ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਵੱਲੋਂ ਐੱਸ. ਐੱਸ. ਪੀ. ਦਫਤਰ ਅੱਗੇ ਧਰਨਾ

Tuesday, Nov 21, 2017 - 12:42 AM (IST)

ਬਟਾਲਾ, (ਬੇਰੀ)- ਅੱਜ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਵਰਕਰਾਂ ਦਾ ਸਥਾਨਕ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਖੇ ਭਾਰੀ ਇਕੱਠ ਹੋਇਆ ਅਤੇ ਬਾਅਦ 'ਚ ਬਾਜ਼ਾਰਾਂ 'ਚੋਂ ਰੋਸ ਮਾਰਚ ਕੱਢਦੇ ਹੋਏ ਐੱਸ. ਐੱਸ. ਪੀ. ਦਫਤਰ ਅੱਗੇ ਧਰਨਾ ਦਿੱਤਾ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਹਮੀਰਾ ਪ੍ਰਧਾਨ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਨੇ ਕਿਹਾ ਕਿ ਗਰੀਬਾਂ ਦਲਿਤਾਂ ਅਤੇ ਆਮ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਅਤੇ ਪੁਲਸ ਸਿਆਸੀ ਲੋਕਾਂ ਦੀ ਸ਼ਹਿ 'ਤੇ ਗਰੀਬ ਨੌਜਵਾਨਾਂ 'ਤੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੌੜਾ ਥਾਣਾ ਘੁਮਾਣ ਦੇ ਗਰੀਬਾਂ, ਦਲਿਤਾਂ ਦੀ ਸਾਂਝੀ 10 ਮਰਲੇ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਅਤੇ ਦਲਿਤਾਂ ਦੇ ਘਰਾਂ ਵਿਚ ਤੋੜ-ਭੰਨ ਕਰਨ ਦੇ ਨਾਲ-ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰ ਕੇ ਗਾਲੀ-ਗਲੋਚ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਪੁਲਸ ਵੱਲੋਂ ਨਾ ਕੀਤੀ ਜਾਣੀ ਬਹੁਤ ਹੀ ਮੰਦਭਾਗੀ ਗੱਲ ਹੈ। 
ਹਮੀਰਾ ਨੇ ਅੱਗੇ ਬੋਲਦਿਆਂ ਕਿਹਾ ਕਿ ਇਸੇ ਤਰ੍ਹਾਂ ਪਿੰਡ ਕੰਡੀਲਾ ਦੀਆਂ ਦਲਿਤ ਔਰਤਾਂ ਹਰਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਅਤੇ ਪਰਮਜੀਤ ਕੌਰ ਪਤਨੀ ਗੋਪਾਲ ਸਿੰਘ ਨਾਲ ਪੁਲਸ ਵੱਲੋਂ ਕੁੱਟਮਾਰ ਕੀਤੀ ਗਈ ਸੀ, ਜਿਨ੍ਹਾਂ 'ਤੇ ਹਾਲੇ ਤੱਕ ਪੁਲਸ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਬਹੁਤ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀਆਂ ਕਥਿਤ ਧੱਕੇਸ਼ਾਹੀਆਂ ਦੇ ਕਾਰਨ ਉਨ੍ਹਾਂ ਨੂੰ ਅੱਜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਧਰਨਾਕਾਰੀਆਂ ਵੱਲੋਂ ਦਿੱਤੇ ਧਰਨੇ ਦੀ ਖਬਰ ਮਿਲਦਿਆਂ ਹੀ ਐੱਸ. ਐੱਸ. ਪੀ ਉਪਿੰਦਰਜੀਤ ਸਿੰਘ ਨੇ ਆਪਣੇ ਦਫਤਰ ਵਿਖੇ ਉਕਤ ਜਥੇਬੰਦੀ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮਹਿੰਦਰ ਸਿੰਘ ਹਮੀਰਾ, ਗੁਰਨਾਮ ਸਿੰਘ ਸ਼ੇਰਗਿਲ ਸਕੱਤਰ, ਰਣਜੀਤ ਸਿੰਘ, ਸਤਨਾਮ ਸਿੰਘ, ਬਾਬਾ ਜਸਪਾਲ ਸਿੰਘ, ਸਰਪੰਚ ਸੰਤੋਖ ਸਿੰਘ, ਸਰਪੰਚ ਨੱਥਾ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ, ਸਰਵਣ ਸਿੰਘ, ਮੰਗਲ ਸਿੰਘ, ਭੁਪਿੰਦਰ ਸਿੰਘ, ਗੁਰਮੇਜ ਸਿੰਘ ਜ਼ਿਲਾ ਪ੍ਰਧਾਨ, ਜੱਗਾ, ਸਰਬਜੀਤ ਸਿੰਘ, ਬਾਬਾ ਦਲਬੀਰ ਸਿੰਘ, ਲਖਬੀਰ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।   


Related News