ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ
Wednesday, Oct 28, 2026 - 06:26 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)-ਪਿੰਡ ਕਰਿਆਮ ਦੇ ਬੱਸ ਅੱਡੇ ਨੇੜੇ ਸ਼ਰਾਬ ਦੇ ਠੇਕੇ ਕੋਲ ਬੀਤੀ ਰਾਤ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਪਿੱਛਿਓਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸੇ ਕਾਰ ਦੇ ਚਾਲਕ ਵੱਲੋਂ ਇਸ ਤੋਂ ਪਹਿਲਾਂ ਇਕ ਧਾਰਮਿਕ ਸਥਾਨ ਨੇੜੇ ਦੋ ਲੜਕੀਆਂ ਨੂੰ ਵੀ ਟੱਕਰ ਮਾਰ ਕੇ ਜ਼ਖ਼ਮੀ ਕਰਨ ਦੀ ਗੱਲ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ, ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਗੁਰਨਾਮ ਸਕੋਹਪੁਰੀ ਨੇ ਦੱਸਿਆ ਕਿ 47 ਸਾਲਾ ਬਲਵਿੰਦਰ ਪਾਲ ਉਰਫ਼ ਭਿੰਦਾ ਪੇਂਟਰ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਸਕੋਹਪਰ ਜੋ ਨਵਾਂਸ਼ਹਿਰ ਵੱਲੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਿਸ ਦੇ ਪਿਤਾ ਪੀ. ਜੀ. ਆਈ. ਵਿਖੇ ਦਾਖ਼ਲ ਹਨ ਅਤੇ ਇਕ-ਦੋ ਦਿਨਾਂ ਵਿਚ ਉਨ੍ਹਾਂ ਦਾ ਆਪ੍ਰੇਸ਼ਨ ਹੋਣਾ ਸੀ। ਬਲਵਿੰਦਰ ਪਾਲ ਪਿਛਲੇ ਕਰੀਬ 20 ਦਿਨਾਂ ਤੋਂ ਪੀ. ਜੀ. ਆਈ. ਵਿਖੇ ਆਪਣੇ ਪਿਤਾ ਦੀ ਦੇਖਭਾਲ ਕਰ ਰਿਹਾ ਸੀ ਅਤੇ ਬੀਤੀ ਰਾਤ ਉੱਥੋਂ ਆਪਣੇ ਪਿੰਡ ਨੂੰ ਪਰਤ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਬਲਵਿੰਦਰ ਪਾਲ ਰਾਤ ਕਰੀਬ 7 ਵਜੇ ਪਿੰਡ ਕਰਿਆਮ ਲੰਘ ਕੇ ਸ਼ਰਾਬ ਦੇ ਠੇਕੇ ਨੇੜੇ ਪਹੁੰਚਿਆ ਤਾਂ ਪਿੱਛਿਓਂ ਆ ਰਹੀ ਇਕ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ।
ਇਹ ਵੀ ਪੜ੍ਹੋ: Big Breaking: ਪੰਜਾਬ ਦੀ ਜੇਲ੍ਹ 'ਚ ਨਾਮੀ ਗੈਂਗਸਟਰ ਦੀ ਮੌਤ
ਪਰਿਵਾਰਕ ਮੈਂਬਰਾਂ ਮੁਤਾਬਕ ਮੋਟਰਸਾਈਕਲ ਨਾਲ ਹੋਈ ਜ਼ਬਰਦਸਤ ਟੱਕਰ ਕਾਰਨ ਕਾਰ ਦਾ ਟਾਇਰ ਫਟ ਗਿਆ ਸੀ ਪਰ ਇਸ ਦੇ ਬਾਵਜੂਦ ਚਾਲਕ ਕਾਰ ਨੂੰ ਰੋਕਣ ਦੀ ਬਜਾਏ ਰਿੰਮ ’ਤੇ ਹੀ ਭਜਾ ਕੇ ਲੈ ਗਿਆ ਅਤੇ ਬਾਅਦ 'ਚ ਉਹ ਪਿੰਡ ਸਾਹਲੋਂ ਤੋਂ ਕਮਾਮ ਨੂੰ ਜਾਂਦੇ ਕੱਚੇ ਰਸਤੇ ’ਤੇ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਸ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰਨ ਤੋਂ ਪਹਿਲਾਂ ਪਿੰਡ ਕਰਿਆਮ ਨੇੜੇ ਸਥਿਤ ਧਾਰਮਿਕ ਅਸਥਾਨ ਘੋੜੇ ਵਾਲੀ ਸਰਕਾਰ ਕੋਲ ਦੋ ਲੜਕੀਆਂ ਨੂੰ ਵੀ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਭਿਆਨਕ ਹਾਦਸੇ 'ਚ ਗਈ ਜਾਨ
ਪੁਲਸ ਵੱਲੋਂ ਫ਼ਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਇਲਾਕੇ ਵਿਚ ਕਿਸ ਕੰਮ ਲਈ ਆਇਆ ਸੀ। ਬਲਵਿੰਦਰ ਪਾਲ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਇਸ ਹਾਦਸੇ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਹੈ ਕਿਉਂਕਿ ਇਕ ਪਾਸੇ ਉਸਦਾ ਪਿਤਾ ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਦੂਜੇ ਪਾਸੇ ਉਹ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਜੋ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ, ਜਿਸ ਦੇ ਇਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
