ਸਬਜ਼ੀਅਾਂ ਤੇ ਫਲਾਂ ਦੀ ਸਪਲਾਈ ਠੱਪ, ਲੋਕ ਪ੍ਰੇਸ਼ਾਨ

Thursday, Jul 19, 2018 - 02:39 AM (IST)

ਸਬਜ਼ੀਅਾਂ ਤੇ ਫਲਾਂ ਦੀ ਸਪਲਾਈ ਠੱਪ, ਲੋਕ ਪ੍ਰੇਸ਼ਾਨ

ਬਠਿੰਡਾ(ਸੁਖਵਿੰਦਰ, ਆਜ਼ਾਦ)-ਸਬਜ਼ੀ ਮੰਡੀ ਨੂੰ ਠੇਕੇ ’ਤੇ ਦੇਣ ਦੇ ਵਿਰੋਧ ਵਿਚ ਤਿੰਨ ਦਿਨਾਂ ਤੋਂ ਸਬਜ਼ੀ ਮੰਡੀ ਬੰਦ ਰਹਿਣ ਕਾਰਨ ਮਹਾਂਨਗਰ ਵਿਚ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸਬਜ਼ੀਆਂ ਨਾ ਮਿਲਣ ਕਾਰਨ ਹੁਣ ਰੋਟੀ ਦਾ ਸੁਆਦ ਵੀ ਫਿੱਕਾ ਜਾਪਣ ਲੱਗਾ ਹੈ। ਸ਼ਹਿਰ ’ਚ ਸਬਜ਼ੀਆਂ, ਪਿਆਜ, ਲਸਣ ਆਦਿ ਉਪਲੱਬਧ ਨਾ ਹੋਣ ਦੇ ਚਲਦਿਆਂ ਸ਼ਹਿਰ ’ਚ ਸਡ਼ਕਾਂ ਕਿਨਾਰੇ ਲੱਗਣ ਵਾਲੀਆਂ ਦਰਜ਼ਨਾਂ ਖਾਣ-ਪੀਣ ਦੇ ਸਾਮਾਨ ਵਾਲੀਆਂ ਰੇਹਡ਼ੀਆਂ, ਅੰਮ੍ਰਿਤਸਰੀ ਨਾਨ ਦੀਆਂ ਸਟਾਲਾਂ ਅਤੇ ਕਈ ਢਾਬੇ ਬੰਦ ਹੋ ਗਏ ਹਨ। ਇਸ ਤੋਂ ਇਲਾਵਾ ਘਰਾਂ ’ਚ ਵੀ ਸਬਜ਼ੀਆਂ ਖਤਮ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਖੇਤਾਂ ਵੱਲ ਕੂਚ ਕਰਨਾ ਪੈ ਰਿਹਾ ਹੈ ਜਾਂ ਲੋਕ ਬਿਨਾਂ ਤਡ਼ਕੇ ਵਾਲੀਆਂ ਦਾਲਾਂ ਹੀ ਖਾਣ ਲਈ ਮਜਬੂਰ ਹਨ। ਵੱਡੇ ਹੋਟਲਾਂ ’ਚ ਵੀ ਸਬਜ਼ੀਆਂ ਦੀ ਵੱਡੀ ਸਮੱਸਿਆ ਆ ਰਹੀ ਹੈ। ਸ਼ਹਿਰ ਦੇ ਨਾਮੀ ਹੋਟਲਾਂ ਵਿਚ ਵੀ ਹੁਣ ਪਿਆਜ ਦੇ ਲੱਗਣ ਵਾਲੇ ਤਡ਼ਕੇ ਠੰਡੇ ਪੈ ਚੁੱਕੇ ਹਨ ਅਤੇ ਹੋਟਲ ਦਾ ਮੈਨਿਊ ਵੀ ਸੁੰਗਡ਼ ਕੇ ਰਹਿ ਗਿਆ ਹੈ। ਕੁਝ ਹੋਟਲ ਮਾਲਕਾਂ ਵੱਲੋਂ ਹਰਿਆਣਾ ਦੀ ਡੱਬਵਾਲੀ ਮੰਡੀ ਤੋਂ ਪਿਆਜ ਅਤੇ ਆਲੂ ਮੰਗਵਾਏ ਜਾ ਰਹੇ ਹਨ। ਕਿਸਾਨ ਵੀ ਆਪਣੀਆਂ ਸਬਜ਼ੀਆਂ ਹਰਿਆਣਾ ਦੀਆਂ ਮੰਡੀਆਂ ਵਿਚ ਲਿਜਾਣ ਲੱਗੇ ਹਨ। 
 ਯੂਨੀਅਨ ਵੱਲੋਂ ਪਿਆਜ਼, ਆਲੂ ਫਡ਼ ਕੇ ਲੰਗਰ ’ਚ ਪਾਏ
 ਮਹਾਨਗਰ ਵਿਚ ਕੁਝ ਜਗ੍ਹਾ ’ਤੇ ਚੋਰੀ ਵਿਕ ਰਹੇ ਆਲੂ ਅਤੇ ਪਿਆਜ਼ ਨੂੰ ਫਡ਼ੀ ਯੂਨੀਅਨ ਵੱਲੋਂ ਤਾਇਨਾਤ ਕੀਤੀ ਟੀਮ ਫਡ਼ ਕੇ ਧਰਨਾ ਸਥਾਨ ’ਤੇ ਚੱਲ ਰਹੇ ਲੰਗਰ ਵਿਚ ਪਾਇਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਕਿਸੇ ਵੀ ਸਬਜ਼ੀ ਸੰਚਾਲਕ ਨੂੰ ਸਬਜ਼ੀ ਵੇਚਣ ਨਹੀਂ ਦਿੱਤੀ ਜਾਵੇਗੀ। ਜਿਨ੍ਹਾਂ ਸਮਾਂ ਸਰਕਾਰ ਵੱਲੋਂ ਠੇਕੇ ਰੱਦ ਨਹੀਂ ਕੀਤਾ ਜਾਵੇਗਾ ਸ਼ਹਿਰ ਵਿਚ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਠੱਪ ਰੱਖਣਗੇ।
ਹਰਿਆਣਾ ਦੀ ਮੰਡੀਆਂ ’ਚ ਜਾਣ ਲੱਗੀ ਸਬਜ਼ੀ
