ਜੰਗਲਾਂ ''ਚ ਸ਼ਰੇਆਮ ਹੋ ਰਹੀ ਹੈ ਖੈਰ ਦੀ ਨਾਜਾਇਜ਼ ਕਟਾਈ

Monday, Feb 19, 2018 - 12:34 AM (IST)

ਜੰਗਲਾਂ ''ਚ ਸ਼ਰੇਆਮ ਹੋ ਰਹੀ ਹੈ ਖੈਰ ਦੀ ਨਾਜਾਇਜ਼ ਕਟਾਈ

ਬਲਾਚੌਰ, (ਬ੍ਰਹਮਪੁਰੀ)- ਜਿਥੇ ਪੂਰੇ ਵਿਸ਼ਵ 'ਚ ਖਾਸ ਕਰ ਕੇ ਭਾਰਤ ਦੇ ਖਿੱਤੇ ਵਿਚ ਵਾਤਾਵਰਣ ਪ੍ਰਤੀ ਵੱਡੇ ਪੱਧਰ 'ਤੇ ਕੁਦਰਤੀ ਤੌਰ 'ਤੇ ਬਦਲਾਅ ਹੋਣ ਨਾਲ ਵਾਤਾਵਰਣ ਮਾਹਿਰ ਡੂੰਘੇ ਤੌਰ 'ਤੇ ਚਿੰਤਤ ਹਨ, ਉਥੇ ਹੀ ਜੇਕਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਖੇਤਰ 'ਚ ਅਵੇਸਲੇਪਨ ਨੂੰ ਦੇਖੀਏ ਤਾਂ ਹੈਰਾਨੀਜਨਕ ਅੰਕੜੇ ਸਾਹਮਣੇ ਆਉਂਦੇ ਹਨ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਤਹਿਸੀਲ ਵਣ ਵਿਭਾਗ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਕਾਰਨ ਖੈਰ ਦੀ ਸਮੱਗਲਿੰਗ ਸਬੰਧੀ ਨੋਟਾਂ ਦੀ ਖਾਨ ਵਜੋਂ ਕੰਮ ਕਰ ਰਹੀ ਹੈ, ਜਿਸ ਦਾ ਅੰਦਾਜ਼ਾ ਭੱਦੀ, ਸ਼ਹਿਬਾਜ਼ਪੁਰ, ਚੰਦਿਆਣੀ ਕਲਾਂ, ਮਾਹੀਪੁਰ ਆਦਿ ਦੇ ਜੰਗਲਾਂ ਦੇ ਦੁਖਾਂਤ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ। ਇਥੇ ਖੈਰ ਦੇ ਦਰੱਖਤ ਦੇ ਹਜ਼ਾਰਾਂ ਮੁੱਢ ਇਸ ਦੀ ਗਵਾਹੀ ਭਰ ਰਹੇ ਹਨ ਕਿ ਬਿਨਾਂ ਪਰਮਿਟ ਤੇ ਰੋਕ-ਟੋਕ ਦੇ ਖੈਰ ਦੀ ਕੀਮਤੀ ਲੱਕੜ ਦੀ ਸਮੱਗਲਿੰਗ ਜਾਰੀ ਹੈ। 
ਇਹ ਹਨ ਕਟਾਈ ਦੇ ਨਿਯਮ?
