ਤਬਾਦਲਿਆਂ ਮਗਰੋਂ ਹੁਣ 62 ਸੈਨੇਟਰੀ ਇੰਸਪੈਕਟਰ, JE ਵੀ ਕਰਨਗੇ ਨਾਜਾਇਜ਼ ਕਬਜ਼ਿਆਂ ਦੇ ਚਲਾਨ
Thursday, Aug 21, 2025 - 12:53 PM (IST)

ਚੰਡੀਗੜ੍ਹ (ਰਾਏ) : ਨਗਰ ਨਿਗਮ ਨੇ ਆਪਣੇ ਇਨਫੋਰਸਮੈਂਟ ਵਿੰਗ 'ਚ ਭ੍ਰਿਸ਼ਟਾਚਾਰ ’ਤੇ ਲਗਾਮ ਲਗਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਾਲ ਹੀ ’ਚ ਨਿਗਮ ਵਿਚ ਇਨਫੋਰਸਮੈਂਟ ਵਿੰਗ ਦੇ ਸਬ-ਇੰਸਪੈਕਟਰਾਂ ਦਾ ਤਬਾਦਲਾ ਕੀਤਾ ਗਿਆ ਸੀ। ਹੁਣ ਬੁੱਧਵਾਰ ਨੂੰ ਨਿਗਮ ਨੇ ਮੈਡੀਕਲ ਅਫ਼ਸਰ ਹੈਲਥ (ਐੱਮ.ਓ.ਐੱਚ.) ਅਤੇ ਬੀ ਐਂਡ ਆਰ ਵਿਭਾਗਾਂ ਦੇ ਸੈਨੇਟਰੀ ਇੰਸਪੈਕਟਰਾਂ ਅਤੇ ਜੇ. ਈ. ਸਮੇਤ 62 ਕਰਮਚਾਰੀਆਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ’ਚ 27 ਕਰਮਚਾਰੀ ਰੈਗੂਲਰ ਹਨ, ਜਦੋਂ ਕਿ ਬਾਕੀ ਆਊਟਸੋਰਸ ਕਰਮਚਾਰੀ ਹਨ। ਨਿਗਮ ਨੇ ਇਨ੍ਹਾਂ ਨੂੰ ਬਾਜ਼ਾਰਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਨ ਜਾਰੀ ਕਰਨ ਦੀਆਂ ਸ਼ਕਤੀਆਂ ਵੀ ਦਿੱਤੀਆਂ ਹਨ।
ਇਸ ਦੌਰਾਨ ਨਿਗਮ ਨੇ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਜਾਂਚ ਦਾ ਵੀ ਫ਼ੈਸਲਾ ਲਿਆ ਹੈ। ਮੇਅਰ ਹਰਸਪ੍ਰੀਤ ਕੌਰ ਬਬਲਾ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਤੋਂ ਬਾਅਦ ਹੀ ਦੋਸ਼ੀ ਸਬ-ਇੰਸਪੈਕਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇਗੀ। ਇਨਫੋਰਸਮੈਂਟ ਵਿੰਗ ਦੇ ਸਬ-ਇੰਸਪੈਕਟਰਾਂ ਨਾਲ ਸਬੰਧਿਤ ਵੀਡੀਓ ਜਾਰੀ ਹੋਣ ਤੋਂ ਬਾਅਦ ਨਿਗਮ ਨੇ ਇਨ੍ਹਾਂ ਸਬ-ਇੰਸਪੈਕਟਰਾਂ ਦਾ ਤਬਾਦਲਾ ਕਰ ਦਿੱਤਾ ਹੈ।
ਤਬਾਦਲਿਆਂ ਤੋਂ ਬਾਅਦ ਨਿਗਮ ’ਚ ਕੁੱਝ ਕੌਂਸਲਰਾਂ ਅਤੇ ਵਿਰੋਧੀ ਧਿਰ ਨੂੰ ਇਸ ਗੱਲ ’ਤੇ ਇਤਰਾਜ਼ ਹੈ ਕਿ ਵੀਡੀਓ ਵਿਚ ਨਾਂ ਆਉਣ ਤੋਂ ਬਾਅਦ ਵੀ ਇਨ੍ਹਾਂ ਇੰਸਪੈਕਟਰਾਂ ’ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਸਿਰਫ਼ ਤਬਾਦਲੇ ਕਰਕੇ ਮਾਮਲੇ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਗਿਆ। ਵਿਰੋਧੀ ਧਿਰ ਦੀ ਮੰਗ ਹੈ ਕਿ ਇਨ੍ਹਾਂ ਇੰਸਪੈਕਟਰਾਂ ਦੀ ਪੂਰੀ ਟੀਮ ਨੂੰ ਕਿਸੇ ਹੋਰ ਵਿਭਾਗ ਵਿਚ ਭੇਜਿਆ ਜਾਣਾ ਚਾਹੀਦਾ ਸੀ। ਇਸ ਬਾਰੇ ਮੇਅਰ ਨੇ ਕਿਹਾ ਕਿ ਜਦੋਂ ਤੱਕ ਵਿਜੀਲੈਂਸ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਅਤੇ ਮੁਲਜ਼ਮਾਂ ਦਾ ਪਤਾ ਨਹੀਂ ਲਗ ਜਾਂਦਾ, ਉਦੋਂ ਤੱਕ ਇਸ ਸਬੰਧ ’ਚ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਜਾ ਸਕਦਾ।