ਜੇਕਰ ਤੁਸੀਂ ਅੱਜ ਜਾ ਰਹੇ ਹੋ ਲੁਧਿਆਣਾ ਜਾਂ ਦਿੱਲੀ ਤਾਂ ਜ਼ਰੂਰ ਪੜ੍ਹੋ ਇਹ ਖਬਰ

Thursday, Jul 06, 2017 - 01:22 PM (IST)

ਲੁਧਿਆਣਾ (ਅਨੀਲ) — ਇਥੋਂ ਦੇ ਲਾਡੋਵਾਲ ਕਪੂਰ ਸਿੰਘ ਵਾਲਾ ਨੇੜਿਓ 6ਵੀਂ ਜਮਾਤ ਦੇ ਵਿਦਿਆਰਥੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਵੀ ਪੁਲਸ ਵਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਦਿੱਤਾ ਹੈ। ਜਿਸ ਕਾਰਨ ਨੈਸ਼ਨਲ ਹਾਈਵੇਅ 'ਤੇ ਜਾਮ ਲੱਗਾ ਹੋਇਆ ਹੈ।
ਜਾਣਕਾਰੀ ਮੁਤਾਬਕ ਅਗਵਾ ਹੋਏ ਬੱਚੇ ਦੀ ਪਛਾਣ ਕਰਮਜੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਰਮਜੀਤ ਮੰਗਲਾਵਰ ਸਵੇਰ ਸਕੂਲ ਜਾਣ ਲਈ ਘਰੋਂ ਨਿਕਲਿਆ ਸੀ ਪਰ ਸਕੂਲ ਖਤਮ ਹੋਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਪੁੱਜਾ। ਬੱਚੇ ਦੇ ਘਰ ਨਾ ਪਹੁੰਚਣ 'ਤੇ ਪਰੇਸ਼ਾਨ ਪਰਿਵਾਰਕ ਮੈਂਬਰਾਂ ਨੇ ਪੁਲਸ ਥਾਣੇ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਰਿਪੋਰਟ ਦਰਜ ਕਰਵਾਉਣ ਦੇ 3 ਦਿਨ ਬਾਅਦ ਵੀ ਜਦ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਬੱਚੇ ਦੇ ਪਰਿਵਾਰਕ ਮੈਂਬਰ ਐੱਸ. ਐੱਚ. ਓ. ਨੂੰ ਮਿਲਣ ਗਏ ਤਾਂ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਦਿੱਤਾ, ਜਿਸ ਦੇ ਚਲਦੇ ਨੈਸ਼ਨਲ ਹਾਈਵੇਅ 'ਤੇ ਜਾਮ ਲੱਗਾ ਹੋਇਆ ਹੈ। ਜਾਮ ਕਾਰਨ ਕਈ ਕਿਲੋਮੀਟਰ ਤਕ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਬੱਚੇ ਦੇ ਪਰਿਵਾਰ ਕੋਲੋਂ 2 ਦਿਨ ਦਾ ਸਮਾਂ ਮੰਗਿਆ ਹੈ। ਉਨ੍ਹਾਂ ਭਰੋਸਾ ਦਵਾਇਆ ਹੈ ਕਿ ਬੱਚੇ ਨੂੰ 2 ਦਿਨਾਂ ਅੰਦਰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।


Related News