ਨੈਸ਼ਨਲ ਗਰੀਨ ਟ੍ਰਿਬਿਊਨਲ ਐੱਨ. ਜੀ. ਟੀ. ਅਨੁਸਾਰ ਜੰਗਲਾਂ ਦੇ ਦਰੱਖਤਾਂ ਦੀ ਕਟਾਈ ਦੀ ਬਿਲਕੁਲ ਮਨਾਹੀ ਹੈ। ਪਿਛਲੇ ਸਮਿਆਂ 'ਚ ਸਿਰਫ ਪਰਮਿਟ ਲੈ ਕੇ ਬੋਲੀਕਾਰ ਬੋਲੀ ਦੇ ਕੇ ਸਰਕਾਰੀ ਲੱਕੜ ਦਾ ਮੁੱਲ ਵਿਭਾਗ ਰਾਹੀਂ ਸਬੰਧਤ ਪੰਚਾਇਤ ਨੂੰ ਦੇ ਕੇ ਹੀ ਕੱਟ ਸਕਦਾ ਹੈ ਪਰ ਬਲਾਚੌਰ ਵਣ ਰੇਂਜ ਵਿਭਾਗ ਦੀ ਮਿਲੀਭੁਗਤ ਅਤੇ ਅਧਿਕਾਰੀਆਂ ਵੱਲੋਂ ਮੀਡੀਆ ਵਿਚ ਝੂਠੀਆਂ ਰਿਪੋਰਟਾਂ ਰਾਹੀਂ ਇਹ ਦਰਸਾਇਆ ਜਾ ਰਿਹਾ ਹੈ ਕਿ ਜੰਗਲ ਸਹੀ ਸਲਾਮਤ ਹੈ ਜਦੋਂਕਿ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਭੱਦੀ, ਸ਼ਹਿਬਾਜ਼ਪੁਰ, ਚੰਦਿਆਣੀ ਕਲਾਂ, ਮਾਹੀਪੁਰ ਆਦਿ ਪਿੰਡਾਂ ਦੇ ਜੰਗਲ ਖਤਮ ਕੀਤੇ ਜਾ ਰਹੇ ਹਨ, ਜਿਸ ਪਿੱਛੇ ਸਰਕਾਰੀ ਸਰਪ੍ਰਸਤੀ ਸ਼ਰੇਆਮ ਦਿਖਾਈ ਦੇ ਰਹੀ ਹੈ। 
...ਤਾਂ ਵਾਤਾਵਰਣ ਪ੍ਰੇਮੀ ਦਾਇਰ ਕਰਨਗੇ ਜਨਹਿੱਤ ਪਟੀਸ਼ਨ
ਵਾਤਾਵਰਣ ਪ੍ਰੇਮੀ ਗੌਰਵ ਚੌਹਾਨ ਨਾਨੋਵਾਲ ਯੂਥ ਅਕਾਲੀ ਦਲ ਬਾਦਲ ਦੇ ਆਗੂ ਨੇ ਕਿਹਾ ਕਿ ਉਕਤ ਮਾਮਲਾ ਬਹੁਤ ਹੀ ਗੰਭੀਰ ਹੈ। ਕਰੋੜਾਂ ਰੁਪਏ ਦੀ ਸਰਕਾਰੀ ਸੰਪਤੀ ਜਿਥੇ ਖੁਰਦ-ਬੁਰਦ ਹੋ ਰਹੀ ਹੈ, ਉਥੇ ਹੀ ਆਉਣ ਵਾਲੇ ਸਮੇਂ 'ਚ ਵਾਤਾਵਰਣ ਲਈ ਬਹੁਤ ਵੱਡਾ ਖਤਰਾ ਹੈ। ਜੇਕਰ ਸਰਕਾਰ ਤੇ ਵਣ ਵਿਭਾਗ ਨੇ ਉਕਤ ਮਾਮਲੇ ਸਬੰਧੀ ਚੁੱਪੀ ਵੱਟੀ ਰਹੀ ਤਾਂ ਵਾਤਾਵਰਣ ਪ੍ਰੇਮੀਆਂ ਵੱਲੋਂ ਜਨਹਿੱਤ ਪਟੀਸ਼ਟ ਕੋਰਟ 'ਚ ਪਾਈ ਜਾਵੇਗੀ, ਜਿਸ ਦੀ ਪੁਸ਼ਟੀ ਕਾਮਰੇਡ ਪਰਮਿੰਦਰ ਮੇਨਕਾ, ਕਾਮਰੇਡ ਜਨਾਗਲ ਨੇ ਵੀ ਕੀਤੀ।
ਕੱਥਾ ਬਣਾਉਣ ਲਈ 10 ਹਜ਼ਾਰ ਪ੍ਰਤੀ ਕੁਇੰਟਲ ਤੱਕ ਵੇਚੀ ਜਾਂਦੀ ਹੈ ਖੈਰ
