ਕੁਆਰੀ ਕੁੜੀ ਨੇ ਜਣੇਪੇ ਤੋਂ ਬਾਅਦ ਬਾਥਰੂਮ ''ਚ ਸੁੱਟਿਆ ਬੱਚਾ, ਗ੍ਰਿਫਤਾਰ

05/29/2019 12:23:19 PM

ਡੇਰਾਬੱਸੀ (ਸ. ਹ.) : ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਲੜਕੀ ਹਸਪਤਾਲ 'ਚ ਢਿੱਡ ਦਰਦ ਦਾ ਬਹਾਨਾ ਬਣਾ ਕੇ ਆਈ ਸੀ ਅਤੇ ਡਾਕਟਰਾਂ ਨੇ ਵੀ ਢਿੱਡ ਦਰਦ ਦਾ ਟੀਕਾ ਲਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਹਸਪਤਾਲ ਦੇ ਬਾਥਰੂਮ 'ਚ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਬੱਚੇ ਨੂੰ ਪਖਾਨੇ ਦੀ ਟੈਂਕੀ 'ਚ ਸੁੱਟ ਕੇ ਚਲੀ ਗਈ। ਜਾਣਕਾਰੀ ਮੁਤਾਬਕ ਉਕਤ ਲੜਕੀ ਲਾਲੜੂ ਦੀ ਵਸਨੀਕ ਹੈ। ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਲੜਕੀ ਦਸਵੀਂ ਦੀ ਪ੍ਰੀਖਿਆ ਲਾਲੜੂ ਤੋਂ ਪਾਸ ਕਰਨ ਤੋਂ ਬਾਅਦ ਯੂ. ਪੀ. 'ਚ 11ਵੀਂ ਅਤੇ 12ਵੀਂ ਦੀ ਪੜ੍ਹਾਈ ਕਰਨ ਲਈ ਪੀ. ਜੀ. 'ਚ ਰਹਿਣ ਲੱਗ ਪਈ। ਉੱਥੇ ਉਸ ਦੇ ਨਾਲ ਪੜ੍ਹਦੇ 20 ਸਾਲਾ ਦੋਸਤ ਸ਼ਿਵਮ ਨਾਲ ਸਬੰਧ ਬਣ ਗਏ। ਲੜਕੀ ਪੜ੍ਹਾਈ ਪੂਰੀ ਕਰ ਕੇ ਲਾਲੜੂ ਆ ਗਈ ਸੀ ਪਰ ਲੜਕੇ ਨਾਲ ਮੇਲ-ਜੋਲ ਅੰਬਾਲਾ ਵਿਖੇ ਕੋਚਿੰਗ ਦੌਰਾਨ ਹੁੰਦਾ ਰਿਹਾ। ਲੜਕੇ ਨਾਲ ਸਬੰਧ ਬਣਨ 'ਤੇ ਲੜਕੀ ਗਰਭਵਤੀ ਹੋ ਗਈ। ਲੜਕੀ ਨੂੰ ਗਰਭਵਤੀ ਹੋਣ ਦਾ ਪਤਾ 7 ਮਹੀਨਿਆਂ ਬਾਅਦ ਲੱਗਾ ਪਰ ਡਰ ਕਾਰਨ ਲੜਕੀ ਨੇ ਇਹ ਗੱਲ ਆਪਣੇ ਮਾਪਿਆਂ ਤੋਂ ਵੀ ਲੁਕਾਈ ਰੱਖੀ।
ਅਸਲ 'ਚ ਪੁਲਸ ਵਲੋਂ ਡੇਰਾਬੱਸੀ ਹਸਪਤਾਲ 'ਚ ਪਖਾਨੇ ਦੀ ਟੈਂਕੀ 'ਚੋਂ ਮਰਿਆ ਨਵਜੰਮਿਆ ਬੱਚਾ ਬਰਾਮਦ ਕਰ ਲਿਆ ਗਿਆ ਸੀ, ਜੋ ਕੁਆਰੀ ਲੜਕੀ ਨੇ ਜੰਮਿਆ ਸੀ, ਜਿਸ ਨੂੰ ਲਾਲੜੂ ਤੋਂ 108 ਨੰਬਰ ਐਂਬੂਲੈਂਸ ਲੈ ਕੇ ਆਈ ਸੀ। ਪੁਲਸ ਨੇ ਲੜਕੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੇਰਾਬੱਸੀ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।


Babita

Content Editor

Related News