ਆਸਮਾਨ ਤੋਂ ਵਹਿ ਰਹੀ ਆਫ਼ਤ ਦੀ ਬਾਰਿਸ਼! ਹੁਸ਼ਿਆਰਪੁਰ ਵਿਖੇ 12 ਤੋਂ ਵੱਧ ਪਿੰਡਾਂ ਦਾ ਸੰਪਰਕ ਟੁੱਟਿਆ, ਬਣੇ ਟਾਪੂ
Tuesday, Aug 26, 2025 - 03:30 PM (IST)

ਹੁਸ਼ਿਆਰਪੁਰ/ਮੁਕੇਰੀਆਂ (ਵੈੱਬ ਡੈਸਕ)- ਪੰਜਾਬ ਵਿਚ 2 ਦਿਨਾਂ ਤੋਂ ਭਾਰੀ ਬਾਰਿਸ਼ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਦਰਿਆਵਾਂ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਸ਼ਿਆਰਪੁਰ ਵਿਖੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਰਕੇ ਪਹਾੜਾਂ ਵਿਚੋਂ ਆਇਆ ਬੇਹਿਸਾਬ ਪਾਣੀ ਚੋਅ ਰਾਹੀਂ ਬਿਆਸ ਦਰਿਆ ਵਿੱਚ ਸ਼ਾਮਲ ਹੋ ਰਿਹਾ ਹੈ।
ਪੰਜਾਬ 'ਚ ਭਾਰੀ ਬਾਰਿਸ਼ ਨਾਲ ਹਰ ਪਾਸੇ ਤਬਾਹੀ! ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ, ਇਸ ਇਲਾਕੇ ਦਾ ਧੁੱਸੀ ਬੰਨ੍ਹ ਟੁੱਟਿਆ
ਇਥੇ ਦੱਸ ਦੇਈਏ ਕਿ ਆਮ ਤੌਰ 'ਤੇ ਇਹ ਚੋਅ ਜ਼ਿਆਦਾਤਰ ਸੁੱਕੇ ਰਹਿੰਦੇ ਹਨ ਪਰ ਜਦੋਂ ਬੇਹੱਦ ਮੀਂਹ ਪੈਂਦਾ ਹੈ ਤਾਂ ਇਹ ਚੋਅ ਦਰਿਆ ਦਾ ਰੂਪ ਧਾਰ ਲੈਂਦੇ ਹਨ। ਭਾਰੀ ਮੀਂਹ ਕਰਕੇ ਚੋਅ 'ਚ ਪਾਣੀ ਦਾ ਪੱਧਰ ਬੇਹੱਦ ਵੱਧ ਗਿਆ ਹੈ, ਜਿਸ ਕਾਰਨ 12 ਤੋਂ ਵੱਧ ਪਿੰਡਾਂ ਦਾ ਸੰਪਰਕ ਦਸੂਹਾ-ਤਲਵਾੜਾ ਮੁੱਖ ਸੜਕ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਿੰਡਾਂ ਦੇ ਲੋਕਾਂ ਲਈ ਆਵਾਜਾਈ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਲਈ ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਉਥੇ ਹੀ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਹੁਸ਼ਿਆਰਪੁਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 23 ਡਿਗਰੀ ਦਰਜ ਕੀਤਾ ਗਿਆ, ਜਿਸ ਕਾਰਨ ਮੌਸਮ ਬਹੁਤ ਸੁਹਾਵਣਾ ਹੋ ਗਿਆ। ਸ਼ਹਿਰ ਦੇ ਨੇੜੇ ਤੋਂ ਲੰਘਦੇ ਭੰਗੀ ਚੋਅ ਵਿਚ ਵੀ ਹੜ੍ਹ ਦਾ ਉਫਾਨ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੁੜ ਗਿਆ ਪੰਜਾਬ ਦੇ ਮੇਨ ਹਾਈਵੇਅ ਦਾ ਇਕ ਹਿੱਸਾ, ਹਿਮਾਚਲ ਨਾਲ ਟੁੱਟ ਸਕਦੈ ਸੰਪਰਕ
ਹੜ੍ਹ ਕਾਰਨ ਸਾਰੇ ਕਾਜ਼ਵੇਅ ਬੰਦ ਹੋ ਗਏ। ਚੋਅ ਦੇ ਦੂਜੇ ਪਾਸੇ ਤੋਂ ਸ਼ਹਿਰ ਵੱਲ ਜਾਣ ਵਾਲੀ ਆਵਾਜਾਈ ਠੱਪ ਹੋ ਗਈ। ਜਦੋਂ ਕਾਜ਼ਵੇਅ ’ਤੇ ਹੜ੍ਹ ਵਿਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ 2 ਬਾਈਕ ਸਵਾਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿਣ ਲੱਗੇ, ਤਾਂ ਆਲੇ-ਦੁਆਲੇ ਦੇ ਲੋਕਾਂ ਦੀ ਸਮਝਦਾਰੀ ਕਾਰਨ ਉਨ੍ਹਾਂ ਨੂੰ ਬਚਾਇਆ ਗਿਆ। ਚੋਅ ਵਿਚ ਹੜ੍ਹ ਕਾਰਨ ਭੰਗੀ ਚੋਅ ਪੁਲ ’ਤੇ ਅਤੇ ਆਲੇ-ਦੁਆਲੇ ਟ੍ਰੈਫਿਕ ਜਾਮ ਹੋ ਗਿਆ। ਮੌਸਮ ਵਿਭਾਗ ਦੇ ਬੁਲਾਰੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 80 ਐੱਮ. ਐੱ ਮ. ਬਾਰਿਸ਼ ਦਰਜ ਕੀਤੀ ਗਈ। ਦਸੂਹਾ ਵਿਚ 65 ਐੱਮ. ਐੱ ਮ., ਗੜ੍ਹਸ਼ੰਕਰ ਵਿਚ 47.5 ਐੱਮ. ਐੱਮ. ਅਤੇ ਮੁਕੇਰੀਆਂ ਵਿਚ 46 ਐੱਮ. ਐੱ ਮ. ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਦਾ ਇਹ ਰੁਝਾਨ ਜਾਰੀ ਰਹਿ ਸਕਦਾ ਹੈ। ਬਾਰਿਸ਼ ਕਾਰਨ ਸ਼ਹਿਰ ਵਿਚ ਆਵਾਜਾਈ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਤਬਾਹੀ! ਬਿਆਸ ਦਰਿਆ ਨੇ ਤੋੜੇ ਸਾਰੇ ਰਿਕਾਰਡ, ਬੰਨ੍ਹ ਨੂੰ ਬਚਾਉਣ ਲਈ ਵਰਤਿਆ ਜਾ ਰਿਹੈ ਹਰ ਹੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e