ਜੰਗਲ 'ਚੋਂ ਖੈਰ ਦੀ ਸਮੱਗਲਿੰਗ ਕਰਨ ਲਈ ਇਕ ਬਹੁਤ ਵੱਡਾ ਨੈੱਟਵਰਕ ਬਣਿਆ ਹੋਇਆ ਹੈ। ਇਹ ਸਮੱਗਲਰ ਖੈਰ ਦੀ ਲੱਕੜ 7 ਹਜ਼ਾਰ ਰੁਪਏ ਕੁਇੰਟਲ ਤੋਂ 10 ਹਜ਼ਾਰ ਰੁਪਏ ਕੁਇੰਟਲ ਤੱਕ ਕੱਥਾ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਵੇਚਦੇ ਹਨ। ਜ਼ਿਕਰਯੋਗ ਹੈ ਕਿ ਖੈਰ ਦੀ ਲੱਕੜ ਕੱਥਾ ਬਣਾਉਣ ਤੋਂ ਇਲਾਵਾ ਦਵਾਈਆਂ ਤੇ ਭੱਠੇ ਦੀਆਂ ਇੱਟਾਂ ਦੇ ਇਸਤੇਮਾਲ 'ਚ ਲਿਆਈ ਜਾਂਦੀ ਹੈ। ਜਾਣਕਾਰੀ ਅਨੁਸਾਰ ਝੰਡੂਪੁਰ ਪਿੰਡ ਨਾਲ ਸਬੰਧਤ ਇਕ ਵਿਅਕਤੀ ਅਤੇ ਮਾਹੀਪੁਰ ਪਿੰਡ ਨਾਲ ਸਬੰਧਤ ਇਕ ਚੰਗੇ ਅਸਰ ਰਸੂਖ ਵਾਲੇ ਵਿਅਕਤੀ ਨੇ ਇਸ ਸਮੱਗਲਿੰਗ ਵਿਚ ਆਪਣੇ ਹੱਥ ਰੰਗੇ ਹੋਏ ਹਨ ਪਰ ਅਧਿਕਾਰੀ ਕਾਰਵਾਈ ਕਰਨ ਹੱਥੋਂ ਬੇਵੱਸ ਹਨ। ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਵਿਚ ਦੱਸਿਆ ਕਿ ਦੋ ਦਹਾਕੇ ਪਹਿਲਾਂ ਖੈਰ ਸਮੱਗਲਰਾਂ ਨੇ ਇਕ ਵਣ ਗਾਰਡ ਦਾ ਸ਼ਰੇਆਮ ਭੱਦੀ ਵਿਖੇ ਕਤਲ ਕੀਤਾ ਸੀ, ਉਸ ਦਿਨ ਤੋਂ ਬਾਅਦ ਸਿਆਸੀ ਲੋਕਾਂ ਦੀ ਗੁੰਡਾਗਰਦੀ ਕਾਰਨ ਵਣ ਵਿਭਾਗ ਦੇ ਅਧਿਕਾਰੀ ਡੰਗ ਟਪਾ ਰਹੇ ਹਨ। ਜੇਕਰ ਕਾਂਗਰਸ ਸਰਕਾਰ ਨੇ ਇਸ ਵਰਤਾਰੇ ਨੂੰ ਨਾ ਰੋਕਿਆ ਤਾਂ ਜੰਗਲਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਤੇ ਭਵਿੱਖ 'ਚ ਹੜ੍ਹ ਅਤੇ ਭੂਚਾਲ ਵਰਗੀਆਂ ਕੁਦਰਤੀ ਆਫਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ।
ਇੰਝ ਹੋਇਆ ਵਣ ਸੰਪਤੀ ਦਾ ਉਜਾੜਾ
ਪਹਿਲਾਂ ਜਦੋਂ ਸੜਕਾਂ ਦਾ ਜਾਲ ਵਿਛਿਆ, ਉਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਨਜ਼ਰ ਲੱਗ ਗਈ। ਉਧਰ, ਭੂ-ਮਾਫੀਆ ਨੇ ਮਾਈਨਿੰਗ ਕਰ ਕੇ ਝੰਡੂਪੁਰ ਜੰਗਲ ਪੱਧਰਾ ਕਰ ਦਿੱਤਾ। ਫਿਰ ਇਨ੍ਹਾਂ 'ਚ ਅਕਾਲੀ-ਭਾਜਪਾ ਸਰਕਾਰ ਸਮੇਂ ਆਗੂਆਂ ਦੇ ਰਿਸ਼ਤੇਦਾਰਾਂ ਇਥੋਂ ਤੱਕ ਕਿ ਗੰਨਮੈਨਾਂ ਦੇ ਪਰਿਵਾਰਾਂ ਨੇ ਆਪਣੇ ਘਰਾਂ 'ਚ ਸ਼ਰੇਆਮ ਖੈਰ ਦੀ ਕੀਮਤੀ ਲੱਕੜ ਦੀ ਸਮੱਗਲਿੰਗ ਕਰ ਕੇ ਸਟੋਰ ਬਣਾ ਲਏ।
