ਫੈਕਟਰੀ ''ਚ ਵਰਤੋਂ ਕੀਤੀ ਜਾ ਰਹੀ ਸੀ ਨੀਮ ਕੋਟਿਡ ਯੂਰੀਆ, ਪੁਲਸ ਨੇ ਛਾਪੇਮਾਰੀ ਕਰ ਕੀਤਾ ਸੀਲ
Saturday, Aug 23, 2025 - 12:55 AM (IST)

ਫਗਵਾੜਾ (ਜਲੋਟਾ) - ਖੇਤੀਬਾੜੀ ’ਚ ਵਰਤੇ ਜਾਣ ਵਾਲੇ ਨੀਮ ਕੋਟਿਡ ਯੂਰੀਆ ਦੀ ਦੁਰਵਰਤੋਂ ਕਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਇੱਥੇ ਇਕ ਬੰਦ ਪਈ ਫੈਕਟਰੀ ’ਚ ਛਾਪੇਮਾਰੀ ਕਰ ਕੇ ਇਸ ਨੂੰ ਸੀਲ ਕਰਨ ਦੀ ਸਨਸਨੀਖੇਜ ਸੂਚਨਾ ਮਿਲੀ ਹੈ।
ਪੁਲਸ ਨੇ ਨੀਮ ਕੋਟਿਡ ਯੂਰੀਆ ਦੇ ਦੁਰਵਰਤੋਂ ਕਰਨ ਦੇ ਦੋਸ਼ ’ਚ ਫੈਕਟਰੀ ਮਾਲਕ ਸਮੇਤ 3 ਵਿਅਕਤੀਆਂ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਪੁਲਸ ਨੇ ਪਿੰਡ ਖਾਟੀ ਨੇੜੇ ਸਥਿਤ ਬੰਦ ਪਈ ਫੈਕਟਰੀ ’ਚ ਮਾਰੇ ਛਾਪੇ ਦੌਰਾਨ ਮੌਕੇ ਤੋਂ 95 ਬੋਰੀਆਂ ਨੀਮ ਕੋਟਿਡ ਯੂਰੀਆ, 30 ਲੀਟਰ ਯੂਰੀਆ ਆਦਿ ਵੀ ਬਰਾਮਦ ਕੀਤਾ ਹੈ।
ਪੁਲਸ ਸਮੇਤ ਮੌਕੇ ’ਤੇ ਮੌਜੂਦ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਸਤਿਅਮ ਇੰਡਸਟਰੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਫੈਕਟਰੀ ਮਾਲਕ ਸਮੇਤ ਮਨੋਜ ਢੀਂਗਰਾ ਪੁੱਤਰ ਗੋਵਿੰਦ ਪ੍ਰਸਾਦ ਵਾਸੀ ਸ਼੍ਰੀ ਗੰਗਾਨਗਰ, ਰਾਜਸਥਾਨ, ਮਹੇਸ਼ ਲਾਲ ਪੁੱਤਰ ਗੋਪਾਲ ਦਾਸ ਵਾਸੀ ਯਮੁਨਾ ਨਗਰ, ਹਰਿਆਣਾ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਚੱਲ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।