ਖੰਨਾ ''ਚ ਸਬਜ਼ੀਆਂ ਨੇ ਕੱਢੇ ਆਮ ਜਨਤਾ ਦੇ ਵੱਟ

11/13/2018 4:07:33 PM

ਖੰਨਾ (ਵਿਪਨ) : ਖੰਨਾ ਦੀ ਸਬਜ਼ੀ ਮੰਡੀ 'ਚ ਰੇਹੜੀ-ਫੜ੍ਹੀ ਵਾਲਿਆਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ 'ਚ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ। ਜਿੱਥੇ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਗੋਭੀ, ਟਮਾਟਰ 10 ਤੋਂ 20 ਰੁਪਏ ਕਿਲੋ ਵਿਕ ਰਹੇ ਹਨ, ਉੱਥੇ ਹੀ ਖੰਨਾ 'ਚ ਇਹ 50 ਰੁਪਏ ਕਿਲੋ ਮਿਲ ਰਹੇ ਹਨ। ਮਟਰ, ਪਿਆਜ, ਸ਼ਿਮਲਾ ਮਿਰਚ ਦੀਆਂ ਕੀਮਤਾਂ ਵੀ ਕਈ ਗੁਣਾ ਵਧੀਆਂ ਹੋਈਆਂ ਹਨ। ਮੰਡੀ ਬੰਦ ਹੋਣ ਕਾਰਨ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ, ਉੱਥੇ ਹੀ ਸਰਕਾਰ ਨੂੰ ਵੀ ਹਰ ਰੋਜ਼ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।

ਸਬਜ਼ੀ ਮੰਡੀ 'ਚ ਹੜਤਾਲ ਦਾ ਅੱਜ 5ਵਾਂ ਦਿਨ ਹੈ। ਜਿੱਥੇ ਸਬਜ਼ੀਆਂ ਦੇ ਭਾਅ ਆਸਮਾਨੀ ਚੜ੍ਹੇ ਹੋਏ ਹਨ, ਉੱਥੇ ਹੀ ਆਮ ਆਦਮੀ ਦੀ ਥਾਲੀ 'ਚੋਂ ਸਬਜ਼ੀਆਂ ਗਾਇਬ ਹੋ ਰਹੀਆਂ ਹਨ। ਹੜਤਾਲ ਕਰਨ ਵਾਲਿਆਂ ਨੂੰ ਲਗਾਤਾਰ ਸਿਆਸੀ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਜਦੋਂ ਇਸ ਬਾਰੇ ਸਬਜ਼ੀ ਖਰੀਦਣ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੰਡੀ 'ਚ ਹੜਤਾਲ ਕਾਰਨ ਆਮ ਜਨਤਾ ਪਰੇਸ਼ਾਨ ਹੈ ਅਤੇ 20 ਰੁਪਏ ਕਿਲੋ ਟਮਾਟਰ ਉਨ੍ਹਾਂ ਨੂੰ 50 ਰੁਪਏ ਕਿਲੋ ਮਿਲ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਗਰੀਬ ਜਨਤਾ ਦੀ ਭਲਾਈ ਲਈ ਹੜਤਾਲ ਖਤਮ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੜਤਾਲ ਹੋਣ ਕਾਰਨ ਹਰ ਪਾਸੇ ਲੁੱਟ ਮਚੀ ਹੋਈ ਹੈ। 
 


Babita

Content Editor

Related News