ਵਿਭਾਗ ਵੱਲੋਂ ਕਰਵਾਈ ਜਾਂਚ ਮਹਿਜ ਖਾਨਾਪੂਰਤੀ 
ਜਨਵਰੀ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜੰਗਲਾਂ 'ਚੋਂ ਹੁੰਦੀ ਸਮੱਗਲਿੰਗ ਨੂੰ ਰੋਕਣ ਲਈ ਇਕ ਵਿਭਾਗੀ ਟੀਮ ਜਾਂਚ ਕਰਨ ਲਈ ਬਣਾਈ। ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਵਣ ਵਿਭਾਗ ਦੇ ਮੁਖੀ ਪ੍ਰਧਾਨ ਮੁੱਖ ਵਣਪਾਲ ਵੱਲੋਂ ਸਰਕਾਰੀ ਅਧਿਕਾਰ ਅਧੀਨ ਆਉਂਦੇ ਹਜ਼ਾਰਾਂ ਏਕੜ ਦੇ ਰਕਬੇ 'ਚੋਂ ਖੈਰ ਦੀ ਕੀਮਤੀ ਲੱਕੜ ਦੀ ਸਮੱਗਲਿੰਗ ਦੀ ਜਾਂਚ ਮਾਰਕ ਕੀਤੀ ਸੀ। ਵਿਭਾਗ ਵੱਲੋਂ ਪਿਛਲੇ ਮਹੀਨੇ ਕਰਵਾਈ ਗਈ ਜਾਂਚ ਮਹਿਜ ਇਕ ਖਾਨਾਪੂਰਤੀ ਸਾਬਤ ਹੋਈ ਕਿਉਂਕਿ ਵਿਭਾਗ ਦੇ ਅਧਿਕਾਰੀਆਂ ਨੇ ਚੰਦਿਆਣੀ ਕਲਾਂ, ਮਾਹੀਪੁਰ, ਸ਼ਹਿਬਾਜ਼ਪੁਰ, ਭੱਦੀ ਆਦਿ ਦੀ ਜਾਂਚ ਤਾਂ ਕੀਤੀ ਸੀ ਪਰ ਵਿਭਾਗੀ ਟੀਮ ਵੱਲੋਂ ਪੱਕੇ ਸਮੱਗਲਰਾਂ ਨੂੰ ਜੁਰਮਾਨੇ ਕਰ ਕੇ ਸਮਾਂ ਲੰਘਾਇਆ ਗਿਆ ਸੀ। 
ਸਰਕਾਰੀ ਜੰਗਲਾਂ ਦੇ ਉਜਾੜੇ ਦਾ ਦੁਖਾਂਤ 
ਪਿੰਡ ਪੱਦੀ ਦਾ 1 ਹਜ਼ਾਰ ਏਕੜ ਜੰਗਲੀ ਰਕਬਾ, ਜਿਸ ਦੀ ਮਾਲਕ ਪੰਚਾਇਤ ਹੈ, 'ਚ ਸਰਕਾਰੀ ਨਿਯਮਾਂ ਅਨੁਸਾਰ ਕੀਮਤੀ ਲੱਕੜ ਦੀ ਸਾਂਭ-ਸੰਭਾਲ ਵਣ ਵਿਭਾਗ ਨੇ ਕਰਨੀ ਹੁੰਦੀ ਹੈ ਪਰ ਇਸ ਜੰਗਲ 'ਚੋਂ ਖੈਰ ਦੀ ਕੀਮਤੀ ਲੱਕੜ, ਜਿਸ ਵਿਚ 15 ਸਾਲ ਤੋਂ ਵੱਧ ਸਾਲ ਦੇ ਰੁੱਖ ਵੀ ਹਨ, ਦੀ ਕਟਾਈ ਵੀ ਅੰਨ੍ਹੇਵਾਹ ਹੋਈ ਹੈ। ਉਧਰ, ਬਲਾਚੌਰ ਵਣ ਰੇਂਜ ਅਧੀਨ ਆਉਂਦੇ ਸਰਕਾਰੀ ਜੰਗਲ 'ਚੋਂ ਪਿੰਡ ਸ਼ਹਿਬਾਜ਼ਪੁਰ ਦੇ ਵੀ 7-8 ਸੌ ਏਕੜ ਰਕਬੇ 'ਚੋਂ ਖੈਰ ਦੀ ਕੀਮਤੀ ਲੱਕੜ ਦੀ ਵੱਡੀ ਪੱਧਰ 'ਤੇ ਸਮੱਗਲਿੰਗ ਹੋਈ ਹੈ ਤੇ ਹੋ ਰਹੀ ਹੈ, ਜਿਸ ਦੀ ਕਰੋੜਾਂ ਰੁਪਏ ਮਾਰਕੀਟ ਕੀਮਤ ਹੈ। 