 ਬਠਿੰਡਾ ਦੀ ਵੱਡੀ ਸਬਜ਼ੀ ਮੰਡੀ ਬੰਦ ਹੋਣ ਕਾਰਨ ਸਬਜ਼ੀ ਉਤਪਾਦਕ ਕਿਸਾਨਾਂ ਵੱਲੋਂ ਆਪਣੀਆ ਸਬਜ਼ੀਆਂ ਨੂੰ ਹਰਿਆਣਾ ਦੀ ਡੱਬਵਾਲੀ ਮੰਡੀ ਵਿਚ ਵੇਚਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਜ਼ਿਲੇ ਦੀਅਾਂ ਸਬਜ਼ੀਆਂ ਹਰਿਆਣਾ ਵਿਖੇ ਪਹੁੰਚਣ ਨਾਲ ਸਬਜ਼ੀ ਮੰਡੀ ’ਚ ਆਮਦ ਲਗਭਗ ਦੁੱਗਣੀ ਹੋ ਚੁੱਕੀ ਹੈ। 
ਇਸ ਤੋਂ ਇਲਾਵਾ ਡੱਬਵਾਲੀ ਮੰਡੀ ਵਿਚ ਪਿਆਜ ਅਤੇ ਆਲੂ ਦੀ ਸੇਲ ਵੀ ਆਮ ਦਿਨਾਂ ਨਾਲੋਂ ਦੁੱਗਣੀ ’ਤੇ ਪਹੁੰਚ ਚੁੱਕੀ ਹੈ। ਜਿੱਥੇ ਬਠਿੰਡਾ ਦੀ ਮਾਰਕਿਟ ਕਮੇਟੀ ਨੂੰ ਰੋਜਾਨਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਹਰਿਆਣਾ ਦੇ ਵਪਾਰੀਆਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਜ਼ਿਲੇ ਦੇ ਪਿੰਡਾਂ ’ਚੋਂ ਵੀ ਸਬਜ਼ੀ ਵੇਚਣ ਵਾਲੇ ਲੋਕ ਹਰਿਆਣਾ ਤੋਂ ਸਬਜ਼ੀ ਲਿਆ ਰਹੇ ਹਨ।
ਤੀਸਰੇ ਦਿਨ ਵੀ ਕੀਤੀ ਨਾਅਰੇਬਾਜ਼ੀ
 ਬਠਿੰਡਾ ਦੀ ਸਬਜ਼ੀ ਮੰਡੀ ਠੇਕੇ ’ਤੇ ਦੇਣ ਦੇ ਵਿਰੋਧ ਵਿਚ ਲਗਾਤਾਰ ਤੀਸਰੇ ਦਿਨ ਵੀ ਸਬਜ਼ੀ ਮੰਡੀ ਦੇ ਆਡ਼੍ਹਤੀਆਂ ਅਤੇ ਫਡ਼ੀ ਸੰਚਾਲਕਾਂ ਨੇ ਸਬਜ਼ੀ ਮੰਡੀ ਵਿਖੇ ਧਰਨਾ ਦੇ ਕੇ ਮੰਡੀ ਬੋਰਡ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਿਕਰਯੋਗ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਮਹਾਂਨਗਰ ’ਚ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਮਾਰਕਿਟ ਕਮੇਟੀ,ਦੁਕਾਨਦਾਰਾਂ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਵੀ ਰੋਜਾਨਾਂ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਸ ਦੇ ਬਾਵਜੂਦ ਵੀ ਸਬਜ਼ੀ ਮੰਡੀ ਦੇ ਆਡ਼੍ਹਤੀ ਅਤੇ ਫਡ਼ੀ ਸੰਚਾਲਕ ਠੇਕੇ ਨੂੰ ਰੱਦ ਕਰਨ ਦੀ ਮੰਗ ’ਤੇ ਅਡ਼ੇ ਹੋਏ ਹਨ। 
 ਹੋਰਨਾਂ ਸ਼ਹਿਰਾਂ ਨੇ ਦਿੱਤੀ ਹਮਾਇਤ
 ਸਰਕਾਰ ’ਤੇ ਦਬਾਅ ਬਣਾਉਣ ਲਈ ਪੰਜਾਬ ਦੀਅਾਂ ਕਈ ਹੋਰ ਮੰਡੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਬਰਨਾਲਾ, ਰਾਮਾ, ਤਲਵੰਡੀ, ਰਾਮਪੁਰਾ, ਮੋਗਾ, ਮਲੋਟ ਆਦਿ ਮੰਡੀਆਂ ਦੇ ਆਡ਼੍ਹਤੀਏ ਧਰਨੇ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੰਜਾਬ ਦੀਅਾਂ ਮੰਡੀਆਂ ਦੇ ਦਿੱਤੇ ਜਾ ਰਹੇ ਠੇਕਿਅਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵੀਰਵਾਰ ਤੱਕ ਠੇਕੇ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੀਆ ਸਾਰੀਅਾਂ ਸਬਜ਼ੀ ਅਤੇ ਫਲ ਮੰਡੀਅਾਂ ਬੰਦ ਕਰਨਗੇ।


Related News