ਕਰੋੜਾਂ ਰੁਪਏ ਲਾ''ਤੇ ਫਿਰ ਵੀ ਨਾ ਹੋ ਸਕਿਆ ਪਾਣੀ ਦੀ ਨਿਕਾਸੀ ਦਾ ਹੱਲ, ਲੋਕ ਪ੍ਰੇਸ਼ਾਨ
Tuesday, Aug 19, 2025 - 11:08 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਸਰਹੱਦੀ ਕਸਬਾ ਦੌਰਾਂਗਲਾ ਵਿਖੇ ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਪੁਲਸ ਸਟੇਸ਼ਨ ਅਤੇ ਸ਼ਮਸ਼ਾਨ ਘਾਟ ਅਤੇ 25-30 ਤੋਂ ਜਿਆਦਾ ਪਿੰਡਾਂ ਦਾ ਸੰਪਰਕ ਕਰਨ ਵਾਲੇ ਰੋਡ ਤੋਂ ਲੰਘਣਾ ਔਖਾ ਹੋਇਆ ਪਿਆ ਹੈ। ਜਾਣਕਾਰੀ ਅਨੁਸਾਰ 1947 ਦੀ ਵੰਡ ਤੋਂ ਬਾਅਦ ਪ੍ਰਮੁੱਖ ਵਪਾਰ ਦਾ ਕੇਂਦਰ ਹੁੰਦਾ ਸੀ ਕਸਬਾ ਦੌਰਾਂਗਲਾ ਪਰ ਅੱਜ ਹਾਲਾਤ ਵੱਲ ਝਾਤੀ ਮਾਰੀ ਜਾਵੇ ਤਾਂ ਇਹ ਆਪਣੇ ਵਿਕਾਸ ਨੂੰ ਤਰਸ ਰਿਹਾ ਹੈ। ਕਿਉਂਕਿ ਇਸ ਰੋਡ ਦੀ ਤਰਸਯੋਗ ਹਾਲਤ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਉਪਰੰਤ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੇ ਪਾਣੀ ਦੀ ਨਿਕਾਸੀ ਦੇ ਲਈ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ।
ਛੋਟੀਆਂ ਪਾਈਪਾਂ ਪਾ ਦਿੱਤੀਆਂ ਗਈਆਂ ਅਤੇ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਬਾਹਰ ਓਵਰਫਲੋ ਲਈ ਜਗ੍ਹਾ ਬਣਾਈ ਗਈ। ਪਰ ਫਿਰ ਵੀ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਾ ਹੋ ਸਕਿਆ। ਜਦਕਿ ਬਰਸਾਤ ਦੇ ਦਿਨਾਂ ਵਿੱਚ ਸਮੱਸਿਆ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਬੱਚੇ ਸਕੂਲ ਆਉਣ ਤੋਂ ਵੀ ਗੁਰੇਜ਼ ਕਰਦੇ ਹਨ। ਨਾ ਤਾਂ ਮਰੀਜ਼ ਹਸਪਤਾਲ ਪਹੁੰਚ ਸਕਦੇ ਹਨ ਅਤੇ ਨਾ ਹੀ ਕੋਈ ਸ਼ਿਕਾਇਤ ਕਰਨ ਦੇ ਲਈ ਪੁਲਸ ਥਾਣੇ ਤੱਕ। ਇਥੋਂ ਤੱਕ ਜਿਆਦਾ ਪਿੰਡਾਂ ਦਾ ਸੰਪਰਕ ਵੀ ਇਸ ਰਸਤੇ ਕਰਕੇ ਦੌਰਾਗਲਾ ਦੇ ਨਾਲ ਉਹ ਕੱਟਿਆ ਜਾਂਦਾ ਹੈ ਅਤੇ ਲੋਕ ਬਾਜ਼ਾਰ ਵਿੱਚ ਨਹੀਂ ਪਹੁੰਚ ਪਾਉਂਦੇ, ਜਿਸ ਕਰਕੇ ਦੁਕਾਨਦਾਰ ਵੀ ਪਰੇਸ਼ਾਨ ਹੋ ਚੁੱਕੇ ਹਨ।
ਇਸ ਸਬੰਧੀ ਪਿੰਡ ਦੀ ਪੰਚਾਇਤ ਅਤੇ ਕਸਬਾ ਵਾਸੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਜਲਦ ਇਸ ਸਮੱਸਿਆ ਦਾ ਹੱਲ ਹੋਵੇਗਾ। ਅੱਜ ਇੱਕ ਵਾਰ ਫਿਰ ਤੋਂ ਕਸਬੇ ਦੇ ਮੋਹਤਬਾਰ ਅਤੇ ਸਰਪੰਚ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਪਹੁੰਚੇ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਵਿਕਾਸ ਕਰਵਾਇਆ ਜਾ ਰਿਹਾ ਹੈ। ਫੰਡ ਤਾਂ ਰਿਲੀਜ਼ ਹੋਏ ਪਰ ਇਸ ਦੀ ਦੁਰਵਰਤੋਂ ਕੀਤੀ ਗਈ ਅਤੇ ਜਿਨਾਂ ਵੱਲੋਂ ਵੀ ਇਸ ਫੰਡ ਦੀ ਦੁਰਵਰਤੋਂ ਕੀਤੀ ਗਈ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਕੋਈ ਵੀ ਕਮੀ ਨਹੀਂ ਛੱਡ ਰਹੀ ਹੈ। ਇਸ ਸਬੰਧੀ ਜਦੋਂ ਗਠਿਤ ਕਮੇਟੀ ਦੇ ਅਧਿਕਾਰੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਇਸ ਦਾ ਹੱਲ ਕਰਵਾਇਆ ਜਾਵੇਗਾ।