ਚੰਡੀਗੜ੍ਹ ''ਚ ਆਏ ਦਿਨ ਚੋਰੀ ਹੋ ਰਹੇ ਨੇ ਵਾਹਨ
Wednesday, Nov 01, 2017 - 07:18 AM (IST)

ਚੰਡੀਗੜ੍ਹ, (ਸੁਸ਼ੀਲ)- ਵਾਹਨ ਚੋਰੀ ਦੀਆਂ ਵਾਰਦਾਤਾਂ ਰੋਕਣ ਵਿਚ ਥਾਣਾ ਪੁਲਸ ਦੇ ਨਾਲ-ਨਾਲ ਐਂਟੀ ਥੈਫਟ ਸੈੱਲ ਕੁਝ ਨਹੀਂ ਕਰ ਰਿਹਾ ਹੈ। ਚੋਰ ਆਏ ਦਿਨ ਚੰਡੀਗੜ੍ਹ ਤੋਂ ਵਾਹਨ ਚੋਰੀ ਕਰ ਰਹੇ ਹਨ। ਚੰਡੀਗੜ੍ਹ ਵਿਚੋਂ ਜ਼ਿਆਦਾਤਰ ਲਗਜ਼ਰੀ ਵਾਹਨ ਚੋਰੀ ਹੋ ਰਹੇ ਹਨ। ਕਈ ਚੋਰ ਤਾਂ ਮੰਗ ਮੁਤਾਬਿਕ ਹੀ ਵਾਹਨ ਚੋਰੀ ਕਰ ਰਹੇ ਹਨ। ਚੰਡੀਗੜ੍ਹ ਵਿਚੋਂ ਹੁਣ ਤਕ 718 ਵਾਹਨ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਵਿਚ ਦੋ ਪਹੀਆ ਤੇ ਚਾਰ ਪਹੀਆ ਵਾਹਨ ਸ਼ਾਮਲ ਹਨ। ਚੰਡੀਗੜ੍ਹ ਪੁਲਸ 103 ਵਾਹਨ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ 163 ਵਾਹਨ ਬਰਾਮਦ ਕਰ ਚੁੱਕੀ ਹੈ।
ਵਾਹਨ ਚੋਰੀ ਦੀਆਂ ਸਭ ਤੋਂ ਜ਼ਿਆਦਾ ਵਾਰਦਾਤਾਂ ਸਾਊਥ ਡਵੀਜ਼ਨ ਵਿਚ ਹੋਈਆਂ ਹਨ, ਜਿਥੋਂ 351 ਵਾਹਨ ਚੋਰੀ ਹੋਏ ਹਨ। ਸਾਊਥ ਡਵੀਜ਼ਨ ਵਿਚ ਵਾਹਨ ਚੋਰੀ ਦੀ ਲਿਸਟ ਵਿਚ ਥਾਣਾ 39 ਸਭ ਤੋਂ ਉਪਰ ਹੈ ਤੇ ਦੂਸਰੇ ਨੰਬਰ 'ਤੇ ਸੈਕਟਰ-34 ਥਾਣਾ ਪੁਲਸ ਹੈ। ਸੈਕਟਰ-39 ਥਾਣੇ ਦੇ ਇਲਾਕੇ 'ਚੋਂ 112 ਵਾਹਨ ਚੋਰੀ ਹੋਏ ਹਨ। ਪੁਲਸ ਨੇ 22 ਚੋਰਾਂ ਨੂੰ ਫੜ ਕੇ 28 ਵਾਹਨ ਬਰਾਮਦ ਕੀਤੇ ਹਨ। ਉਥੇ ਹੀ ਸੈਕਟਰ-34 ਥਾਣੇ ਦੇ ਇਲਾਕੇ ਤੋਂ 98 ਚੋਰੀ ਹੋਏ ਹਨ। ਪੁਲਸ ਨੇ 13 ਚੋਰ ਫੜ ਕੇ 16 ਵਾਹਨ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ ਈਸਟ ਡਵੀਜ਼ਨ ਵਿਚ ਕੁਲ 195 ਵਾਹਨ ਚੋਰੀ ਹੋਏ ਹਨ, ਜਿਨ੍ਹਾਂ ਵਿਚੋਂ ਪੁਲਸ 8 ਚੋਰ ਫੜ ਕੇ 30 ਵਾਹਨ ਬਰਾਮਦ ਕਰ ਚੁੱਕੀ ਹੈ। ਈਸਟ ਡਵੀਜ਼ਨ ਵਿਚ ਵਾਹਨ ਚੋਰੀ ਦੇ ਮਾਮਲੇ ਵਿਚ ਮਨੀਮਾਜਰਾ ਸਭ ਤੋਂ ਉਪਰ ਹੈ। ਮਨੀਮਾਜਰਾ ਥਾਣਾ ਇਲਾਕੇ ਵਿਚੋਂ 50 ਵਾਹਨ ਚੋਰੀ ਹੋ ਚੁੱਕੇ ਹਨ। ਪੁਲਸ ਨੇ ਦੋ ਚੋਰ ਫੜ ਕੇ 6 ਵਾਹਨ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ ਸੈਂਟ੍ਰਲ ਡਵੀਜ਼ਨ ਵਿਚ ਕੁਲ 172 ਵਾਹਨ ਚੋਰੀ ਹੋਏ ਹਨ। ਪੁਲਸ ਨੇ 36 ਚੋਰਾਂ ਨੂੰ ਫੜ ਕੇ 48 ਵਾਹਨ ਬਰਾਮਦ ਕੀਤੇ ਹਨ। ਹੈਰਾਨੀ ਦੀ ਗੱਲ ਹੈ ਕਿ ਸੈਕਟਰ-49 ਤੇ 26 ਥਾਣਾ ਪੁਲਸ ਇਕ ਵੀ ਵਾਹਨ ਚੋਰ ਨਹੀਂ ਫੜ ਸਕੀ ਹੈ।
ਘਰਾਂ ਦੇ ਬਾਹਰੋਂ ਜ਼ਿਆਦਾ ਵਾਹਨ ਹੁੰਦੇ ਹਨ ਚੋਰੀ
ਚੰਡੀਗੜ੍ਹ ਦੇ ਲੋਕਾਂ ਕੋਲ ਘਰ ਦੇ ਅੰਦਰ ਵਾਹਨ ਪਾਰਕਿੰਗ ਦੀ ਥਾਂ ਘੱਟ ਹੈ, ਇਸ ਲਈ ਲੋਕ ਆਪਣੇ ਵਾਹਨ ਬਾਹਰ ਜਾਂ ਪਾਰਕ ਕੋਲ ਖੜ੍ਹੇ ਕਰਦੇ ਹਨ। ਰਾਤ ਨੂੰ ਵਾਹਨ ਚੋਰ ਘਰਾਂ ਦੇ ਬਾਹਰੋਂ ਵਾਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਪੁਲਸ ਨੂੰ ਵਾਹਨ ਚੋਰੀ ਦਾ ਸਵੇਰੇ ਪਤਾ ਲਗਦਾ ਹੈ ਤੇ ਉਦੋਂ ਤਕ ਚੋਰ ਚੰਡੀਗੜ੍ਹ ਦੀ ਹੱਦ ਪਾਰ ਕਰ ਜਾਂਦੇ ਹਨ। ਪੁਲਸ ਦੀ ਮੰਨੀਏ ਤਾਂ ਚੋਰ ਚੋਰੀ ਦੀਆਂ ਗੱਡੀਆਂ ਨੂੰ ਦਿੱਲੀ ਤੇ ਮੇਰਠ ਜਾ ਕੇ ਵੇਚਦੇ ਹਨ। ਚੋਰੀ ਦੀਆਂ ਜੋ ਗੱਡੀਆਂ ਵਿਕਦੀਆਂ ਨਹੀ, ਉਨ੍ਹਾਂ ਨੂੰ ਉਹ ਸਕ੍ਰੈਪ ਵਿਚ ਵੇਚ ਦਿੰਦੇ ਹਨ।