ਵਿਆਹੁਤਾ ਦੀ ਰਹੱਸਮਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ! ਪੁਲਸ ਨੇ ਚਿਖਾ 'ਚੋਂ ਲਾਸ਼ ਕਢਵਾ ਕੇ ਕੀਤੀ ਸੀ ਜਾਂਚ
Wednesday, Jul 31, 2024 - 03:43 PM (IST)

ਫਿਲੌਰ (ਭਾਖੜੀ)- ਵਿਆਹੁਤਾ ਔਰਤ ਵੱਲੋਂ ਮਰਨ ਤੋਂ ਪਹਿਲਾਂ ਆਪਣੇ ਕਾਤਲਾਂ ਦੇ ਨਾਮ ਪੈੱਨ ਨਾਲ ਆਪਣੀਆਂ ਲੱਤਾਂ ’ਤੇ ਲਿਖਣ ਦਾ ਮਾਮਲਾ, ਜਿਸ ਸਬੰਧੀ ਜਾਂਚ ’ਚ ਪੁਲਸ ਨੇ ਪਾਇਆ ਕਿ ਔਰਤ ਦੀ ਮੌਤ ਹਾਰਟ ਅਟੈਕ ਨਾਲ ਨਹੀਂ, ਸਗੋਂ ਗਲੇ ’ਚ ਰੱਸੀ ਪਾ ਕੇ ਫਾਹਾ ਲੈਣ ਕਾਰਨ ਹੋਈ ਹੈ। ਪੁਲਸ ਨੇ ਔਰਤ ਨੂੰ ਮਰਨ ਲਈ ਮਜਬੂਰ ਕਰਨ ਅਤੇ ਮੌਤ ਤੋਂ ਬਾਅਦ ਸਬੂਤ ਮਿਟਾਉਣ ਦੇ ਦੋਸ਼ ’ਚ ਮ੍ਰਿਤਕਾ ਦੀ ਸੱਸ ਬਖਸ਼ੋ ਅਤੇ ਨਣਦ ਪ੍ਰਵੀਨ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Love Marriage ਕਰਵਾ ਕੇ ਸੁਰੱਖਿਆ ਲੈਣ ਹਾਈ ਕੋਰਟ ਪਹੁੰਚਿਆ ਜੋੜਾ, ਸਵਾਲ ਸੁਣ ਤੁਰੰਤ ਵਾਪਸ ਲਈ ਅਰਜ਼ੀ
ਸੂਚਨਾ ਮੁਤਾਬਕ ਬੀਤੇ ਦਿਨੀਂ ਸਥਾਨਕ ਗੜ੍ਹਾ ਰੋਡ ਦੀ ਰਹਿਣ ਵਾਲੀ ਵਿਆਹੁਤਾ ਔਰਤ ਅਮਨਦੀਪ ਕੌਰ ਦੀ ਪਤਨੀ ਗੋਲੂ ਜੋ 3 ਬੱਚਿਆਂ ਦੀ ਮਾਂ ਸੀ, ਉਸ ਦੀ ਆਪਣੇ ਸਹੁਰੇ ਘਰ ’ਚ ਰਹੱਸਮਈ ਹਾਲਾਤ ’ਚ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਉਸ ਦੀ ਸੱਸ ਅਤੇ ਨਣਦ ਨੇ ਉਸ ਦੇ ਪੇਕੇ ਘਰ ਫੋਨ ਕਰ ਕੇ ਝੂਠੀ ਕਹਾਣੀ ਬਿਆਨ ਕਰ ਦਿੱਤੀ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਸਵੇਰੇ ਹਾਰਟ ਅਟੈਕ ਕਾਰਨ ਹੋ ਗਈ। ਆਪਣੀ ਬਹੂ ਦੀ ਮੌਤ ਦੇ ਝੂਠੇ ਡਰਾਮੇ ਦਾ ਪ੍ਰਚਾਰ ਮੁਹੱਲੇ ਅਤੇ ਗੁਆਂਢ ’ਚ ਵੀ ਕਰ ਦਿੱਤਾ।
ਮ੍ਰਿਤਕਾ, ਜਿਸ ਦੀਆਂ 3 ਭੈਣਾਂ ਹਨ, ਮੌਤ ਦੀ ਖ਼ਬਰ ਸੁਣ ਕੇ ਜਿਉਂ ਹੀ ਫਿਲੌਰ ਪੁੱਜਣ ਲੱਗੀਆਂ, ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਹੁਰਾ ਧਿਰ ਦੇ ਲੋਕਾਂ ਵੱਲੋਂ ਘਟਨਾ ਸਥਾਨ ’ਤੇ ਸਾਰੇ ਸਬੂਤ ਮਿਟਾ ਦਿੱਤੇ ਗਏ। ਮ੍ਰਿਤਕਾ ਦੀ ਸੱਸ ਅਤੇ ਨਣਦ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਅਮਨਦੀਪ ਨੇ ਮਰਨ ਤੋਂ ਪਹਿਲਾਂ ਕਾਲੇ ਰੰਗ ਦੇ ਪੈੱਨ ਨਾਲ ਆਪਣੀਆਂ ਲੱਤਾਂ ’ਤੇ ਕਾਤਲਾਂ ਦੇ ਨਾਂ ਲਿਖੇ ਹੋਏ ਸਨ, ਸਗੋਂ ਮੌਤ ਦੇ ਅਸਲੀ ਕਾਰਨ ਵੀ ਲਿਖੇ ਹੋਏ ਸਨ।
