਸ਼ਾ ਪੁੰਨੀ ਨੇ ਅੱਜ ਪਹਿਲੇ ਦਿਨ ਦੀ ਭੁੱਖ ਹੜਤਾਲ ਸ਼ੁਰੂ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਹੁਣ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਇਹ ਸੰਘਰਸ਼ ਜਾਰੀ ਰਹੇਗਾ। ਵਿਦਿਆਰਥੀਆਂ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਐੱਸ. ਐੱਚ. ਓ. ਵਿਜੇ ਕੁਮਾਰ ਅਤੇ ਡੀ. ਐੱਸ. ਪੀ. ਜਤਿੰਦਰਪਾਲ ਦੀ ਮੌਜੂਦਗੀ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਨੇ 25 ਅਕਤੂਬਰ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਬੈਠਕ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨਾਲ ਨਾ ਤਾਂ ਮੀਟਿੰਗ ਕਰਵਾਈ ਅਤੇ ਨਾ ਹੀ ਕੋਈ ਠੋਸ ਹੱਲ ਨਿਕਲਿਆ।

ਇਹ ਵੀ ਪੜ੍ਹੋ : ਅਟਵਾਲ ਹਾਊਸ MD ਫ਼ਾਇਰਿੰਗ: ਗੈਂਗਸਟਰ ਨੂੰ ਭਜਾਉਣ ’ਚ ਮਦਦ ਕਰਨ ਵਾਲਾ ਸਾਥੀ ਗ੍ਰਿਫ਼ਤਾਰ

ਯੂਨੀਅਨ ਦੇ ਪ੍ਰਤੀਨਿਧੀਆਂ ਨੇ ਸਰਕਾਰ ਦੇ ਰਵੱਈਏ ’ਤੇ ਸਖਤ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਮਜ਼ਬੂਤ ਕਰਨ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ। ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਕੋਈ ਮੰਤਰੀ ਪ੍ਰਦਰਸ਼ਨ ਸਥਾਨ ’ਤੇ ਨਹੀਂ ਪੁੱਜਾ। ਯੂਨੀਅਨ ਨੇ ਦੋਹਰਾਇਆ ਕਿ ਉਹ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਹਨ ਪਰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ।

ਵਿਦਿਆਰਥੀਆਂ ਦੀ ਮੁੱਖ ਮੰਗ ਹੈ ਕਿ ਇਟਰਨਸ਼ਿਪ ਸਟਾਈਪੈਂਡ 15 ਹਜ਼ਾਰ ਰੁਪਏ ਤੋਂ ਵਧਾ ਕੇ 24 ਹਜ਼ਾਰ 310 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਤਾਂ ਕਿ ਇਹ ਗੁਆਂਢੀ ਰਾਜਾਂ ਦੇ ਬਰਾਬਰ ਹੋ ਸਕੇ। ਵਿਦਿਆਰਥੀਆਂ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਟਾਈਪੈਂਡ ਯੂਨੀਵਰਸਿਟੀ ਅਤੇ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ.) ਦੀ ਸਾਂਝੀਦਾਰੀ ਨਾਲ ਦਿੱਤਾ ਜਾ ਰਿਹਾ ਹੈ ਅਤੇ ਇਸ ਵਿਚ ਪੰਜਾਬ ਸਰਕਾਰ ਦਾ ਕੋਈ ਵਿੱਤੀ ਯੋਗਦਾਨ ਨਹੀਂ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀ ਮਰਨ ਵਰਤ ’ਤੇ ਬੈਠਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਫਿਰ ਵੀ ਚੁੱਪ ਬੱਟੀ ਰੱਖੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News