ਵਣ ਵਿਭਾਗ ਮੰਤਰੀ ਨੂੰ ਦੁਬਾਰਾ ਜਾਂਚ ਲਈ ਕਰਾਂਗੇ ਅਪੀਲ : ਹੀਰਾ ਖੇਪੜ
ਪੰਜਾਬ ਯੂਥ ਕਾਂਗਰਸ ਦੇ ਆਗੂ ਹੀਰਾ ਖੇਪੜ ਪ੍ਰਧਾਨ ਵਿਧਾਨ ਸਭਾ ਹਲਕਾ ਬਲਾਚੌਰ ਯੂਥ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਮਝੌਟ ਵੀ ਇਸ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਆਉਂਦਾ ਹੈ। ਜੋ ਹਾਲਤ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜੰਗਲ ਦੀ ਹੈ, ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਖੈਰ ਦੇ ਮਾਮਲੇ ਸਬੰਧੀ ਮੌਜੂਦਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਕਾਂਗਰਸ ਦੇ ਯਤਨਾਂ ਸਦਕਾ ਪਿਛਲੇ ਦਿਨੀਂ ਜਾਂਚ ਕਰਵਾਈ ਗਈ ਪਰ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨਿੰਦਣਯੋਗ ਹੈ। ਉਹ ਚੌ. ਮੰਗੂਪੁਰ ਐੱਮ. ਐੱਲ. ਏ. ਰਾਹੀਂ ਸਾਧੂ ਸਿੰਘ ਧਰਮਸੌਤ ਵਣ ਵਿਭਾਗ ਮੰਤਰੀ ਨੂੰ ਦੁਬਾਰਾ ਜਾਂਚ ਕਰਵਾਉਣ ਲਈ ਅਪੀਲ ਕਰਨਗੇ।
ਕੀ ਕਹਿੰਦੇ ਹਨ ਵਣ ਰੇਂਜ ਅਫ਼ਸਰ
ਵਣ ਰੇਂਜ ਅਧਿਕਾਰੀ ਬਲਾਚੌਰ ਅਮਰਜੀਤ ਸਿੰਘ ਨੇ ਕਿਹਾ ਕਿ ਮੇਰੇ ਧਿਆਨ 'ਚ ਇਹ ਮਾਮਲਾ ਨਹੀਂ ਹੈ, ਜੇਕਰ ਖੈਰ ਦੀ ਸਮੱਗਲਿੰਗ ਜਾਂ ਗੈਰ-ਕਾਨੂੰਨੀ ਕਟਾਈ ਹੋਈ ਹੈ ਤਾਂ ਉਸ ਖਿਲਾਫ਼ ਵਿਭਾਗ ਕਾਰਵਾਈ ਕਰੇਗਾ ਤੇ ਆਪਣੀ ਪੁਰਾਣੀ ਬੋਲੀ ਅਨੁਸਾਰ ਕੰਮ ਕਰਦਾ ਰਹੇਗਾ। 


Related News