ਪੰਜਾਬ ''ਚ ਤੇਜ਼ ਰਫ਼ਤਾਰ ਥਾਰ ਦਾ ਕਹਿਰ! ਚਾਚਾ-ਭਤੀਜੀ ਦੀ ਭਿਆਨਕ ਹਾਦਸੇ ''ਚ ਮੌਤ
Thursday, Oct 08, 2026 - 04:09 PM (IST)
ਨੰਗਲ (ਸੈਣੀ)- ਨਵਾਂ ਨੰਗਲ ਸੈਕਟਰ-2 ਦੀ ਮਾਰਕੀਟ ਨੇੜੇ ਸੜਕ ’ਤੇ ਇਕ ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ 'ਚ ਕਰੀਬ 6 ਮਹੀਨੇ ਦੀ ਬੱਚੀ ਸਮੇਤ ਚਾਚਾ-ਭਤੀਜੀ ਇਸ ਦੀ ਲਪੇਟ ਵਿਚ ਆ ਗਏ। ਹਾਦਸਾ ਇੰਨਾ ਗੰਭੀਰ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਮੋਟਰਸਾਈਕਲ ’ਤੇ ਸਵਾਰ ਕਰੀਬ 16 ਸਾਲਾ ਕੁੜੀ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੋਟਰਸਾਇਕਲ ਚਾਲਕ ਵਿਜੈ ਕੁਮਾਰ ਉਰਫ਼ ਵਿੱਕੀ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ ਅਤੇ ਥਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਥਾਰ ਚਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਥਾਰ ਚਾਲਕ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵੀ ਲੋਕਾਂ ਰਾਕੇਸ਼ ਚੌਧਰੀ, ਬਲਾਕ ਕਾਂਗਰਸ ਨੰਗਲ ਦੇ ਐੱਸ. ਸੀ. ਸੈੱਲ ਦੇ ਚੇਅਰਮੈਨ ਸੁਰਿੰਦਰ ਪਾਲ, ਅਮਿਤ ਸਮੇਤ ਹੋਰ ਸਥਾਨਕ ਲੋਕਾਂ ਨੇ ਬੀਤੇ ਦਿਨ ਨਵਾਂ ਨੰਗਲ ਪੁਲਸ ਚੌਕੀ ਦੇ ਬਾਹਰ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਥਾਰ ਚਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਵੱਡੀ ਰਾਹਤ! ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ
ਰੋਸ ਪ੍ਰਦਰਸ਼ਨ ਨੂੰ ਵੇਖਦੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਥਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਸਬੰਧੀ ਪ੍ਰੈੱਸ ਵਾਰਤਾ ਕਰਦੇ ਨੰਗਲ ਦੇ ਡੀ. ਐੱਸ. ਪੀ. ਨਵੀਨ ਪਾਲ ਸਿੰਘ ਅਤੇ ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ ਅਤੇ ਮ੍ਰਿਤਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਤ ਨੂੰ ਹੀ ਟੀਮਾਂ ਬਣਾ ਕੇ ਥਾਰ ਚਾਲਕ ਨੂੰ ਕਾਬੂ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਥਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਰ ਚਾਲਕ ਦੀ ਪਛਾਣ ਕਥਿਤ ਤੌਰ ’ਤੇ ਸ਼ਿਵਾਲਿਕ ਐਵੇਨਿਊ ਵਾਸੀ ਧਰੁਵ ਪੁਰੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ: ਕੜੇ ਵੇਚਣ ਵਾਲੇ ਬਜ਼ੁਰਗ ਦੀ ਚਮਕੀ ਕਿਸਮਤ! 50 ਰੁਪਏ 'ਚ ਨਿਕਲੀ 21 ਲੱਖ ਰੁਪਏ ਦੀ ਲਾਟਰੀ
ਜਦੋਂ ਉਨ੍ਹਾਂ ਤੋਂ ਥਾਰ ਵਿੱਚੋਂ ਕੁਝ ਪਾਬੰਦੀਸ਼ੁਦਾ ਚੀਜ਼ਾਂ ਮਿਲਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਥਾਰ ਚਾਲਕ ਨੇ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਤਾਂ ਨਹੀਂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਰਾਗਿਨੀ ਪੁੱਤਰੀ ਅਜੈ ਕੁਮਾਰ, ਮੋਟਰਸਾਈਕਲ ਸਵਾਰ ਦੀ ਪਛਾਣ ਵਿਜੈ ਕੁਮਾਰ ਅਤੇ ਛੋਟੀ ਬੱਚੀ ਦੀ ਪਛਾਣ ਅਨਾਇਕਾ ਪੁੱਤਰੀ ਅਮਨ ਕੁਮਾਰ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਮਿਤ ਕੁਮਾਰ ਪੁੱਤਰ ਰਾਜ ਕੁਮਾਰ, ਵਾਸੀ ਮਕਾਨ ਨੰਬਰ 152, ਵਨ-ਬੀ, ਸੈਕਟਰ-1, ਨਵਾਂ ਨੰਗਲ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉੱਥੇ ਹੀ ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਹੋਰ ਥਾਰ ਚਾਲਕਾਂ, ਬੁਲੇਟ ਮੋਟਰਸਾਈਕਲਾਂ, ਕਾਲੇ ਸ਼ੀਸ਼ਿਆਂ ਵਾਲੇ ਅਤੇ ਬਿਨਾਂ ਨੰਬਰ ਵਾਲੇ ਵਾਹਨਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