ਜਿਉਂ ਹੀ ਮ੍ਰਿਤਕਾ ਨੂੰ ਸਸਕਾਰ ਕਰਨ ਤੋਂ ਪਹਿਲਾਂ ਔਰਤਾਂ ਕੱਪੜੇ ਉਤਾਰ ਕੇ ਨਹਿਲਾਉਣ ਲੱਗੀਆਂ ਤਾਂ ਉਸ ਦੀ ਲੱਤ ’ਤੇ ਨਾਂ ਲਿਖੇ ਦੇਖ ਕੇ ਰਿਸ਼ਤੇ ਵਿਚ ਲਗਦੀ ਉਸ ਦੀ ਭਾਬੀ ਮਨਪ੍ਰੀਤ ਨੇ ਸਭ ਕੁਝ ਪੜ੍ਹ ਲਿਆ ਤਾਂ ਉਸੇ ਸਮੇਂ ਉਸ ਦੀ ਨਣਦ ਨੇ ਪਾਣੀ ਪਾ ਕੇ ਉਸ ਦੀ ਲੱਤ ’ਤੇ ਲਿਖਿਆ ਸਭ ਕੁਝ ਸਾਫ ਕਰ ਦਿੱਤਾ ਅਤੇ ਜਲਦਬਾਜ਼ੀ ’ਚ ਲਾਸ਼ ਨੂੰ ਕੱਪੜੇ ’ਚ ਲਪੇਟ ਕੇ ਅਰਥੀ ’ਤੇ ਰੱਖ ਕੇ ਸ਼ਮਸ਼ਾਨਘਾਟ ਲੈ ਗਏ। ਜਿਉਂ ਹੀ ਉਥੇ ਚਿਖਾ ’ਤੇ ਲੱਕੜਾਂ ਰੱਖ ਕੇ ਲਾਸ਼ ਨੂੰ ਅੱਗ ਦੇ ਹਵਾਲੇ ਕਰਨ ਲੱਗੇ ਤਾਂ ਮ੍ਰਿਤਕਾ ਦੀਆਂ ਭੈਣਾਂ ਪੁੱਜ ਗਈਆਂ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਭੈਣ ਦੀ ਮੌਤ ਹਾਰਟ ਅਟੈਕ ਨਾਲ ਨਹੀਂ, ਸਗੋਂ ਗਲਾ ਘੁੱਟਣ ਕਾਰਨ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਗਲਾਸ ਧੋਤੇ ਬਿਨਾਂ ਪਾਣੀ ਪੀਣ ਨਾਲ ਚਲੀ ਗਈ ਵਿਅਕਤੀ ਦੀ ਜਾਨ! ਹੈਰਾਨ ਕਰੇਗਾ ਪੂਰਾ ਮਾਮਲਾ
ਉਨ੍ਹਾਂ ਦੇ ਹੰਗਾਮਾ ਕਰਨ ’ਤੇ ਪੁਲਸ ਨੇ ਲੱਕੜਾਂ ਹਟਾ ਕੇ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਉਸ ਦੀ ਨਣਦ ਪ੍ਰਵੀਨ ਅਤੇ ਸੱਸ ਬਖਸ਼ੋ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਘਟਨਾ ਤੋਂ ਪਰਦਾ ਉੱਠਣਾ ਸ਼ੁਰੂ ਹੋ ਗਿਆ।
ਦੋਹਾਂ ਨੇ ਲਗਾਏ ਪ੍ਰੇਮ ਪ੍ਰਸੰਗ ਦੇ ਦੋਸ਼
ਥਾਣਾ ਮੁਖੀ ਇੰਸ. ਸੁਖਦੇਵ ਸਿੰਘ ਦੇ ਪੁੱਛਣ ’ਤੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ’ਚ ਦੋਵਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਗੋਲੂ ਪਿਛਲੇ 2 ਸਾਲਾਂ ਤੋਂ ਵਿਦੇਸ਼ ਗਿਆ ਹੋਇਆ ਹੈ। ਉਹ ਆਪਣੇ ਪਤੀ ਦੀ ਪਿੱਠ ਪਿੱਛੇ ਕਿਸੇ ਹੋਰ ਲੜਕੇ ਨਾਲ ਪ੍ਰੇਮ ਪ੍ਰਸੰਗ ਦੇ ਚੱਕਰ ’ਚ ਪਈ ਹੋਈ ਸੀ। ਉਨ੍ਹਾਂ ਨੇ ਉਸ ਨੂੰ ਬਹੁਤ ਵਾਰ ਰੋਕਿਆ। ਇਸੇ ਗੱਲ ਨੂੰ ਲੈ ਕੇ ਆਮ ਕਰ ਕੇ ਘਰ ’ਚ ਝਗੜਾ ਰਹਿੰਦਾ ਸੀ। ਘਟਨਾ ਦੇ ਦਿਨ ਉਸ ਨੇ ਖੁਦ ਰੱਸੀ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਉਸ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਰਟ ਅਟੈਕ ਦਾ ਝੂਠਾ ਡਰਾਮਾ ਫੈਲਾ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਅਮਨਦੀਪ ਨੂੰ ਮਰਨ ਲਈ ਮਜਬੂਰ ਕਰਨ ਅਤੇ ਮਰਨ ਤੋਂ ਬਾਅਦ ਸਾਰੇ ਸਬੂਤ ਮਿਟਾਉਣ ਦੇ ਦੋਸ਼ ’ਚ ਸੱਸ ਅਤੇ ਨਣਦ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਦਾ 2 ਦਿਨ ਦਾ ਰਿਮਾਂਡ ਮਿਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8